ਅਸ਼ੋਕ ਵਰਮਾ
ਬਠਿੰਡਾ, 21 ਅਗਸਤ 2020 - ਬਠਿੰਡਾ ਜ਼ਿਲ੍ਹੇ ’ਚ ਕੋਰੋਨਾ ਵਾਇਰਸ ਦੇ 231 ਨਵੇਂ ਮਾਮਲੇ ਸਾਹਮਣੇ ਆਏ ਹਨ ਜੋ ਕਿ ਹੁਣ ਤੱਕ ਦਾ ਰਿਕਾਰਡ ਮੰਨਿਆ ਜਾ ਰਿਹਾ ਹੈ। ਓਧਰ ਡਿਪਟੀ ਕਮਿਸ਼ਨਰ ਦੇ ਪੀਏ ਦੀ ਰਿਪੋਰਟ ਪਾਜ਼ੀਟਿਵ ਆਉਣ ਨਾਲ ਇੱਕ ਵਾਰ ਫਿਰ ਤੋਂ ਪ੍ਰਸ਼ਾਸ਼ਨ ’ਚ ਭੈਅ ਦਾ ਮਹੌਲ ਹੈ। ਡਿਪਟੀ ਕਮਿਸ਼ਨਰ ਬੀ ਸ਼੍ਰੀਨਿਵਾਸਨ ਨੇ ਖੁਦ ਨੂੰ ਇੱਕ ਵਾਰ ਫਿਰ ਤੋਂ ਇਕਾਂਤਵਾਸ ਕਰ ਲਿਆ ਹੈ।
ਡੀਸੀ ਨੇ ਆਪਣਾ ਸੈਂਪਲ ਦੇ ਕੇ ਜਾਂਚ ਵੀ ਕਰਵਾਈ ਤਾਂ ਉਨਾਂ ਦੀ ਰਿਪੋਰਟ ਨੈਗੇਟਿਵ ਆਈ ਸੀ। ਪੀਏ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਹੁਣ ਦੁਬਾਰਾ ਸੈਂਪਲ ਦੇ ਕੇ ਜਾਂਚ ਲਈ ਭੇਜਿਆ ਜਾਵੇਗਾ। ਸਿਵਲ ਹਸਪਤਾਲ ਬਠਿੰਡਾ ‘ਚ ਸਥਿਤ ਰੈਡ ਕਰਾਸ ਮੈਡੀਕਲ ਸਟੋਰ ਅਤੇ ਸਿਹਤ ਵਿਭਾਗ ਦੇ ਸਰਕਾਰੀ ਜਨਔਸ਼ਧੀ ਕੇਂਦਰ ਵਿਚ ਕੰਮ ਕਰਨ ਵਾਲੇ ਕਰਮਚਾਰੀ ਵੀ ਕੋਰੋਨਾ ਦੀ ਲਪੇਟ ‘ਚ ਆ ਗਏ ਹਨ। ਇਸ ਤੋਂ ਬਾਅਦ ਦੋਵੇਂ ਮੈਡੀਕਲ ਸਟੋਰ ਬੰਦ ਕਰ ਦਿੱਤੇ ਹਨ। ਇੱਥੇ ਕੰਮ ਕਰਨ ਵਾਲੇ ਮੁਲਾਜਮਾਂ ਨੂੰ ਕੁਆਰੰਟੀਨ ਕਰਕੇ ਉਨਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ।
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਬੀ. ਸ਼੍ਰੀਨਿਵਾਸਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਅੰਦਰ ਕੋਵਿਡ-19 ਤਹਿਤ 30091 ਸੈਂਪਲ ਲਏ ਗਏ, ਜਿਨਾਂ ਵਿਚੋਂ ਕੁੱਲ 1832 ਪਾਜੀਟਿਵ ਕੇਸ ਆਏ, ਇਨ੍ਹਾਂ ਵਿਚੋਂ 849 ਕਰੋਨਾ ਪੀੜਤ ਵਿਅਕਤੀ ਠੀਕ ਹੋ ਕੇ ਆਪੋ-ਆਪਣੇ ਘਰ ਪਰਤ ਗਏ। ਉਨਾਂ ਇਹ ਵੀ ਦੱਸਿਆ ਕਿ ਇਸ ਸਮੇਂ ਜ਼ਿਲੇ ’ਚ ਕੁੱਲ 705 ਕੇਸ ਐਕਟਿਵ ਹਨ ਤੇ 255 ਕੇਸ ਹੋਰ ਜ਼ਿਲ੍ਹਿਆ ਵਿੱਚ ਸ਼ਿਫਟ ਹੋ ਚੁੱਕੇ ਹਨ। ਇਸ ਤੋਂ ਇਲਾਵਾ ਹੁਣ ਤੱਕ ਜ਼ਿਲ੍ਹੇ ਅੰਦਰ 23 ਕੋਰੋਨਾ ਪ੍ਰਭਾਵਿਤ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਡਿਪਟੀ ਕਮਿਸ਼ਨਰ ਨੇ ਅੱਗੇ ਹੋਰ ਦੱਸਿਆ ਕਿ ਬੀਤੇ 24 ਘੰਟਿਆਂ ਦੌਰਾਨ ਪਾਜੀਟਿਵ 231, ਨੈਗੇਟਿਵ 260 ਤੇ ਕੋਰੋਨਾ ਪ੍ਰਭਾਵਿਤ 53 ਮਰੀਜ਼ ਠੀਕ ਹੋਣ ਉਪਰੰਤ ਆਪੋ ਆਪਣੇ ਘਰ ਵਾਪਸ ਪਰਤੇ ਗਏ।