ਪਰਵਿੰਦਰ ਸਿੰਘ ਕੰਧਾਰੀ
- ਫਰੀਦਕੋਟ ਜ਼ਿਲ੍ਹੇ 'ਚ 18 ਹੋਰ ਕੋਰੋਨਾ ਪਾਜ਼ੀਟਿਵ ਆਏ
- 10 ਪੁਰਸ਼, 7 ਔਰਤਾਂ ਅਤੇ 1 ਬੱਚਾ ਕੋਰੋਨਾ ਦੀ ਲਪੇਟ ਵਿੱਚ
- ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰੋ - ਸਿਵਲ ਸਰਜਨ
ਫਰੀਦਕੋਟ, 8 ਅਗਸਤ 2020 - ਮਿਸ਼ਨ ਫਤਿਹ ਤਹਿਤ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ,ਆਈ.ਏ.ਐਸ ਅਤੇ ਸਿਵਲ ਸਰਜਨ ਡਾ.ਰਜਿੰਦਰ ਕੁਮਾਰ ਨੇ ਕੋਰੋਨਾ ਦੀ ਚੇਨ ਨੂੰ ਤੋੜਨ ਲਈ ਲੋਕਾਂ ਨੂੰ ਸ਼ੱਕ ਦੂਰ ਕਰਨ ਲਈ ਬਿਨਾਂ ਕਿਸੇ ਡਰ ਤੋਂ ਕੋਰੋਨਾ ਸੈਂਪਲਿੰਗ ਕਰਵਾਉਣ ਅਤੇ ਜ਼ਿਲ੍ਹਾ ਪ੍ਰਸਾਸ਼ਨ ਅਤੇ ਸਿਹਤ ਵਿਭਾਗ ਨੂੰ ਸਹਿਯੋਗ ਦੇਣ ਦੀ ਪੁਰਜੋਰ ਅਪੀਲ ਕੀਤੀ ਤਾਂ ਜੋ ਜਲਦ ਤੋਂ ਜਲਦ ਫਰੀਦਕੋਟ ਜ਼ਿਲ੍ਹੇ ਨੂੰ ਕੋਰੋਨਾ ਮਹਾਮਾਰੀ ਤੋਂ ਮੁਕਤ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਕੋਰੋਨਾ ਦੀ ਰੋਕਥਾਮ ਲਈ ਸਾਵਧਾਨੀਆਂ ਤੇ ਬਚਾਅ ਸਬੰਧੀ ਆਮ ਜਨਤਾ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਪਰ ਕੋਰੋਨਾ ਦਾ ਕਹਿਰ ਨਿਰੰਤਰ ਜਾਰੀ ਹੈ ਅਤੇ ਹਰ ਦਿਨ ਕੋਰੋਨਾ ਦੇ ਨਵੇਂ ਮਾਮਲੇ ਸਾਹਮਾਣੇ ਆਉਣਾ ਖਤਰੇ ਦੀ ਘੰਟੀ ਹੈ। ਉਨ੍ਹਾਂ ਲਾਪਰਵਾਹੀ ਛੱਡਕੇ ਸਰਕਾਰ ਵੱਲੋਂ ਜਾਰੀ ਅਡਵਾਇਜ਼ਰੀਆਂ ਤੇ ਹਦਾਇਤਾਂ ਦੀ ਪਾਲਣਾ ਕਰਨ ਦੀ ਗੱਲ ਵੀ ਕਹੀ। ਅੱਜ ਪ੍ਰਾਪਤ ਹੋਈਆਂ ਰਿਪੋਰਟਾਂ ਵਿੱੱਚ ਜ਼ਿਲ੍ਹਾ ਫਰੀਦਕੋਟ ਨਾਲ ਸਬੰਧਤ 18 ਕੇਸਾਂ ਦੀ ਕੋਰੋਨਾ ਪਾਜ਼ੀਟਿਵ ਵੱਜੋਂ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿੱਚ ਜੈਤੋ ਨਾਲ ਸਬੰਧਤ 2 ਕੇਸ, ਕੋਟਕਪੂਰਾ ਦੇ ਰਹਿਣ ਵਾਲੇ 3 ਵਿਅਕਤੀ, ਫਰੀਦਕੋਟ ਸ਼ਹਿਰ ਦੇ 5 ਮਾਮਲੇ, ਪਿੰਡ ਰਣ ਸਿੰਘ ਵਾਲਾ ਦੇ 4 ਵਿਅਕਤੀ, ਪਿੰਡ ਢਿਲਵਾਂ ਕਲਾਂ ਦੇ 3 ਕੇਸ ਅਤੇ ਪਿੰਡ ਰੋਮਾਣਾ ਅਜੀਤ ਸਿੰਘ ਦਾ 1 ਕੇਸ ਸ਼ਾਮਿਲ ਹੈ।
ਸਿਵਲ ਸਰਜਨ ਡਾ.ਰਜਿੰਦਰ ਕੁਮਾਰ ਅਤੇ ਕੋਵਿਡ-19 ਦੇ ਜ਼ਿਲ੍ਹਾ ਨੋਡਲ ਅਫਸਰ ਡਾ.ਮਨਜੀਤ ਕ੍ਰਿਸ਼ਨ ਭੱਲਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ 16723 ਸੈਂਪਲ ਲਏ ਗਏ ਹਨ। ਜਿਨ੍ਹਾਂ ਵਿੱਚੋਂ 15697 ਰਿਪੋਰਟਾਂ ਨੈਗੇਟਿਵ ਪ੍ਰਾਪਤ ਹੋਈਆਂ ਹਨ, 432 ਰਿਪੋਰਟਾਂ ਦੇ ਨਤੀਜੇ ਆਉਣੇ ਬਾਕੀ ਹਨ, ਇਸ ਮੌਕੇ ਜ਼ਿਲ੍ਹਾ ਐਪੀਡਿਮੋਲੋਜਿਸਟ ਡਾ.ਵਿਕਰਮਜੀਤ ਸਿੰਘ, ਡਾ.ਅਨੀਤਾ ਚੌਹਾਨ ਅਤੇ ਮੀਡੀਆ ਇੰਚਾਰਜ ਡਾ.ਪ੍ਰਭਦੀਪ ਸਿੰਘ ਚਾਵਲਾ ਨੇ ਜਾਣਕਾਰੀ ਦਿੱਤੀ ਕਿ ਜ਼ਿਲ੍ਹੇ ਅੰਦਰ ਕੋਰੋਨਾ ਦੇ ਕੁੱਲ ਕੇਸ 380 ਹੋ ਗਏ ਹਨ, ਜਦ ਕੇ ਐਕਟਿਵ ਕੇਸ 89 ਹਨ ਅੱਜ 7 ਮਰੀਜ਼ਾਂ ਨੂੰ ਕੋਰੋਨਾ ਤੋਂ ਸਿਹਤਯਾਬ ਹੋਣ ਤੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਕੋਰੋਨਾ ਪਾਜ਼ੀਟਿਵ ਆਏ ਮਰੀਜ਼ਾਂ ਦੇ ਸਪੰਰਕ ਵਿੱਚ ਆਏ ਵਿਅਕਤੀਆਂ ਅਤੇ ਪਰਵਾਰਕ ਮੈਂਬਰਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਦੇ ਵੀ ਕੋਰੋਨਾ ਸੈਂਪਲ ਜਲਦ ਤੋਂ ਜਲਦ ਇਕੱਤਰ ਕਰਕੇ ਜਾਂਚ ਲਈ ਲੈਬ ਵਿੱਚ ਭੇਜੇ ਜਾ ਸਕਣ।ਕੋਰੋਨਾ ਦੀ ਰੋਕਥਾਮ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਕੋਰੋਨਾ ਦੇ ਲੱਛਣ,ਬਚਾਅ ਅਤੇ ਸਾਵਧਾਨੀਆਂ ਸਬੰਧੀ ਅਨਊਂਸਮੈਂਟ ਕਰਵਾਈ ਜਾ ਰਹੀ ਹੈ ਅਤੇ ਜਨਤਕ ਸਥਾਨਾਂ ਤੇ ਪਰਚੇ ਤਕਸੀਮ ਅਤੇ ਜਾਗਰੂਕਤਾ ਬੋਰਡ ਵੀ ਪ੍ਰਦਰਸ਼ਿਤ ਕੀਤੇ ਜਾ ਰਹੇ ਹਨ,ਜ਼ਿਲ੍ਹੇ ਵਿਚ ਸਿਹਤ ਸੰਸਥਾਵਾਂ ਵਿਖੇ ਫਲੂ ਕਾਰਨਰ ਫਰੀਦਕੋਟ,ਕੋਟਕਪੂਰਾ,ਜੈਤੋ, ਬਾਜਾਖਾਨਾ,ਸਾਦਿਕ ਵਿਖੇ ਚੱਲ ਰਹੇ ਹਨ।ਕੋਈ ਵੀ ਕੋਰੋਨਾ ਦਾ ਸ਼ੱਕ ਦੂਰ ਕਰਨ ਲਈ ਨੇੜੇ ਦੇ ਫਲੂ ਕਾਰਨਰ ਤੇ ਕੋਰੋਨਾ ਦਾ ਸੈਂਪਲ ਦੇ ਸਕਦਾ ਹੈ।ਕਿਸੇ ਵੀ ਕਿਸਮ ਦੀ ਜਾਣਕਾਰੀ ਹਾਸਲ ਕਰਨ ਲਈ ਟੋਲ-ਫਰੀ ਨੰਬਰ 104 ਅਤੇ ਕੰਟਰੋਲ ਰੂਮ ਨੰਬਰ 01639-250947 ਤੇ ਸੰਪਰਕ ਕੀਤਾ ਜਾ ਸਕਦਾ ਹੈ।ਉਨ੍ਹਾਂ ਪੰਜਾਬ ਸਰਕਾਰ ਦੁਆਰਾ ਚਲਾਇਆ ਕੋਵਾ ਪੰਜਾਬ ਐਪ ਡਾਊਨਲੋਡ ਕਰਨ ਦੀ ਵੀ ਸਲਾਹ ਦਿੱਤੀ।