ਇਲਾਜ ਲਈ ਪਟਿਆਲਾ ਦੇ ਲੋਕਾਂ ਨੂੰ ਜਾਣਾ ਪੈਂਦਾ ਹੈ ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ : ਐਨ.ਕੇ. ਸ਼ਰਮਾ
- ਸਾਂਸਦ ਬਣਨ ਤੋਂ ਬਾਅਦ ਅਕਾਲੀ ਦਲ ਪਟਿਆਲਾ ਲੋਕ ਸਭਾ ਹਲਕੇ ਲਈ ਕਰਵਾਏਗਾ ਹੈਲਥ ਮੈਪਿੰਗ
- ਸਾਬਕਾ ਸਾਂਸਦ ਅਤੇ ਸਿਹਤ ਮੰਤਰੀ ਦੱਸਣ ਪਟਿਆਲਾ ਦੇ ਲੋਕਾਂ ਨੂੰ ਕਿਹੜੀਆਂ ਸਿਹਤ ਸਹੂਲਤਾਂ ਦਿੱਤੀਆਂ
ਪਟਿਆਲਾ, 2 ਮਈ 2024 - ਪਟਿਆਲਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ. ਕੇ. ਸ਼ਰਮਾ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੂੰ ਸਿਹਤ ਸੇਵਾਵਾਂ ਦੇ ਮੁੱਦੇ 'ਤੇ ਘੇਰਦਿਆਂ ਕਿਹਾ ਹੈ ਕਿ ਪਟਿਆਲਾ 'ਚ ਸਿਹਤ ਸੇਵਾਵਾਂ ਦੀ ਘਾਟ ਕਾਰਨ ਅੱਜ ਵੀ ਲੋਕਾਂ ਨੂੰ ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਦੇ ਹਸਪਤਾਲਾਂ ਵਿੱਚ ਇਲਾਜ ਲਈ ਜਾਣਾ ਪੈਂਦਾ ਹੈ।
ਐਨ.ਕੇ. ਸ਼ਰਮਾ ਅੱਜ ਸ਼ੁਤਰਾਣਾ ਹਲਕਾ ਇੰਚਾਰਜ ਬਾਬੂ ਕਬੀਰਦਾਸ ਦੀ ਅਗਵਾਈ ਹੇਠ ਪਿੰਡ ਗੁਲਾੜ, ਸ਼ੇਰਗੜ੍ਹ, ਬਹਿਰ ਸਾਹਬ, ਮਤੋਲੀ, ਸ਼ੁਤਰਾਣਾ, ਬਾਦਸ਼ਾਹਪੁਰ, ਮਰੋੜੀ, ਅਸਮਾਨਪੁਰ, ਪਾਤੜਾਂ ਵਿੱਚ ਜਨਸਭਾਵਾਂ ਨੂੰ ਸੰਬੋਧਨ ਕਰ ਰਹੇ ਸਨ। ਪ੍ਰੋਗਰਾਮ ਦੌਰਾਨ ਚੌਧਰੀ ਬਲਵਾਨ ਸਿੰਘ, ਮਦਨਰਾਮ ਅਤੇ ਲੀਲਾ ਰਾਮ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂਆਂ ਨੇ ਕਾਂਗਰਸ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਪਾਰਟੀ ਉਮੀਦਵਾਰ ਐਨ.ਕੇ.ਸ਼ਰਮਾ ਅਤੇ ਬਾਬੂ ਕਬੀਰਦਾਸ ਨੇ ਸਾਰਿਆਂ ਨੂੰ ਸਿਰੋਪਾਓ ਦੇ ਕੇ ਸਵਾਗਤ ਕੀਤਾ।
ਐਨ. ਕੇ. ਸ਼ਰਮਾ ਨੇ ਕਿਹਾ ਕਿ ਇਸ ਇਲਾਕੇ ਦੇ ਪਿੰਡਾਂ ਦੇ ਵਸਨੀਕਾਂ ਦੀ ਸਭ ਤੋਂ ਵੱਡੀ ਸਮੱਸਿਆ ਸਿਹਤ ਸਹੂਲਤਾਂ ਦੀ ਹੈ। ਉਨ੍ਹਾਂ ਕਿਹਾ ਕਿ ਇੱਥੋਂ ਚਾਰ ਵਾਰ ਕਾਂਗਰਸ ਦੀ ਸੰਸਦ ਮੈਂਬਰ ਰਹਿ ਚੁੱਕੀ ਪ੍ਰਨੀਤ ਕੌਰ ਭਾਜਪਾ ਦੀ ਟਿਕਟ ’ਤੇ ਚੋਣ ਮੈਦਾਨ ਵਿੱਚ ਹੈ ਅਤੇ ਇੱਕ ਵਾਰ ਆਮ ਆਦਮੀ ਪਾਰਟੀ ਦੇ ਸਾਂਸਦ ਰਹੇ ਧਰਮਵੀਰ ਗਾਂਧੀ ਕਾਂਗਰਸ ਦੀ ਟਿਕਟ ’ਤੇ ਚੋਣ ਲੜ ਰਹੇ ਹਨ। ਕਰੀਬ ਇਕ ਸਾਲ ਤੋਂ ਪੰਜਾਬ ਦੇ ਸਿਹਤ ਮੰਤਰੀ ਦੀ ਜ਼ਿੰਮੇਵਾਰੀ ਸੰਭਾਲ ਰਹੇ ਬਲਬੀਰ ਸਿੰਘ ‘ਆਪ’ ਦੀ ਤਰਫੋਂ ਚੋਣ ਲੜ ਰਹੇ ਹਨ। ਪਰ ਕਿਸੇ ਨੇ ਵੀ ਇੱਥੋਂ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵੱਲ ਧਿਆਨ ਨਹੀਂ ਦਿੱਤਾ।
ਐਨ.ਕੇ. ਸ਼ਰਮਾ ਨੇ ਜਨਸਭਾਵਾਂ ਦੌਰਾਨ ਹਾਜ਼ਰ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਇੱਕ ਵਾਰ ਪੇਂਡੂ ਵਿਅਕਤੀ ਨੂੰ ਚੋਣ ਜਿਤਾ ਕੇ ਲੋਕ ਸਭਾ ਵਿੱਚ ਭੇਜਣ, ਉਹ ਸਮੁੱਚੇ ਲੋਕ ਸਭਾ ਹਲਕੇ ਦੀ ਹੈਲਥ ਮੈਪਿੰਗ ਕਰਵਾ ਕੇ ਸਾਰੇ ਨੌਂ ਹਲਕਿਆਂ ਵਿੱਚ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਗੇ। ਉਨ੍ਹਾਂ ਦੇ ਸਾਂਸਦ ਰਹਿੰਦਿਆਂ ਕਿਸੇ ਨੂੰ ਵੀ ਇਲਾਜ ਲਈ ਪਟਿਆਲਾ ਤੋਂ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ।
ਇਸ ਮੌਕੇ ਹਲਕਾ ਇੰਚਾਰਜ ਬਾਬੂ ਕਬੀਰਦਾਸ ਤੋਂ ਇਲਾਵਾ ਮਹਿੰਦਰ ਸਿੰਘ ਲਾਲਵਾ, ਜਗਮੀਤ ਸਿੰਘ ਹਰਿਆਓ, ਜੋਗਿੰਦਰ ਸਿੰਘ ਬਾਵਾ, ਗੁਰਮੀਤ ਸਿੰਘ ਗਲੋਲੀ, ਜਸਕਰਨ ਸਰਪੰਚ, ਦਲਜੀਤ ਸਿੰਘ ਗਲੋਲੀ, ਗੁਰਨਾਮ ਸਿੰਘ ਵੜੈਚ, ਲਖਵਿੰਦਰ ਸਿੰਘ ਬਿੱਟੂ, ਮਨਜੀਤ ਸ਼ੇਰਗੜ੍ਹ ਸਮੇਤ ਕਈ ਪਤਵੰਤੇ ਹਾਜ਼ਰ ਸਨ।