ਸੰਜੀਵ ਸੂਦ
ਲੁਧਿਆਣਾ, 4 ਜੂਨ 2020 - ਵੀਰਵਾਰ ਦੀ ਸਵੇਰ ਲੁਧਿਆਣਾ ’ਚ ਦੋ ਬੱਚਿਆਂ ਸਣੇ ਕੁੱਲ ਛੇ ਜਣੇ ਕੋਰੋਨਾ ਪਾਜ਼ਿਟਿਵ ਪਾਏ ਗਏ। ਇਸ ਦੀ ਪੁਸ਼ਟੀ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਕੀਤੀ। ਲੁਧਿਆਣਾ ਦੇ ਛਾਵਣੀ ਮੁਹੱਲੇ ਦੇ ਜਿਸ 53 ਸਾਲਾ ਪ੍ਰਿਤਪਾਲ ਸਿੰਘ ਦੀ ਬੀਤੀ 29 ਮਈ ਨੂੰ ਕੋਰੋਨਾ ਕਾਰਨ ਮੌਤ ਹੋ ਗਈ ਸੀ, ਉਸ ਦਾ 19 ਸਾਲਾ ਪੋਤਰਾ ਵੀ ਅੱਜ ਪਾਜ਼ਿਟਿਵ ਪਾਏ ਗਏ 6 ਜਣਿਆਂ ਵਿੱਚ ਸ਼ਾਮਲ ਹੈ। ਹੁਣ ਤੱਕ ਛਾਵਣੀ ਮੁਹੱਲੇ ’ਚੋਂ 10 ਕੋਰੋਨਾ ਮਰੀਜ਼ ਪਾਏ ਜਾ ਚੁੱਕੇ ਹਨ।
ਇਸ ਤੋਂ ਇਲਾਵਾ ਮਾਨੇਸਰ ਤੋਂ ਬੀਤੀ 20 ਮਈ ਨੂੰ ਦਿੱਲੀ ਲਾਗੇ ਸਥਿਤ ਮਾਨੇਸਰ ਤੋਂ ਖੰਨਾ ਲਾਗਲੇ ਪਿੰਡ ਬਾਊਪੁਰ (ਮਨੂਪੁਰ) ਪਰਤਿਆ ਜਿਹੜਾ ਵਿਅਕਤੀ ਪਹਿਲਾਂ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਸੀ, ਉਸ ਦੇ ਸੰਪਰਕ ਵਿੱਚ ਆਏ ਚਾਰ ਜਣਿਆਂ ਨੂੰ ਵੀ ਕੋਰੋਨਾ–ਵਾਇਰਸ ਦੀ ਲਾਗ ਲੱਗ ਗਈ ਹੈ। ਇਨ੍ਹਾਂ ਵਿੱਚ 57 ਸਾਲਾਂ ਦੀ ਇੱਕ ਔਰਤ, 24 ਸਾਲਾ ਨੌਜਵਾਨ, 14 ਸਾਲਾ ਲੜਕਾ ਤੇ ੫ ਸਾਲਾਂ ਦਾ ਇੱਕ ਬੱਚਾ ਸ਼ਾਮਲ ਹਨ।
ਕੱਲ੍ਹ ਪੰਜਾਬ ’ਚ 27 ਨਵੇਂ ਕੋਰੋਨਾ ਮਰੀਜ਼ਾਂ ਦੀ ਸ਼ਨਾਖ਼ਤ ਹੋਈ ਸੀ। ਸੂਬੇ ਵਿੱਚ ਹੁਣ ਤੱਕ ਕੋਰੋਨਾ–ਵਾਇਰਸ 48 ਵਿਅਕਤੀਆਂ ਦੀ ਜਾਨ ਲੈ ਚੁੱਕਾ ਹੈ।