ਐਮ.ਐਲ.ਏ. ਤੇ ਕੈਬਨਿਟ ਮੰਤਰੀ ਵਾਂਗ ਸੰਸਦ ਮੈਂਬਰ ਦੀ ਡਿਊਟੀ ਬਾਖੂਬੀ ਨਿਭਾਵਾਂਗਾ: ਮੀਤ ਹੇਅਰ
- ਟਰੈਕਟਰ, ਕੰਬਾਈਨਾਂ, ਮੋਟਰ ਸਾਈਕਲ, ਜੀਪਾਂ ਰਾਹੀਂ ਕੀਤੇ ਰੋਡ ਸ਼ੋਅ
- ਹਰ ਹਲਕੇ ਦੇ ਪਿੰਡ-ਸ਼ਹਿਰ ਤੱਕ ਕੀਤੀ ਪਹੁੰਚ
ਦਲਜੀਤ ਕੌਰ
ਬਰਨਾਲਾ, 30 ਮਈ, 2024: ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਆਪ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਪਿਛਲੇ ਢਾਈ ਮਹੀਨਿਆਂ ਤੋਂ ਅੱਤ ਦੀ ਗਰਮੀ ਦੇ ਬਾਵਜੂਦ ਧੂੰਆਂਧਾਰ ਪ੍ਰਚਾਰ ਕਰਦਿਆਂ ਸੰਗਰੂਰ ਹਲਕੇ ਅਧੀਨ ਆਉਂਦੇ ਸਾਰੇ 9 ਵਿਧਾਨ ਸਭਾ ਹਲਕਿਆਂ ਦੇ ਹਰ ਪਿੰਡ, ਸ਼ਹਿਰ ਤੱਕ ਪਹੁੰਚ ਕੀਤੀ ਗਈ। ਰਵਾਇਤੀ ਸਾਧਨਾਂ ਉਤੇ ਚੋਣ ਪ੍ਰਚਾਰ ਕਰਦੇ ਮੀਤ ਹੇਅਰ ਦੀਆਂ ਰੈਲੀਆਂ ਤੇ ਰੋਡ ਸ਼ੋਅ ਦੌਰਾਨ ਵੱਡੀਆਂ ਭੀੜਾਂ ਦੇਖਣ ਨੂੰ ਮਿਲੀਆਂ।
ਮੀਤ ਹੇਅਰ ਜੋ ਦੋ ਵਾਰ ਬਰਨਾਲਾ ਤੋਂ ਵਿਧਾਇਕ ਅਤੇ ਮੌਜੂਦਾ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਵੀ ਹਨ, ਨੇ ਕਿਹਾ ਕਿ ਜਿਵੇਂ ਉਨ੍ਹਾਂ ਐਮ.ਐਲ.ਏ. ਅਤੇ ਕੈਬਨਿਟ ਮੰਤਰੀ ਵਜੋਂ ਆਪਣਾ ਹਰ ਫਰਜ਼ ਤਨਦੇਹੀ ਨਾਲ ਨਿਭਾਇਆ ਹੈ, ਉਵੇਂ ਹੀ ਹੁਣ ਸੰਸਦ ਮੈਂਬਰ ਦੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਹ ਬਰਨਾਲਾ ਵਾਸੀਆਂ ਵਾਂਗ ਸੰਗਰੂਰ ਹਲਕਾ ਵਾਸੀਆਂ ਨੂੰ ਕੋਈ ਉਲਾਂਭਾ ਨਹੀਂ ਆਉਣ ਦੇਣਗੇ।
ਮੀਤ ਹੇਅਰ ਵੱਲੋਂ ਪਿਛਲੇ ਢਾਈ ਮਹੀਨਿਆਂ ਦੌਰਾਨ ਹਰ ਵਿਧਾਨ ਸਭਾ ਹਲਕੇ ਵਿੱਚ ਘੱਟੋ-ਘੱਟ 8-10 ਦਿਨ ਪ੍ਰਚਾਰ ਕੀਤਾ ਗਿਆ। ਪਿੰਡਾਂ ਵਿੱਚ ਪ੍ਰਚਾਰ ਕਰਦਿਆਂ ਉਹ ਇਕ ਪਿੰਡ ਤੋਂ ਦੂਜੇ ਪਿੰਡ ਰੋਡ ਸ਼ੋਅ ਦੌਰਾਨ ਟਰੈਕਟਰਾਂ, ਕੰਬਾਈਨਾਂ, ਮੋਟਰ ਸਾਈਕਲਾਂ ਤੇ ਜੀਪਾਂ ਉਤੇ ਸਵਾਰ ਹੋ ਕੇ ਪਿੰਡ ਪਹੁੰਚਦੇ। ਸਖਤ ਗਰਮੀ ਵਿੱਚ ਉਹ ਸੱਥਾਂ ਵਿੱਚ ਤਿੱਖੜ ਦੁਪਹਿਰੇ ਵੱਡੇ ਇਕੱਠਾਂ ਨੂੰ ਸੰਬੋਧਨ ਕਰਦੇ ਰਹੇ। ਮੀਤ ਹੇਅਰ ਨੇ ਆਪਣੇ ਪ੍ਰਚਾਰ ਦੌਰਾਨ ਪੂਰੇ ਸੰਗਰੂਰ ਹਲਕੇ ਨੂੰ ਕਵਰ ਕੀਤਾ ਅਤੇ ਸੂਬਾ ਸਰਕਾਰ ਅਤੇ ਆਪਣੀਆਂ ਕੈਬਨਿਟ ਮੰਤਰੀ ਵਜੋਂ ਪ੍ਰਾਪਤੀਆਂ ਦਾ ਰਿਪੋਰਟ ਕਾਰਡ ਦਿਖਾ ਕੇ ਵੋਟਾਂ ਮੰਗੀਆਂ।
ਮੀਤ ਹੇਅਰ ਦੇ ਪ੍ਰਚਾਰ ਦੀ ਖਾਸੀਅਤ ਇਹ ਵੀ ਰਹੀ ਕਿ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਰੋਡ ਸ਼ੋਅ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਰੋਡ ਸ਼ੋਅ ਅਤੇ ਰੈਲੀਆਂ ਸਮੇਤ ਸਮੁੱਚੀ ਪਾਰਟੀ ਲੀਡਰਸ਼ਿਪ ਨੇ ਇਕਜੁੱਟ ਹੋ ਕੇ ਪ੍ਰਚਾਰ ਕਰਦਿਆਂ ਮੀਤ ਹੇਅਰ ਲਈ ਵੋਟਾਂ ਮੰਗੀਆਂ। ਇਸ ਤੋਂ ਇਲਾਵਾ ਰੋਜ਼ਾਨਾ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਆਖ ਕੇ ਆਪ ਜੁਆਇਨ ਕਰਨ ਵਾਲਿਆਂ ਦੀ ਵੱਡੀ ਗਿਣਤੀ ਰਹੀ। ਮੀਤ ਹੇਅਰ ਸਵੇਰੇ 7 ਵਜੇ ਆਪਣੀ ਬਰਨਾਲਾ ਰਿਹਾਇਸ਼ ਉਤੇ ਲੋਕਾਂ ਨੂੰ ਮਿਲਣ ਤੋਂ ਲੈ ਕੇ ਪੂਰਾ ਦਿਨ ਪ੍ਰਚਾਰ ਕਰਨ ਅਤੇ ਦੇਰ ਰਾਤ ਤੱਕ ਮੀਟਿੰਗਾਂ ਰਾਹੀਂ ਪ੍ਰਚਾਰ ਕਰਦੇ ਰਹੇ।