ਅਸ਼ੋਕ ਵਰਮਾ
ਬਠਿੰਡਾ, 23 ਅਗਸਤ 2020 - ਡਿਪਟੀ ਕਮਿਸ਼ਨਰ ਬੀ.ਸ੍ਰੀਨਿਵਾਸਨ ਨੇ ਦੱਸਿਆ ਕਿ ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਵੱਲੋਂ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀਆਂ ਸਹੂਲਤਾਂ ਤੇ ਉਨ੍ਹਾਂ ਦੀ ਮਨੋਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਅਜਿਹੇ ਮਰੀਜ਼ਾਂ ਦੇ ਘਰ ’ਚ ਇਕਾਂਤਵਾਸ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਲਈ ਪ੍ਰਕਿਰਿਆ ਨਿਰਧਾਰਿਤ ਕਰਕੇ ਕਰਮਚਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਜੋ ਕਿ ਕੋਰੋਨਾ ਦੇ ਲੱਛਣਾਂ ਵਾਲੇ ਸ਼ੱਕੀ ਮਰੀਜ਼ਾਂ ਦੀ ਰਿਪੋਰਟ ਆਉਣ ਦੇ ਸਮੇਂ ਤੋਂ ਲੈ ਕੇ ਠੀਕ ਹੋਣ ਤੱਕ ਹਰ ਸਹਾਇਤਾ ਲਈ ਹਰ ਸਮੇਂ ਤਿਆਰ ਰਹਿਣਗੇ।
ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਵਿੱਚ ਮਰੀਜ਼ਾਂ ਦੀਆਂ ਲੋੜਾਂ ਲਈ ਵਿਸ਼ੇਸ਼ ਕੋਵਿਡ ਕਾਲ ਸੈਂਟਰ ਸਥਾਪਿਤ ਕੀਤਾ ਗਿਆ ਹੈ ਜੋ ਕਿ ਰੋਜ਼ਾਨਾ ਕਰੋਨਾ ਪਾਜ਼ਿਟਿਵ ਆਉਣ ਵਾਲੇ ਮਰੀਜ਼ਾਂ ਨਾਲ ਸੰਪਰਕ ਵਿਚ ਰਹੇਗਾ। ਇਸ ਤੋਂ ਇਲਾਵਾ ਸਿਵਲ ਹਸਪਤਾਲ ਬਠਿੰਡਾ ਵਿਖੇ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਜੋ ਕਿ ਮਰੀਜ਼ਾਂ ਨੂੰ ਤੁਰੰਤ ਲੋੜੀਂਦੀ ਸਹਾਇਤਾ ਮੁਹਈਆ ਕਰਵਾਏਗੀ। ਘਰ ਵਿੱਚ ਇਕਾਂਤਵਾਸ ਕੀਤੇ ਗਏ ਮਰੀਜ਼ ਕੋਲ਼ ਘਰ ਵਿੱਚ ਵੱਖਰਾ ਕਮਰਾ ਤੇ ਗੁਸਲਖਾਨਾ ਹੋਣਾ ਚਾਹੀਦਾ ਹੈ ਅਤੇ ਘਰ ਵਿੱਚ ਸਰਕਾਰੀ ਹਦਾਇਤਾਂ ਅਨੁਸਾਰ ਇਲਾਜ ਦੌਰਾਨ ਉਂਨਾਂ ਦੀ ਦੇਖਭਾਲ ਕਰਨ ਲਈ ਕੋਈ ਵਿਅਕਤੀ ਮੌਜੂਦ ਹੋਵੇ। ਜੇਕਰ ਘਰ ਵਿੱਚ ਇਹ ਸਹੂਲਤਾਂ ਮੌਜੂਦ ਨਹੀਂ ਹਨ ਤਾਂ ਉਸਨੂੰ ਕੋਵਿਡ ਮਰੀਜ਼ਾਂ ਲਈ ਬਣਾਏ ਇਕਾਂਤਵਾਸ ਕੇਂਦਰਾਂ ਵਿੱਚ ਇਲਾਜ ਲਈ ਸ਼ਿਫਟ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਘਰਾਂ ਵਿਚ ਇਕਾਂਤਵਾਸ ਕੀਤੇ ਮਰੀਜ਼ ਨਿਰਧਾਰਤ ਕੀਤੇ ਦੋ ਪ੍ਰਫਾਰਮੇ ਭਰ ਕੇ ਕੋਵਿਡ ਕਾਲ ਸੈਂਟਰ ਵਿੱਚ ਆਪਣੀ ਫੋਟੋ ਸਮੇਤ ਭੇਜਣਗੇ। ਮਰੀਜ਼ਾਂ ਦੀ ਸਿਹਤ ਸਬੰਧੀ ਜਾਣਕਾਰੀ ਲਗਾਤਾਰ ਅਪਡੇਟ ਹਵੇਗੀ ਜਿਸ ਲਈ ਮਰੀਜ਼ ਘਰ ਵਿੱਚ ਹੀ ਆਪਣਾ ਬੁਖ਼ਾਰ ਚੈੱਕ ਕਰਨਗੇ ਅਤੇ ਆਕਸੀਜਨ ਦਾ ਪੱਧਰ ਵੀ ਜ਼ਿਲਾ ਪ੍ਰਸ਼ਾਸਨ ਦੇ ਵਟਸਐਪ ਗਰੁੱਪ ਵਿੱਚ ਭੇਜਣਗੇ ਤਾਂ ਜੋ ਹਾਲਾਤ ਮੁਤਾਬਕ ਇਲਾਜ ਦਾ ਲੋੜੀਂਦਾ ਪ੍ਰਬੰਧ ਕੀਤਾ ਜਾ ਸਕੇ।
ਉਨਾਂ ਕਿਹਾ ਕਿ ਕੋਵਿਡ ਕਾਲ ਸੈਂਟਰ ਦੀ ਟੀਮ ਹਰੇਕ ਮਰੀਜ਼ ਦੇ ਲਗਾਤਾਰ ਸੰਪਰਕ ਵਿਚ ਰਹੇਗੀ ਤੇ ਉਸਦੀ ਪ੍ਰਹੇਜ਼, ਲੋੜੀਂਦੀ ਦਵਾਈ,ਖਾਣਾ, ਕਸਰਤ ਅਤੇ ਮਾਨਸਿਕ ਸਿਹਤ ਠੀਕ ਰੱਖਣ ਵਿੱਚ ਅਗਵਾਈ ਕਰੇਗੀ। ਹਰੇਕ ਮਰੀਜ਼ ਦਾ ਰੋਜ਼ਾਨਾ ਸਿਹਤ ਦਾ ਰਿਕਾਰਡ ਰੱਖਿਆ ਜਾਵੇਗਾ ਤੇ ਸਮੇਂ-ਸਮੇਂ ਮਾਹਰ ਡਾਕਟਰ ਫੋਨ,ਵਟਸਐਪ ਜਾਂ ਜ਼ੂਮ ਮੀਟਿੰਗਾਂ ਰਾਹੀਂ ਸਾਰੇ ਪਾਜ਼ਿਟਿਵ ਮਰੀਜ਼ਾਂ ਦੇ ਸੰਪਰਕ ਵਿੱਚ ਰਹਿਣਗੇ।
ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਾਵਸਨ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਨਾ ਸਿਰਫ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਬਲਕਿ ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲਿਆਂ ਨੂੰ ਵੀ ਕੰਟੈਕਟ ਟਰੇਸਿੰਗ ਕਰਕੇ ਘਰ ਵਿੱਚ ਇਕਾਂਤਵਾਸ ਲਈ ਪ੍ਰੇਰਿਆ ਜਾਵੇਗਾ। ਡਿਪਟੀ ਕਮਿਸ਼ਨਰ ਬਠਿੰਡਾ ਬੀ ਸ੍ਰੀਨਿਵਾਸਨ ਨੇ ਇਲਾਕਾ ਨਿਵਾਸੀਆਂ ਨੂੰ ਗੈਰਜ਼ਰੂਰੀ ਕੰਮਾਂ ਲਈ ਘਰਾਂ ਤੋਂ ਬਾਹਰ ਨਾ ਆਉਣ ਦੀ ਹਦਾਇਤ ਕੀਤੀ।