ਅਟਾਰੀ ਬਾਰਡਰ ਰਾਹੀਂ ਯੂਏਈ ਨਾਲ ਵਪਾਰ ਕਰਾਂਗੇ ਜਿਸ ਨੂੰ ਪਾਕਿਸਤਾਨ ਵੀ ਨਹੀਂ ਰੋਕ ਸਕੇਗਾ- ਸੰਧੂ ਸਮੁੰਦਰੀ
- ਸੁਸ਼ੀਲ ਦੇਵਗਨ ਅਤੇ ਬਲਵਿੰਦਰ ਕੌਰ ਵੱਲੋਂ ਆਯੋਜਿਤ ਚੋਣ ਰੈਲੀ ਦੌਰਾਨ ਵਿਕਾਸ ਲਈ ਭਾਜਪਾ ਦਾ ਸਾਥ ਦੇਣ ਦੀ ਕੀਤੀ ਅਪੀਲ
ਰਾਕੇਸ਼ ਨਈਅਰ ਚੋਹਲਾ
ਅਟਾਰੀ/ਅੰਮ੍ਰਿਤਸਰ,12 ਮਈ 2024 - ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਅੱਜ ਇੱਥੇ ਭਾਜਪਾ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਸੁਸ਼ੀਲ ਦੇਵਗਨ ਅਤੇ ਹਲਕਾ ਇੰਚਾਰਜ ਬਲਵਿੰਦਰ ਕੌਰ ਵੱਲੋਂ ਆਯੋਜਿਤ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਬਈ ਨਾਲ ਵਪਾਰਕ ਸਮਝੌਤਾ ਕੀਤਾ ਹੋਇਆ ਹੈ ਜੇਕਰ ਅਸੀਂ ਜ਼ਿਆਦਾ ਮੁਨਾਫ਼ੇ ਲਈ ਅਟਾਰੀ ਬਾਰਡਰ ਰਾਹੀਂ ਯੂ.ਏ.ਈ ਨਾਲ ਵਪਾਰ ਕਰਦੇ ਹਾਂ ਤਾਂ ਇਸ ਨੂੰ ਪਾਕਿਸਤਾਨ ਵੀ ਨਹੀਂ ਰੋਕ ਸਕੇਗਾ।ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਬਾਰਡਰ ਰਾਹੀਂ ਬੰਦ ਕੀਤਾ ਹੋਇਆ ਵਪਾਰ ਖੁਲ੍ਹਵਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਇੱਕ ਵਾਰ ਵਪਾਰ ਸ਼ੁਰੂ ਹੋ ਗਿਆ ਤਾਂ ਇੱਥੋਂ ਦੇ ਕੁਲੀਆਂ ਨੂੰ ਰੁਜ਼ਗਾਰ ਮਿਲੇਗਾ, ਗੱਡੀਆਂ ਟਰੱਕਾਂ ਅਤੇ ਹੋਰ ਕਾਰੋਬਾਰ ਚੱਲ ਪਵੇਗਾ। ਇੱਥੇ ਖ਼ੁਸ਼ਹਾਲੀ ਆਵੇਗੀ। ਉਹਨਾਂ ਕਿਹਾ ਕਿ ਜੇ ਤੁਸੀਂ ਵਿਕਾਸ ਚਾਹੁੰਦੇ ਹੋ ਤਾਂ ਭਾਜਪਾ ਹੀ ਇੱਕ ਸਮਰੱਥ ਪਾਰਟੀ ਹੈ।ਸੰਧੂ ਸਮੁੰਦਰੀ ਨੇ ਕਿਹਾ ਕਿ ਅੱਜ ਅੰਮ੍ਰਿਤਸਰ ਅਤੇ ਅਟਾਰੀ ਵਿੱਚ ਨਸ਼ਿਆਂ ਦੀ ਬਹੁਤ ਵੱਡੀ ਸਮੱਸਿਆ ਹੈ। ਨਸ਼ਿਆਂ ਦੀ ਦਵਾਈ ਕੋਈ ਨਹੀਂ ਵੰਡਦਾ,ਪਰ ਨਸ਼ਾ ਵੰਡਿਆ ਜਾ ਰਿਹਾ ਹੈ। ਸਾਡੇ ਚੁਣੇ ਹੋਏ ਨੁਮਾਇੰਦਿਆਂ ਨੇ ਵਾਅਦੇ ਤਾਂ ਬਹੁਤ ਕੀਤੇ ਹਨ ਪਰ ਉਹਨਾਂ ’ਤੇ ਅਮਲ ਕਦੀ ਨਹੀਂ ਕੀਤਾ।ਅੱਜ ਨੌਜਵਾਨਾਂ ਲਈ ਨੌਕਰੀਆਂ ਪੈਦਾ ਕਰਨ ਅਤੇ ਕਿਸਾਨ ਭਰਾਵਾਂ ਦੀਆਂ ਆਮਦਨੀ ਵਧਾਉਣ ਬਾਰੇ ਸੋਚਣ ਦੀ ਲੋੜ ਹੈ।
ਅਟਾਰੀ ਦਾ ਕੀ ਹਾਲ ਬਣਾ ਦਿੱਤਾ ਗਿਆ ਹੈ? ਇਸ ਬਾਰੇ ਸਾਨੂੰ ਚੁਣੇ ਹੋਏ ਨੁਮਾਇੰਦਿਆਂ ਨੂੰ ਸਵਾਲ ਕਰਨਾ ਚਾਹੀਦਾ ਹੈ। ਇਥੇ ਕੋਈ ਇੰਡਸਟਰੀ ਨਹੀਂ ਲੱਗੀ,ਅਟਾਰੀ ਦੀ ਜੋ ਸ਼ਾਨ ਪਹਿਲਾਂ ਸੀ ਉਹ ਮੁੜ ਲਿਆਉਣੀ ਹੋਵੇਗੀ। ਅਸੀਂ ਅੰਮ੍ਰਿਤਸਰ ਅਤੇ ਅਟਾਰੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਵਿਸ਼ੇਸ਼ ਪੈਕੇਜ ਲਿਆਵਾਂਗੇ।ਅੰਮ੍ਰਿਤਸਰ ਵਿੱਚ ਜੋ ਲੱਖਾਂ ਲੋਕ ਸ੍ਰੀ ਦਰਬਾਰ ਸਾਹਿਬ ਦਰਸ਼ਨ ਲਈ ਆਉਂਦੇ ਹਨ,ਉਹ ਅਟਾਰੀ ਵੀ ਆਉਂਦੇ ਹਨ। ਅਟਾਰੀ ਵਿੱਚ ਕੋਈ ਚੰਗਾ ਹੋਟਲ ਨਹੀਂ,ਮੈਂ ਇੱਥੇ ਵਿਵਸਥਾ ਕਰਾਂਗਾ ਕਿ ਲੋਕ ਇੱਥੇ ਆ ਕੇ ਰਹਿਣ ਜਿਸ ਨਾਲ ਕਾਰੋਬਾਰ ’ਚ ਵਾਧਾ ਹੋਵੇਗਾ।
ਉਹਨਾਂ ਕਿਹਾ ਕਿ ਕੇਂਦਰੀ ਸਕੀਮਾਂ ਰਾਹੀਂ ਆਉਂਦੇ ਪੈਸੇ ਲੋਕਾਂ ਤੱਕ ਨਹੀਂ ਪਹੁੰਚ ਰਹੇ।ਅਸੀਂ ਹੁਣ ਅਜਿਹੀ ਵਿਵਸਥਾ ਕਰਾਂਗੇ ਕਿ ਉਹ ਪੈਸਾ ਸਿੱਧਾ ਲਾਭਪਾਤਰੀਆਂ ਦੇ ਕੋਲ ਆਉਣ। ਉਹਨਾਂ ਕਿਹਾ ਕਿ ਕੰਡਿਆਲੀ ਤਾਰ ਮੁੜ ਜ਼ੀਰੋ ਲਾਈਨ ’ਤੇ ਤਬਦੀਲ ਕੀਤਾ ਜਾਵੇਗਾ। ਇਹ ਕੰਮ ਸ਼ੁਰੂ ਹੋ ਚੁੱਕਾ ਹੈ। ਮੈਂ ਪਹਿਲਾਂ ਹੀ ਗ੍ਰਹਿ ਮੰਤਰੀ ਅਤੇ ਰੱਖਿਆ ਮੰਤਰੀ ਨਾਲ ਗੱਲ ਕਰ ਚੁੱਕਾ ਹਾਂ।ਸੰਧੂ ਸਮੁੰਦਰੀ ਨੇ ਅੱਗੇ ਕਿਹਾ ਕਿ ਬੀਐਸਐਫ ਵਿੱਚ ਸਾਡੀਆਂ ਬੱਚੀਆਂ ਵੀ ਭਰਤੀ ਹੋਣਗੀਆਂ।ਅਸੀਂ ਅਰਧ ਸੈਨਿਕ ਬਲਾਂ ਵਿੱਚ ਵੀ ਭਰਤੀ ਕਰਾਵਾਂਗੇ। ਸਾਡੀਆਂ ਕੁੜੀਆਂ ਸ਼ਾਨ ਨਾਲ ਨੌਕਰੀ ਕਰਨਗੀਆਂ।ਸਿੱਖ ਲਾਈਟ ਰੈਜੀਮੈਂਟ ਦੇ ਵਿੱਚ 25 ਹਜ਼ਾਰ ਮਜ਼੍ਹਬੀ ਸਿੱਖਾਂ ਦੇ ਨੌਜਵਾਨਾਂ ਦੀ ਭਰਤੀ ਕਰਵਾਵਾਂਗੇ।ਕੇਂਦਰੀ ਯੋਜਨਾਵਾਂ ਅਧੀਨ ਨੌਕਰੀਆਂ ਲੈ ਕੇ ਆਵਾਂਗੇ।ਉਹਨਾਂ ਕਿਹਾ ਕਿ ਅਟਾਰੀ ਵਿਖੇ ਵੇਰਕਾ ਮਿਲਕ ਪਲਾਂਟ ਦਾ ਇੱਕ ਬਰਾਂਚ ਸਥਾਪਿਤ ਕੀਤਾ ਜਾਵੇਗਾ।
ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਪੇਂਡੂ ਔਰਤਾਂ ਨੂੰ ਸਵੈ ਰੋਜ਼ਗਾਰ ਅਤੇ ਸਟਾਰਟ ਅੱਪ ਨਾਲ ਜੋੜਿਆ ਜਾਵੇਗਾ।ਔਰਤਾਂ ਘਰਾਂ ਵਿੱਚ ਰਹਿ ਕੇ ਕੰਮ ਕਰਨਗੀਆਂ ਤੇ ਉਹਨਾਂ ਵੱਲੋਂ ਤਿਆਰ ਕੀਤੀਆਂ ਗਈਆਂ ਵਸਤਾਂ ਦਾ ਮੰਡੀਕਰਨ ਕੀਤਾ ਜਾਵੇਗਾ।ਜਿਸ ਨਾਲ ਉਹਨਾਂ ਨੂੰ ਵੱਧ ਤੋਂ ਵੱਧ ਮੁਨਾਫ਼ਾ ਅਤੇ ਆਮਦਨੀ ਹੋਵੇਗੀ। ਉਹਨਾਂ ਕਿਹਾ ਕਿ ਅਸੀਂ ਬੱਚਿਆਂ ਦੀ ਚੰਗੀ ਪੜ੍ਹਾਈ ਲਈ ਵਜ਼ੀਫ਼ੇ ਵੀ ਦੇਵਾਂਗੇ ਅਤੇ ਚੰਗੀ ਪੜ੍ਹਾਈ ਵੀ ਲੈ ਕੇ ਆਵਾਂਗੇ।ਉਹਨਾਂ ਕਿਹਾ ਕਿ ਪਿੰਡਾਂ ਵਿੱਚ ਸ਼ਹਿਰਾਂ ਵਾਲੀਆਂ ਸਹੂਲਤਾਂ ਮਿਲਣਗੀਆਂ।ਇਥੇ ਵਧੀਆ ਹਸਪਤਾਲ ਖੁਲ੍ਹਵਾਏ ਜਾਣਗੇ ਅਤੇ ਮਾਹਿਰ ਡਾਕਟਰਾਂ ਦੀ ਨਿਯੁਕਤੀ ਕੀਤੀ ਜਾਏਗੀ।ਅਸੀਂ ਵਿਕਾਸ ਕਰਕੇ ਹਾਲਤ ਚੰਗੀ ਕਰਨੀ ਹੈ।ਉਹਨਾਂ ਕਿਹਾ ਕਿ ਚੰਗੀਆਂ ਤੇ ਵੱਡੀਆਂ ਸੜਕਾਂ ਕੇਂਦਰ ਨੇ ਬਣਾਈਆਂ ਹਨ।
ਇਸ ਮੌਕੇ ਬੋਲਦਿਆਂ ਭਾਜਪਾ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਡਾ.ਸੁਸ਼ੀਲ ਦੇਵਗਨ ਕਿਹਾ ਕਿ ਭਾਜਪਾ ਹੀ ਅਜਿਹੀ ਪਾਰਟੀ ਹੈ ਜੋ ਗ਼ਰੀਬਾਂ ਦਾ ਸਾਥ ਦਿੰਦੀ ਹੈ।ਉਹਨਾਂ ਕਿਹਾ ਕਿ ਸੰਧੂ ਸਮੁੰਦਰੀ ਦੇ ਦਾਦਾ ਜੀ ਸਰਦਾਰ ਤੇਜਾ ਸਿੰਘ ਸਮੁੰਦਰੀ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਇਹੀ ਹੈ ਕਿ ਸੰਧੂ ਸਮੁੰਦਰੀ ਨੂੰ ਭਾਰੀ ਬਹੁਮਤ ਨਾਲ ਜਤਾਇਆ ਜਾਵੇ।ਉਹਨਾਂ ਕਿਹਾ ਕਿ ਸੰਧੂ ਸਮੁੰਦਰੀ ਨੇ ਭਾਰਤ ਅਤੇ ਅਮਰੀਕਾ ਵਿਚਾਲੇ ਪੋਲ ਦਾ ਕੰਮ ਕੀਤਾ,ਜਿਸ ਉੱਤੇ ਅੱਜ ਸਾਡਾ ਬਿਜ਼ਨਸ ਅਤੇ ਉਦਯੋਗ ਖੜ੍ਹਾ ਹੈ।ਉਹਨਾਂ ਕਿਹਾ ਕਿ ਜੋ ਵੀ ਵਿਕਾਸ ਹੋਇਆ,ਉਹ ਪੈਸਾ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਦਿੱਤਾ ਗਿਆ। ਉਹਨਾਂ ਕਿਹਾ ਕਿ ਨਸ਼ਿਆਂ ਅਤੇ ਬੇਰੁਜ਼ਗਾਰੀ ਨੂੰ ਖ਼ਤਮ ਕਰਨ ਅਤੇ ਰੁਜ਼ਗਾਰ, ਵਪਾਰ ਅਤੇ ਇੰਡਸਟਰੀ ਨੂੰ ਪ੍ਰਫੁੱਲਿਤ ਕਰਨ ਲਈ ਕਮਲ ਦੇ ਫੁੱਲ ’ਤੇ ਵੋਟ ਪਾਓ ਅਤੇ ਸੰਧੂ ਸਮੁੰਦਰੀ ਅਤੇ ਭਾਜਪਾ ਦਾ ਸਾਥ ਦਿਓ। ਉਹਨਾਂ ਵਰਕਰਾਂ ਨੂੰ ਭਾਜਪਾ ਉਮੀਦਵਾਰ ਲਈ ਦਿਨ ਰਾਤ ਇੱਕ ਕਰ ਦੇਣ ਦੀ ਵੀ ਅਪੀਲ ਕੀਤੀ ਹੈ।
ਇਸ ਮੌਕੇ ਭੁਪਿੰਦਰ ਸਿੰਘ ਰੰਧਾਵਾ,ਪ੍ਰੋ.ਸਰਚਾਂਦ ਸਿੰਘ,ਪ੍ਰਮੋਦ ਦੇਵਗਨ, ਵਿਜੈ ਵਰਮਾ,ਜਤਿੰਦਰ ਕੁਮਾਰ,ਕਸ਼ਮੀਰ ਸਿੰਘ ਸਰਪੰਚ,ਚਰਨਜੀਤ ਕੌਰ , ਗੁਰਚਰਨ ਸਿੰਘ,ਮੁਰਾਦ ਪਾਲ ਸਿੰਘ,ਪਲਵਿੰਦਰ ਸਿੰਘ,ਮਲਕੀਤ ਸਿੰਘ,ਜੌਨੀ,ਪਾਲਾ ਸਿੰਘ, ਸੋਨੂ ਸੋਹਲ,ਮਨਦੀਪ ਸਿੰਘ,ਰਜੇਸ਼ ਭੋਲਾ,ਰਵੇਲ ਸਿੰਘ ਰੋੜਾਂਵਾਲੀ ਅਤੇ ਸ਼ੇਰਾ ਸਿੰਘ ਰੋੜਾਂਵਾਲੀ ਵੀ ਮੌਜੂਦ ਸਨ।