ਹਰੀਸ਼ ਕਾਲੜਾ
ਰੂਪਨਗਰ, 31 ਜੁਲਾਈ 2020 - ਕੋਵਿਡ-19 ਦੇ ਚੱਲਦਿਆਂ ਮਿਸ਼ਨ ਫਤਿਹ ਦੀ ਕਾਮਯਾਬੀ ਲਈ ਸਿਵਲ ਸਰਜਨ ਰੂਪਨਗਰ ਡਾ. ਐਚ.ਐਨ.ਸ਼ਰਮਾ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਦੱਸਿਆ ਕਿ ਕੋਰੋਨਾ ਦੀ ਬੀਮਾਰੀ ਕਾਰਨ ਸਵਰਗਵਾਸ ਹੋਏ ਵਿਅਕਤੀਆਂ ਦੀ ਮੋਤ ਦੇ ਕਾਰਣਾਂ ਦੀ ਘੋਖ ਕਰਨ ਤੇ ਪਤਾ ਲੱਗਾ ਹੈ ਕਿ ਮੋਤ ਦਾ ਕਾਰਨ ਕੋਰੋਨਾਂ ਦੀ ਸਮੇਂ ਸਿਰ ਜਾਂਚ ਨਾ ਕਰਵਾਉਣਾ ਅਤੇ ਹਸਪਤਾਲ ਵਿੱਚ ਜਾਣ ਲਈ ਦੇਰੀ ਕਰਨਾ ਹੈ। ਜਿਆਦਾਤਰ ਮੋਤਾਂ ਖੂਨ ਵਿੱਚ ਆਕਸੀਜਨ ਦੀ ਕਮੀ ਕਾਰਨ ਪੈਦਾ ਹੋਈਆਂ ਪੇਚੀਦਗੀਆਂ ਕਰਕੇ ਹੋਈਆਂ ਹਨ।
ਇਸ ਲਈ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਜੇਕਰ ਉਹਨਾਂ ਨੂੰ ਖਾਂਸੀ, ਜੁਕਾਮ, ਬੁਖਾਰ, ਜਾਂ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ ਤਾਂ ਉਹ ਆਪਣਾ ਕੋਰੋਨਾਂ ਦਾ ਟੈਸਟ ਕਰਵਾਉਣ। ਆਪਣੇ ਆਪ ਨੂੰ ਇਕਾਂਤਵਾਸ ਵਿੱਚ ਰੱਖਣ ਅਤੇ ਆਕਸੀਮੀਟਰ ਰਾਹੀਂ ਘੱਟੋ-ਘੱਟ ਦਿਨ ਵਿੱਚ ਦੋ ਵਾਰੀ ਆਕਸੀਜਨ ਲੈਵਲ ਚੈਕ ਕਰਨ ਜੋ ਕਿ 95% ਤੋਂ ਘੱਟ ਨਹੀਂ ਹੋਣਾਂ ਚਾਹੀਦਾ।
ਜਿਹੜੇ ਵਿਅਕਤੀ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹਨ, ਜਿੰਨ੍ਹਾਂ ਦੀ ਉਮਰ 60 ਸਾਲ ਤੋ ਜਿਆਦਾ ਹੈ ਉਹਨਾਂ ਨੂੰ ਇਸਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ, ਕਿਉਂਕਿ ਉਹਨਾਂ ਲਈ ਕੋਰੋਨਾਂ ਦੀ ਬੀਮਾਰੀ ਜਿਆਦਾ ਘਾਤਕ ਸਿੱਧ ਹੋ ਸਕਦੀ ਹੈ।ਕੋਰੋਨਾ ਦਾ ਟੈਸਟ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਜੇਕਰ ਕਿਸੇ ਵਿਅਕਤੀ ਦੀ ਉਮਰ 60 ਸਾਲ ਤੋਂ ਘੱਟ ਹੈ ਅਤੇ ਉਸਨੂੰ ਗੰਭੀਰ ਲੱਛਣ ਨਹੀਂ ਹਨ ਤਾਂ ਉਹ ਕੋਰੋਨਾਂ ਪਾਜਿਟਿਵ ਆਉਣ ਤੇ ਘਰ ਵਿੱਚ ਇਕਾਂਤਵਾਸ ਕਰ ਸਕਦੇ ਹਨ।ਨੱਕ, ਕੰਨ, ਮੂੰਹ ਨੂੰ ਛੂਹਣ ਤੋਂ ਪਹਿਲਾਂ ਹੱਥਾਂ ਨੂੰ ਸਾਬਣ ਨਾਲ ਧੋਵੋ ਜਾਂ ਸੈਨੇਟਾਇਜ ਕਰੋ ਅਤੇ ਆਪਸ ਵਿੱਚ ਘੱਟ ਤੋਂ ਘੱਟ 2 ਗਜ ਦੀ ਦੂਰੀ ਬਣਾਂ ਕੇ ਰੱਖੋ ਤੇ ਮਾਸਕ ਪਾ ਕੇ ਹੀ ਘਰ ਤੋਂ ਹੀ ਬਾਹਰ ਨਿਕਲੇ।
ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਡਾ. ਭੀਮ ਸੈਨ ਐਪੀਡੀਮਾਲੋਜਿਸਟ ਅਤੇ ਡਾ.ਰਜੀਵ ਅਗਰਵਾਲ ਮੈਡੀਕਲ ਸਪੈਸ਼ਲਿਸਟ ਸਿਵਲ ਹਸਪਤਾਲ ਰੂਪਨਗਰ ਜੋ ਕਿ ਕੁੱਝ ਦਿਨ ਪਹਿਲਾਂ ਕੋਰੋਨਾ ਪਾਜਿਟਿਵ ਪਾਏ ਗਏ ਸਨ, ਹੁਣ ਸਿਹਤਯਾਬ ਹੋ ਕੇ ਮੁੜ ਤੋ ਲੋਕਾਂ ਦੀ ਸੇਵਾ ਹਿੱਤ ਡਿਊਟੀ ਤੇ ਪਰਤ ਆਏ ਹਨ।