ਫਿਰੋਜ਼ਪੁਰ 1 ਅਗਸਤ 2020 - ਪੰਜਾਬ ਸਰਕਾਰ ਵੱਲੋਂ ਚਲਾਏ ਗਏ ਮਿਸ਼ਨ ਫਤਿਹ ਤਹਿਤ ਸਿਵਲ ਸਰਜਨ ਫਿਰੋਜ਼ਪੁਰ ਡਾ. ਜੁਗਲ ਕਿਸ਼ੋਰ ਦੀ ਅਗਵਾਈ ਵਿਚ ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਜਿੱਥੇ ਕੋਰੋਨਾ ਦੇ ਸੰਕਰਮਣ ਨੂੰ ਠੱਲ੍ਹ ਪਾਉਣ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ, ਉੱਥੇ ਹੀ ਗਾਈਨੋਲੋਜਿਸਟ ਡਾ. ਪੂਜਾ ਤੇ ਡਾ. ਰਿਚਾ ਧਵਨ ਵੱਲੋਂ ਕੋਵਿਡ-19 ਮਹਾਮਾਰੀ ਦੇ ਦੌਰਾਨ ਕਰੋਨਾ ਮਹਾਂਮਾਰੀ ਤੋਂ ਪੀੜਤ ਗਰਭਵਤੀ ਔਰਤਾਂ ਦਾ ਇਲਾਜ ਪੂਰੀ ਸਾਂਭ ਸੰਭਾਲ ਨਾਲ ਕੀਤਾ ਜਾ ਰਿਹਾ ਹੈ ਤਾਂ ਜੋ ਇਨ੍ਹਾਂ ਔਰਤਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ। ਗਾਈਨੋਲੋਜਿਸਟ ਡਾ. ਪੂਜਾ ਤੇ ਡਾ. ਰਿਚਾ ਧਵਨ ਨੇ ਕੋਰੋਨਾ ਦੇ ਕੋਰੋਨਾ ਪੋਜੇਟਿਵ ਗਰਭਵਤੀ ਔਰਤਾਂ ਦੀ ਸੁਰਖਿਅਤ ਡਿਲੀਵਰੀ ਅਤੇ ਉਨ੍ਹਾਂ ਕੀਤੇ ਗਏ ਯੋਗ ਪ੍ਰਬੰਧਾਂ ਬਾਰੇ ਬੋਲਦਿਆਂ ਕਿਹਾ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਹੁਣ ਤੱਕ 14 ਕੋਵਿਡ-19 ਪੋਜੇਟਿਵ ਗਰਭਵਤੀ ਔਰਤਾਂ ਆਈਆਂ ਹਨ, ਜਿਨ੍ਹਾਂ ਵਿੱਚੋਂ 7 ਗਰਭਵਤੀ ਔਰਤਾਂ ਨੂੰ ਠੀਕ ਕਰਕੇ ਘਰ ਭੇਜ ਦਿੱਤਾ ਗਿਆ ਹੈ।
ਇਨ੍ਹਾਂ ਨੂੰ ਡਿਸਟਚਾਰਜ ਕਰਨ ਮੌਕੇ ਕੋਵਿਡ-19 ਵਾਰਡ ਦਾ ਫੋਨ ਨੰਬਰ ਸਬੰਧਿਤ ਮਰੀਜ਼ ਨੂੰ ਦਿੱਤਾ ਗਿਆ ਹੈ ਤਾਂ ਜੋ ਜੇਕਰ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਆਵੇ ਤਾਂ ਉਹ ਇਸ ਫੋਨ ਨੰਬਰ ਤੇ ਕਾਲ ਕਰ ਸਕਦੇ ਹਨ ਤੇ ਹਸਪਤਾਲ ਆ ਕੇ ਆਪਣਾ ਇਲਾਜ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜਿਹੜੇ 7 ਗਰਭਵਤੀ ਔਰਤਾਂ ਹਸਪਤਾਲ ਵਿਚ ਦਾਖਿਲ ਹਨ, ਉਨ੍ਹਾਂ ਵਿੱਚੋਂ 5 ਗਰਭਵਤੀ ਔਰਤਾਂ ਜਣੇਪੇ ਦੇ ਨਜ਼ਦੀਕ ਹਨ, ਇਨ੍ਹਾਂ ਗਰਭਵਤੀ ਔਰਤਾਂ ਦੀ ਸਹੂਲਤ ਲਈ ਆਈਸੋਲੇਟੇਡ ਸੁਵਿਧਾ ਜਿਵੇਂ ਕਿ ਐਮਰਜੈਂਸੀ ਲੇਬਰ ਰੂਮ, ਐਮਰਜੈਂਸੀ ਓਟੀ ਅਤੇ ਟਰੇਨਡ ਸਟਾਫ ਦੀ ਸੁਵਿਧਾ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਮਰੀਜ਼ ਨੂੰ ਡਿਲੀਵਰੀ ਦੀ ਐਮਰਜੈਂਸੀ ਲੋੜ ਪੈਂਦੀ ਹੈ ਤਾਂ ਉਹ ਸਾਡੇ ਸਟਾਫ ਦੀ ਟਰੇਨਡ ਟੀਮ 24 ਘੰਟੇ ਲਈ ਤਿਆਰ-ਬਰ-ਤਿਆਰ ਹੈ। ਜੇਕਰ ਕੋਈ ਆਪ੍ਰੇਸ਼ਨ ਦੀ ਸੁਵਿਧਾ ਦੀ ਲੋੜ ਪੈਂਦੀ ਹੈ ਤਾਂ ਉਹ ਵੀ ਪੂਰਾ ਬੰਦੋਬਸਤ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸਬੰਧਿਤ ਮਰੀਜ਼ ਨੂੰ ਹਸਪਤਾਲ ਵਿਚ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ, ਜਿਵੇਂ ਕਿ ਐਂਟੀਨੈਟਲ ਟੈਸਟ, ਖੂਨ ਦੇ ਟੈਸਟ, ਸੂਗਰ, ਪਿਸਾਬ, ਕਾਲੇ ਪੀਲੀਏ ਦਾ ਟੈਸਟ, ਅਲਟਰਾਸਾਊਂਡ ਦੀ ਸਹੂਲਤ ਫਰੀ ਦਿੱਤੀ ਜਾ ਰਹੀ ਹੈ ਤੇ ਰੋਜ਼ਾਨਾ ਦਵਾਈਆਂ ਵੀ ਫਰੀ ਦਿੱਤੀਆਂ ਜਾ ਰਹੀਆਂ ਹਨ, ਜੋਕਿ ਜੱਚਾ ਅਤੇ ਬੱਚਾ ਦੋਵਾਂ ਦੀ ਸਿਹਤ ਲਈ ਲਾਹੇਵੰਤ ਹਨ। ਮਾਂ ਨੂੰ ਪੂਰੀ ਡਾਈਟ ਜਿਵੇਂ ਕਿ ਆਇਰਨ, ਕੈਲਸ਼ੀਅਮ, ਪ੍ਰੋਟੀਨ ਪਾਊਡਰ ਆਦਿ ਦਿੱਤੇ ਜਾ ਰਹੇ ਹਨ। ਬੱਚੇ ਦੇ ਜਨਮ ਤੋਂ ਬਾਅਦ ਨਵਜਾਤ ਸਿਸ਼ੂ ਲਈ ਵੀ ਪੂਰੇ ਪ੍ਰਬੰਧ ਕੀਤੇ ਗਏ ਹਨ, ਸਪੈਸ਼ਲ ਸਟਾਫ ਤੇ ਡਾਕਟਰ ਪੂਰੀ ਤਰ੍ਹਾ ਤਿਆਰ ਹਨ ਤਾਂ ਜੋ ਮਰੀਜ਼ ਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋਂ ਪਹਿਲਾ ਮੈਡੀਕਲ ਸਪੈਸਲਿਸਟ ਡਾ. ਗੁਰਮੇਜ ਰਾਮ ਗੋਰਾਇਆ ਨੇ ਦੱਸਿਆ ਕਿ ਐੱਸਐੱਮਓ ਇੰਚਾਰਜ ਸਿਵਲ ਹਸਪਤਾਲ ਫਿਰੋਜ਼ੁਪਰ ਡਾ. ਪ੍ਰਦੀਪ ਮਹਿੰਦਰਾ ਦੀ ਕੋਵਿਡ ਟੀਮ ਕਰੋਨਾ ਦੇ ਮਰੀਜ਼ਾਂ ਦਾ ਇਲਾਜ ਕਰਨ ਤੇ ਕੋਰੋਨਾ ਦਾ ਖਾਤਮਾ ਕਰਨ ਲਈ ਅਣਥੱਕ ਮਿਹਨਤ ਕਰ ਰਹੀ ਹੈ।
ਉਨ੍ਹਾਂ ਦੱਸਿਆ ਕਿ ਸਾਡੇ ਕੋਲ ਹੁਣ ਤੱਕ 300 ਦੇ ਲਗਭਗ ਕੋਰੋਨਾ ਦੇ ਪੋਜੇਟਿਵ ਮਰੀਜ਼ ਦਾਖਲ ਹੋ ਚੁੱਕੇ ਹਨ ਜਿਨ੍ਹਾਂ ਵਿੱਚੋਂ 100 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਤੇ ਜਿਆਦਾਤਰ ਮਰੀਜ ਠੀਕ ਹੋ ਕੇ ਘਰ ਜਾ ਚੁੱਕੇ ਹਨ। ਇਨ੍ਹਾਂ ਵਿੱਚੋਂ 3, 4 ਮਰੀਜ਼ਾਂ ਨੂੰ ਨਮੋਨੀਆ ਸੀ, ਉਨ੍ਹਾਂ ਦੀ ਆਕਸੀਜਨ ਸੈਚੂਲੇਸ਼ਨ ਘੱਟ ਰਹੀ ਸੀ ਜਿਸ ਨੂੰ ਦੇਖਦਿਆਂ ਸਾਡੀ ਸਮੁੱਚੀ ਟੀਮ ਵੱਲੋਂ ਉਨ੍ਹਾਂ ਨੂੰ ਠੀਕ ਕਰਕੇ ਘਰ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਚੇਨ ਤੋੜਨ ਲਈ ਸਾਨੂੰ ਲਾਪਰਵਾਰੀ ਛੱਡ ਕੇ ਜਾਗਰੂਕ ਹੋਣ ਦੀ ਲੋੜ ਹੈ। ਜਿਸ ਲਈ ਵਿਭਾਗ ਵੱਲੋਂ ਜਾਰੀ ਹਦਾਇਤਾਂ ਨੂੰ ਅਪਣਾਉਣਾ ਹੀ ਸਿਆਣਪ ਹੈ, ਬਹੁਤ ਜ਼ਰੂਰੀ ਕੰਮ ਹੋਣ ਤੇ ਹੀ ਘਰੋਂ ਬਾਹਰ ਜਾਓ ਤੇ ਬਾਹਰ ਜਾਣ ਲੱਗਿਆ ਸਾਵਧਾਨੀਆਂ ਵਰਤੋ। ਇਸ ਮੌਕੇ ਸਕਿਨ ਸਪੈਸਲਿਸਟ-ਕਮ-ਨੋਡਲ ਅਫਸਰ ਆਰਆਰਟੀ ਡਾ. ਨਵੀਨ ਸੇਠੀ, ਡੈਂਟਲ ਸਪੈਸਲਿਸਟ ਡਾ. ਪੰਕਜ, ਚੈਸਟ ਸਪੈਸਲਿਸਟ ਡਾ. ਸਤਿੰਦਰ ਕੌਰ ਵੀ ਹਾਜ਼ਰ ਸਨ।