ਅਕਾਲੀ ਦਲ ਨੇ ਡੇਰਾ ਬਾਬਾ ਨਾਨਕ ਵਿਧਾਨ ਸਭਾ ਇੰਚਾਰਜ ਰਵੀਕਰਨ ਕਾਹਲੋਂ ਨੂੰ ਪਾਰਟੀ 'ਚੋਂ ਕੱਢਿਆ
ਰੋਹਿਤ ਗੁਪਤਾ
ਡੇਰਾ ਬਾਬਾ ਨਾਨਕ, 15 ਮਈ 2024 - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਡੇਰਾ ਬਾਬਾ ਨਾਨਕ ਵਿਧਾਨ ਸਭਾ ਇੰਚਾਰਜ ਰਵੀਕਰਨ ਸਿੰਘ ਕਾਹਲੋਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਅਤੇ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਨ ਦੇ ਦੋਸ਼ ਵਿੱਚ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਕੱਢ ਦਿੱਤਾ ਹੈ। ਬਾਦਲ ਨੇ ਕਿਹਾ ਕਿ ਅਨੁਸ਼ਾਸਨਹੀਣਤਾ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਪਾਰਟੀ ਵਿਰੁੱਧ ਗਤੀਵਿਧੀਆਂ ਦੇ ਚਲਦਿਆਂ ਰਵੀਕਰਨ ਸਿੰਘ ਕਾਹਲੋਂ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਮੁੱਢਲੀ ਮੈਂਬਰਸ਼ਿਪ ਖਾਰਜ ਕਰ ਦਿੱਤੀ ਗਈ ਹੈ।ਕਾਹਲੋਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ 2022 ਦੀਆਂ ਵਿਧਾਨ ਸਭਾ ਚੋਣਾਂ ਜੇਰਾ ਬਾਬਾ ਨਾਨਕ ਹਲਕੇ ਤੋਂ ਸਾਬਕਾ ਉਪ ਮੁੱਖ ਮੰਤਰੀ ਸੁਖਵਿੰਦਰ ਸਿੰਘ ਰੰਧਾਵਾ ਦੇ ਖਿਲਾਫ ਲੜੀ ਗਈ ਸੀ। ਉਹ ਉੱਘੇ ਅਕਾਲੀ ਅਤੇ ਸ਼੍ਰੋਮਣੀ ਅਕਾਲੀ ਦਲ _ਭਾਜਪਾ ਗਠਬੰਧਨ ਦੀ ਸਰਕਾਰ ਵਿੱਚ ਮੰਤਰੀ ਰਹੇ ਸਵਰਗੀ ਨਿਰਮਲ ਜੀਤ ਸਿੰਘ ਕਾਹਲੋ ਦੇ ਪੁੱਤਰ ਹਨ। ਉਹਨਾਂ ਵੱਲੋਂ ਬੀਤੇ ਦਿਨ ਪਾਰਟੀ ਤੋਂ ਕੱਢੇ ਗਏ ਸੁੱਚਾ ਸਿੰਘ ਲੰਗਾਹ ਦੀ ਰੈਲੀ ਵਿੱਚ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਆਗੂਆਂ ਵੱਲੋਂ ਸ਼ਿਰਕਤ ਕਰਨ ਤੇ ਸਵਾਲ ਚੁੱਕੇ ਗਏ ਸਨ ਅਤੇ ਪਾਰਟੀ ਨੂੰ ਇਹਨਾਂ ਆਗੂਆਂ ਕੋਲੋਂ ਜਵਾਬਤਲਬੀ ਕਰਨ ਦੀ ਗੱਲ ਜਨਤਕ ਤੌਰ ਤੇ ਆਖੀ ਗਈ ਸੀ। ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਉਹ ਪਾਰਟੀ ਦੇ ਵਫਾਦਾਰ ਸਿਪਾਹੀ ਹਨ ਅਤੇ ਪਾਰਟੀ ਦੇ ਉਮੀਦਵਾਰ ਡਾਕਟਰ ਦਲਜੀਤ ਚੀਮਾ ਦੇ ਹੱਕ ਵਿੱਚ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਹਨ। ਉਹਨਾਂ ਦੇ ਕਿਸੇ ਹੋਰ ਪਾਰਟੀ ਵਿੱਚ ਸ਼ਾਮਿਲ ਹੋਣ ਦੀਆਂ ਅਫਵਾਵਾਂ ਪਿਛਲੇ ਕਈ ਦਿਨਾਂ ਤੋਂ ਉੱਠ ਰਹੀਆਂ ਸਨ ਪਰ ਬੀਤੇ ਦਿਨ ਉਹਨਾਂ ਨੇ ਇਹਨਾਂ ਅਫਵਾਵਾਂ ਦੀ ਵੀ ਨਿਖੇਦੀ ਕੀਤੀ ਸੀ।
ਬਾਵਜੂਦ ਇਸਦੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਨਾਂ ਦੀ ਮੁੱਢਲੀ ਮੈਂਬਰਸ਼ਿਪ ਰੱਦ ਕਰਨ ਤੋਂ ਬਾਅਦ ਹੂਣ ਰਵੀਕਰਨ ਕਾਹਲੋਂ ਦਾ ਆਪਣਾ ਰੁੱਖ ਕੀ ਹੋਵੇਗਾ ਇਹ ਆਉਣ ਵਾਲੇ ਕੁਝ ਦਿਨਾਂ ਵਿੱਚ ਹੀ ਪਤਾ ਲੱਗੇਗਾ। ਜਾਹਰ ਤੌਰ ਤੇ ਜੇ ਉਹ ਕਿਸੇ ਹੋਰ ਪਾਰਟੀ ਵਿੱਚ ਸ਼ਾਮਿਲ ਹੋਣ ਜਾਂ ਕਿਸੇ ਹੋਰ ਉਮੀਦਵਾਰ ਦੀ ਮਦਦ ਕਰਨ ਦਾ ਐਲਾਨ ਕਰਦੇ ਹਨ ਤਾਂ ਇਸ ਨਾਲ ਡੇਰਾ ਬਾਬਾ ਨਾਨਕ ਹਲਕੇ ਦੇ ਚੋਣ ਸਮੀਕਰਨ ਕਾਫੀ ਹੱਦ ਤੱਕ ਬਦਲ ਸਕਦੇ ਹਨ।