ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੱਧੂ ਦੇ ਪਰਿਵਾਰ ਨੇ ਬਠਿੰਡਾ ਸ਼ਹਿਰ 'ਚ ਭਖਾਈ ਚੋਣ ਮੁਹਿੰਮ
- ਸ਼ਹਿਰ ਦੇ ਕਈ ਵਾਰਡਾਂ ਵਿੱਚ ਚਲਾਇਆ ਜਾ ਰਿਹਾ ਡੋਰ ਟੂ ਡੋਰ ਪ੍ਰੋਗਰਾਮ
ਬਠਿੰਡਾ, 15 ਮਈ 2024 - ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਵੱਲੋਂ ਜਿੱਥੇ ਵੱਖ-ਵੱਖ ਹਲਕਿਆਂ ਦੇ ਵਿੱਚ ਚੋਣ ਪ੍ਰਚਾਰ ਕਰਕੇ ਵੋਟਰਾਂ ਨੂੰ ਸਾਥ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ ਉਥੇ ਦੂਜੇ ਪਾਸੇ ਉਹਨਾਂ ਦਾ ਪੂਰਾ ਪਰਿਵਾਰ ਵੀ ਇਸ ਚੋਣ ਮੁਹਿੰਮ ਦੇ ਵਿੱਚ ਡਟਿਆ ਹੋਇਆ ਹੈ। ਸ: ਸਿੱਧੂ ਦੀ ਪਤਨੀ ਨਿਮਰਤ ਕੌਰ, ਬੇਟੀ ਬੀਆ ਸਿੱਧੂ ਅਤੇ ਨੂੰਹ ਏਕਨੂਰ ਸਿੱਧੂ ਵੱਲੋਂ ਲਗਾਤਾਰ ਬਠਿੰਡਾ ਸ਼ਹਿਰ ਦੇ ਵੱਖ ਵੱਖ ਵਾਰਡਾਂ ਦੇ ਵਿੱਚ ਸਥਾਨਕ ਆਗੂਆਂ ਦੇ ਸਹਿਯੋਗ ਨਾਲ ਵੋਟਰਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ। ਬੀਤੀ ਸ਼ਾਮ ਮੈਡਮ ਨਿਮਰਤ ਕੌਰ ਵੱਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਨੁਕੜ ਮੀਟਿੰਗਾਂ ਅਤੇ ਡੋਰ ਟੂ ਡੋਰ ਮੁਹਿੰਮ ਤਹਿਤ ਵੋਟਰਾਂ ਨਾਲ ਰਾਬਤਾ ਕਰਦੇ ਹੋਏ ਸ਼ਹਿਰ ਅਤੇ ਪੂਰੇ ਬਠਿੰਡਾ ਲੋਕ ਸਭਾ ਹਲਕੇ ਦੇ ਵਿਕਾਸ ਦੇ ਲਈ ਕਾਂਗਰਸ ਪਾਰਟੀ ਦਾ ਸਾਥ ਦੇਣ ਦੀ ਅਪੀਲ ਕੀਤੀ।
ਇਸ ਮੌਕੇ ਉਹਨਾਂ ਕਿਹਾ ਕਿ ਜਿੱਥੇ ਦੂਜੇ ਪਾਰਟੀਆਂ ਵੱਲੋਂ ਚੋਣਾ ਮੌਕੇ ਵੱਡੇ ਵੱਡੇ ਝੂਠੇ ਦਾਅਵੇ ਤੇ ਵਾਅਦੇ ਕਰਕੇ ਵੋਟਰਾਂ ਨੂੰ ਭਰਮਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਉਥੇ ਤੁਹਾਡੇ ਆਪਣੇ ਸ਼ਹਿਰ ਵਿੱਚ ਰਹਿਣ ਵਾਲੇ ਕਾਂਗਰਸੀ ਉਮੀਦਵਾਰ ਦੇ ਪਿਛਲੇ 30 ਸਾਲਾਂ ਦਾ ਸਿਆਸੀ ਰਿਕਾਰਡ ਬੋਲਦਾ ਹੈ ਕਿ ਉਹਨਾਂ ਕਦੇ ਵੀ ਝੂਠੇ ਵਾਅਦੇ ਕਰਕੇ ਚੋਣਾਂ ਜਿੱਤਣ ਦਾ ਯਤਨ ਨਹੀਂ ਕੀਤਾ ਬਲਕਿ ਨੇਕ ਨੀਤੀ ਤੇ ਸਾਫ ਦਿਲ ਦੇ ਨਾਲ ਆਪਣੇ ਕੰਮ ਨੂੰ ਪੂਰਾ ਕੀਤਾ ਹੈ। ਕਾਂਗਰਸੀ ਉਮੀਦਵਾਰ ਦੇ ਪਤਨੀ ਨੇ ਕਿਹਾ ਕਿ ਪਿਛਲੇ 15 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਇਸ ਹਲਕੇ ਦੀ ਨੁਮਾਇੰਦਗੀ ਕਰਦੇ ਆ ਰਹੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਲਗਾਤਾਰ 10 ਸਾਲ ਪੰਜਾਬ ਦੇ ਵਿੱਚ ਸਰਕਾਰ ਵੀ ਰਹੀ ਹੈ ਪ੍ਰੰਤੂ ਇਸ ਪਰਿਵਾਰ ਨੇ ਆਪਣੇ ਵਿਕਾਸ ਤੋਂ ਇਲਾਵਾ ਕਦੇ ਵੀ ਵੋਟਰਾਂ ਦਾ ਦਰਦ ਨੇੜੇ ਹੋ ਕੇ ਜਾਨਣ ਦਾ ਯਤਨ ਨਹੀਂ ਕੀਤਾ। ਜਦੋਂ ਕਿ ਦੂਜੇ ਪਾਸੇ ਦੋ ਸਾਲ ਪਹਿਲਾਂ ਝੂਠੇ ਬਦਲਾਵ ਦਾ ਨਾਅਰਾ ਦੇ ਕੇ ਪੰਜਾਬ ਦੇ ਵੋਟਰਾਂ ਨੂੰ ਠੱਗਣ ਵਾਲੀ ਆਮ ਆਦਮੀ ਪਾਰਟੀ ਦੇ ਚਿਹਰੇ ਤੋਂ ਹੁਣ ਪੂਰੀ ਤਰ੍ਹਾਂ ਨਕਾਬ ਉਤਰ ਚੁੱਕਿਆ ਹੈ।
ਬੀਬੀ ਨਿਮਰਤ ਕੌਰ ਨੇ ਕਿਹਾ ਕਿ ਹਲਕੇ ਦੇ ਲੋਕ ਬਹੁਤ ਹੀ ਜਾਗਰੁਕ ਅਤੇ ਪੜੇ ਲਿਖੇ ਹਨ ਜਿਹੜੇ ਆਪਣੇ ਵੋਟ ਦਾ ਇਸਤੇਮਾਲ ਬਹੁਤ ਹੀ ਸੋਚ ਸਮਝ ਕੇ ਕਰਨਗੇ। ਉਹਨਾਂ ਕਿਹਾ ਤੁਹਾਡੀ ਇੱਕ ਵੋਟ ਪੂਰੇ ਹਲਕੇ ਦੀ ਕਿਸਮਤ ਨੂੰ ਬਦਲ ਸਕਦੀ ਹੈ ਜਿਸ ਦੇ ਚਲਦੇ ਵੋਟਰਾਂ ਨੂੰ ਹੱਕ ਸੱਚ ਦਾ ਸਾਥ ਦੇਣ ਵਾਲੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਨਾਲ ਖੜਨਾ ਚਾਹੀਦਾ ਹੈ। ਇਸ ਦੌਰਾਨ ਜਿਲਾ ਪ੍ਰਧਾਨ ਸ਼ਹਿਰੀ ਰਾਜਨ ਗਰਗ ਤੋਂ ਇਲਾਵਾ ਸਾਬਕਾ ਪ੍ਰਧਾਨ ਅਰੁਨ ਵਧਾਵਨ, ਸਾਬਕਾ ਮੇਅਰ ਬਲਵੰਤ ਰਾਏ ਨਾਥ, ਸੀਨੀਅਰ ਆਗੂ ਟਹਿਲ ਸਿੰਘ ਬੁੱਟਰ, ਪਵਨ ਮਾਨੀ ਬਲਜਿੰਦਰ ਸਿੰਘ, ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ, ਅਨਿਲ ਭੋਲਾ, ਰੁਪਿੰਦਰ ਬਿੰਦਰਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਦੀ ਸਮੁੱਚੀ ਕਾਂਗਰਸ ਲੀਡਰਸ਼ਿਪ ਅਤੇ ਵਰਕਰ ਮੌਜੂਦ ਰਹੇ।