ਰਾਜਵੰਤ ਸਿੰਘ
- ਕੋਰੋਨਾ ਨਾਲ ਜ਼ਿਲ੍ਹੇ 'ਚ ਹੋਈ ਇੱਕ ਹੋਰ ਮੌਤ, 392 ਕੇਸ ਹਨ ਐਕਟਿਵ
ਸ੍ਰੀ ਮੁਕਤਸਰ ਸਾਹਿਬ, 3 ਸਤੰਬਰ 2020 - ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਕੋਰੋਨਾ ਪੂਰੀ ਤਰ੍ਹਾਂ ਹਾਵੀ ਹੁੰਦਾ ਜਾ ਰਿਹਾ ਹੈ। ਅੱਜ ਫ਼ਿਰ ਜ਼ਿਲ੍ਹੇ ਅੰਦਰ ਕੋਰੋਨਾ ਦੇ ਇਕੱਠੇ 52 ਕੇਸ ਸਾਹਮਣੇ ਆਏ ਹਨ, ਜਦੋਂ ਕਿ ਕੋਰੋਨਾ ਕਰਕੇ ਇੱਕ ਮੌਤ ਦੀ ਪੁਸ਼ਟੀ ਵੀ ਕੀਤੀ ਗਈ ਹੈ। ਸਿਹਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਅੰਦਰ ਆਏ ਕੋਰੋਨਾ ਮਾਮਲਿਆਂ ਵਿੱਚੋਂ 18 ਕੇਸ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਹਨ, ਜਦੋਂਕਿ 6 ਕੇਸ ਮਲੋਟ, 6 ਕੇਸ ਗਿੱਦੜਬਾਹਾ, 4 ਕੇਸ ਜ਼ਿਲ੍ਹਾ ਜੇਲ੍ਹ ਪਿੰਡ ਬੂੜਾ ਗੁੱਜਰ, 1 ਕੇਸ ਪਿੰਡ ਚਿੱਬੜਾਂਵਾਲੀ, 1 ਕੇਸ ਪਿੰਡ ਸੋਥਾ, 3 ਕੇਸ ਪਿੰਡ ਦੋਦਾ, 1 ਕੇਸ ਪਿੰਡ ਕਾਉਣੀ, 1 ਕੇਸ ਪਿੰਡ ਕਿੱਲਿਆਂਵਾਲੀ, 1 ਕੇਸ ਪਿੰਡ ਭਾਗੂ, 1 ਕੇਸ ਪਿੰਡ ਝੋਰੜ, 1 ਕੇਸ ਪਿੰਡ ਕੱਟਿਆਂਵਾਲੀ, 3 ਕੇਸ ਪਿੰਡ ਬਾਦਲ, 1 ਕੇਸ ਪਿੰਡ ਬਰੀਵਾਲਾ, 1 ਕੇਸ ਪਿੰਡ ਕੋਟਲੀ ਅਬਲੂ, 1 ਕੇਸ ਪਿੰਡ ਬੂੜਾ ਗੁੱਜਰ, 1 ਕੇਸ ਪਿੰਡ ਸੰਮੇਵਾਲੀ ਅਤੇ 1 ਕੇਸ ਪਿੰਡ ਗਿੱਦੜਬਾਹਾ ਤੋਂ ਸਾਹਮਣੇ ਆਇਆ ਹੈ, ਜਿੰਨ੍ਹਾਂ ਨੂੰ ਹੁਣ ਵਿਭਾਗ ਵੱਲੋਂ ਆਈਸੂਲੇਟ ਕੀਤਾ ਜਾ ਰਿਹਾ ਹੈ। ਕੋਰੋਨਾ ਨਾਲ ਮਲੋਟ ਤੋਂ ਇੱਕ ਪੀੜਤ ਵਿਅਕਤੀ ਦੀ ਮੌਤ ਵੀ ਹੋਈ ਹੈ। ਇਹ ਪੀੜਤ ਜ਼ੀਰਕਪੁਰ ਦੇ ਇੱਕ ਨਿੱਜੀ ਹਸਪਤਾਲ ਵਿਖੇ ਦਾਖ਼ਲ ਸੀ, ਜਿਸਦੀ ਇਲਾਜ ਦੌਰਾਨ ਅੱਜ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਅੱਜ 33 ਮਰੀਜ਼ਾਂ ਨੂੰ ਠੀਕ ਕਰਕੇ ਘਰ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ 278 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 1884 ਸੈਂਪਲ ਬਕਾਇਆ ਹਨ। ਅੱਜ ਜ਼ਿਲ੍ਹੇ ਭਰ ਅੰਦਰੋਂ 644 ਨਵੇਂ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਹੁਣ ਜ਼ਿਲ੍ਹੇ ਅੰਦਰ ਕੋਰੋਨਾ ਦਾ ਅੰਕੜਾ 1104 ਹੋ ਗਿਆ ਹੈ, ਜਿਸ ਵਿੱਚੋਂ 701 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਹੁਣ 392 ਕੇਸ ਐਕਟਿਵ ਚੱਲ ਰਹੇ ਹਨ। ਵਰਣਨਯੋਗ ਹੈ ਕਿ ਕੋਰੋਨਾ ਕਰਕੇ ਅੱਜ ਹੋਈ ਮੌਤ ਤੋਂ ਬਾਅਦ ਜ਼ਿਲ੍ਹੇ ਅੰਦਰ ਮੌਤਾਂ ਦੀ ਗਿਣਤੀ 11 ਹੋ ਗਈ ਹੈ।
ਸਿਵਲ ਸਰਜਨ ਮੁਕਤਸਰ ਤੇ ਉਨ੍ਹਾਂ ਦੀ ਪਤਨੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ
ਅੱਜ ਜ਼ਿਲ੍ਹੇ ਦੇ ਸਿਵਲ ਸਰਜਨ ਡਾ: ਹਰੀ ਨਰਾਇਣ ਸਿੰਘ ਤੇ ਉਨ੍ਹਾਂ ਦੀ ਪਤਨੀ ਦੀ ਕੋਰੋਨਾ ਰਿਪੋਰਟ ਵੀ ਪਾਜ਼ੇਟਿਵ ਆ ਗਈ ਹੈ, ਜਿਸ ਤੋਂ ਬਾਅਦ ਦੋਵੇਂ ਆਪਣੇ ਘਰ ਅੰਦਰ ਹੀ ਹੋਮ ਕੁਆਰੰਟਾਈਨ 'ਤੇ ਹੋ ਗਏ ਹਨ। ਵਿਭਾਗ ਦੇ ਬੁਲਾਰੇ ਵੱਲੋਂ ਦਿੱਤੀ ਗਈ ਜਾਣਕਾਰੀ ਵਿੱਚ ਦੱਸਿਆ ਗਿਆ ਹੈ ਕਿ ਅੱਜ ਸਿਵਲ ਸਰਜਨ ਡਾ: ਹਰੀ ਨਰਾਇਣ ਸਿੰਘ ਦਾ ਗਿੱਦੜਬਾਹਾ ਵਿਖੇ ਸੈਂਪਲ ਲਿਆ ਗਿਆ ਸੀ, ਜਿਸਦੀ ਰਿਪੋਰਟ ਪਾਜ਼ੇਟਿਵ ਆਈ ਹੈ ਤੇ ਹੁਣ ਪੂਰੇ ਦਫ਼ਤਰ ਨੂੰ ਸੈਨੇਟਾਈਜ਼ ਕਰਾਇਆ ਜਾਵੇਗਾ। ਸਿਵਲ ਸਰਜਨ ਤੇ ਉਨ੍ਹਾਂ ਦੀ ਪਤਨੀ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੀ ਹੁਣ ਵਿਭਾਗ ਵੱਲੋਂ ਸੈਂਪਲਿੰਗ ਕੀਤੀ ਜਾ ਰਹੀ ਹੈ।