ਕਾਂਗਰਸ ਹਰ ਨਵੇਂ ਗ੍ਰੈਜੂਏਟ ਨੂੰ ਪਹਿਲੀ ਨੌਕਰੀ ਦੀ ਗਰੰਟੀ ਦੇਵੇਗੀ: ਤਿਵਾੜੀ
- ਕਿਹਾ: ਭਾਜਪਾ ਸਰਕਾਰ 'ਚ ਭਾਰਤ 'ਚ 70 ਕਰੋੜ ਲੋਕ ਬੇਰੁਜ਼ਗਾਰ
ਚੰਡੀਗੜ੍ਹ, 2 ਮਈ 2024: ਚੰਡੀਗੜ੍ਹ ਸੰਸਦੀ ਹਲਕੇ ਤੋਂ ਇੰਡੀਆ ਅਲਾਇੰਸ ਦੇ ਸਾਂਝੇ ਉਮੀਦਵਾਰ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਭਾਰਤ ਸਰਕਾਰ ਹਰ ਨਵੇਂ ਗ੍ਰੈਜੂਏਟ ਅਤੇ ਡਿਪਲੋਮਾ ਹੋਲਡਰ ਨੂੰ ਪਹਿਲੇ ਸਾਲ ਵਿੱਚ ਨੌਕਰੀ ਦੀ ਗਰੰਟੀ ਦੇਵੇਗੀ।
ਇੱਥੇ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਤਿਵਾੜੀ ਨੇ ਕਿਹਾ ਕਿ ਕਾਂਗਰਸ ਨੇ ਨੌਜਵਾਨਾਂ, ਔਰਤਾਂ, ਕਿਸਾਨਾਂ ਅਤੇ ਮਜ਼ਦੂਰਾਂ ਸਮੇਤ ਸਮਾਜ ਦੇ ਸਾਰੇ ਵਰਗਾਂ ਨੂੰ ਕਵਰ ਕਰਨ ਲਈ 25 ਗਾਰੰਟੀਆਂ ਦਿੱਤੀਆਂ ਹਨ।
ਉਨ੍ਹਾਂ ਖ਼ੁਲਾਸਾ ਕੀਤਾ ਕਿ ਭਾਜਪਾ ਸਰਕਾਰ ਦੇ ਸ਼ਾਸਨ ਵਿੱਚ ਦੇਸ਼ ਵਿੱਚ ਬੇਰੁਜ਼ਗਾਰੀ ਅਤੇ ਵਧਦੀ ਮਹਿੰਗਾਈ ਦੀ ਸਮੱਸਿਆ ਆਪਣੇ ਗੰਭੀਰ ਪੱਧਰ ’ਤੇ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਬੇਰੋਜ਼ਗਾਰੀ 45 ਸਾਲਾਂ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ ਹੈ ਅਤੇ 70 ਕਰੋੜ ਲੋਕ ਬੇਰੁਜ਼ਗਾਰ ਹਨ ਅਤੇ ਬਿਨਾਂ ਨੌਕਰੀ ਤੋਂ ਹਨ।
ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਇਸ ਸਮੱਸਿਆ ਪ੍ਰਤੀ ਇੰਨੀ ਉਦਾਸੀਨ ਹੈ ਕਿ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ 30 ਲੱਖ ਅਸਾਮੀਆਂ ਖਾਲੀ ਹਨ, ਜਿਨ੍ਹਾਂ ਨੂੰ ਭਾਜਪਾ ਸਰਕਾਰ ਨੇ ਇੰਨੀ ਵੱਡੀ ਬੇਰੁਜ਼ਗਾਰੀ ਦੇ ਬਾਵਜੂਦ ਨਾ ਭਰਨ ਦਾ ਫੈਸਲਾ ਕੀਤਾ।
ਤਿਵਾੜੀ ਨੇ ਦੱਸਿਆ ਕਿ 'ਪਹਿਲੀ ਨੌਕਰੀ ਪੱਕੀ' ਤਹਿਤ ਹਰ ਨਵੇਂ ਗ੍ਰੈਜੂਏਟ ਜਾਂ ਡਿਪਲੋਮਾ ਹੋਲਡਰ ਨੂੰ ਇਕ ਸਾਲ ਦੀ ਅਪ੍ਰੈਂਟਿਸਸ਼ਿਪ ਮਿਲੇਗੀ ਜਿਸ ਦੌਰਾਨ ਉਸ ਨੂੰ 8500 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ 1 ਲੱਖ ਰੁਪਏ ਮਿਲਣਗੇ। ਉਨ੍ਹਾਂ ਦੱਸਿਆ ਕਿ ਇਸ ਨਾਲ ਉਨ੍ਹਾਂ ਨੂੰ ਜੋਬ ਮਾਰਕੀਟ ਵਿੱਚ ਦਾਖਲਾ ਮਿਲੇਗਾ।
ਤਿਵਾੜੀ ਨੇ ਕਿਹਾ ਕਿ ਭਾਜਪਾ ਨੇ ਆਰਥਿਕ ਉਦਾਰੀਕਰਨ ਬਾਰੇ ਝੂਠਾ ਮਿੱਥ ਬਣਾ ਕੇ ਸਿਰਫ ਏਕਾਧਿਕਾਰ ਹੀ ਬਣਾਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵੱਡੇ ਕਾਰੋਬਾਰੀਆਂ ਦੇ ਖਿਲਾਫ ਨਹੀਂ ਸਗੋਂ ਏਕਾਧਿਕਾਰ ਦੇ ਖਿਲਾਫ ਹੈ, ਜਿਸਦਾ ਹਰ ਕਿਸੇ 'ਤੇ ਬੁਰਾ ਪ੍ਰਭਾਵ ਪੈਂਦਾ ਹੈ।
ਡੀਆਰਟੀ ਬਾਰ ਐਸੋਸੀਏਸ਼ਨ ਦੀ ਮੀਟਿੰਗ:
ਉੱਥੇ ਹੀ, ਤਿਵਾੜੀ ਨੇ ਸੀਨੀਅਰ ਵਕੀਲ ਸੰਦੀਪ ਵਰਮਾਨੀ ਵੱਲੋਂ ਆਯੋਜਿਤ ਡੀਆਰਟੀ ਬਾਰ ਐਸੋਸੀਏਸ਼ਨ ਦੀ ਮੀਟਿੰਗ ਨੂੰ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਡੀਆਰਟੀ ਬਾਰ ਐਸੋਸੀਏਸ਼ਨ, ਚੰਡੀਗੜ੍ਹ ਤੋਂ ਉਨ੍ਹਾਂ ਦੇ ਕਾਨੂੰਨੀ ਭਾਈਚਾਰੇ ਨਾਲ ਇਹ ਬਹੁਤ ਵਧੀਆ ਸੈਸ਼ਨ ਸੀ। ਜਿੱਥੇ ਉਨ੍ਹਾਂ ਨੇ ਕਰਜ਼ਾ ਵਸੂਲੀ ਅਤੇ ਵਿੱਤੀ ਸਥਿਰਤਾ ਦੇ ਵੱਖ-ਵੱਖ ਕਾਨੂੰਨੀ ਪਹਿਲੂਆਂ 'ਤੇ ਚਰਚਾ ਕੀਤੀ।
ਮੀਟਿੰਗ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਕੇਪੀਐਸ ਢਿੱਲੋਂ, ਮੀਤ ਪ੍ਰਧਾਨ ਸੁਮਿਤ ਸਹਿਗਲ ਅਤੇ ਸਕੱਤਰ ਤਨਵੀਰ ਰੱਤਾ ਆਦਿ ਹਾਜ਼ਰ ਸਨ।
ਸੈਕਟਰ 29-30 ਵਿੱਚ ਪਦਯਾਤਰਾ:
ਤਿਵਾੜੀ ਨੇ ਸੈਕਟਰ 29 ਅਤੇ 30 ਵਿੱਚ ਪੈਦਲ ਯਾਤਰਾ ਕੀਤੀ। ਜਿੱਥੇ ਉਨ੍ਹਾਂ ਨੇ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਕੀਤੀ। ਪ੍ਰੋਗਰਾਮ ਦਾ ਸੰਚਾਲਨ ਸਥਾਨਕ ਕੌਂਸਲਰ ਸ਼੍ਰੀਮਤੀ ਤਰੁਣਾ ਮਹਿਤਾ ਅਤੇ ਯਾਦਵਿੰਦਰ ਮਹਿਤਾ ਨੇ ਕੀਤਾ।
ਇਸ ਮੌਕੇ ਸਾਦਿਕ ਮੁਹੰਮਦ, ਸੁਖਵਿੰਦਰ, ਆਪ ਆਗੂ ਸੰਨੀ ਔਲਖ, ਹਰਪ੍ਰੀਤ ਸਿੰਘ ਉੱਪਲ, ਓ.ਪੀ ਵਰਮਾ, ਵਿਨੋਦ ਕੁਮਾਰ ਸੋਨੂੰ, ਬਲਦੇਵ ਸਿੰਘ, ਜਸਬੀਰ ਸਿੰਘ ਸੰਧੂ, ਮਜ਼ਹਰ ਹੁਸੈਨ, ਅਸ਼ੀਸ਼ ਤੇ ਚੰਨੀ ਤੇ ਹੋਰ ਹਾਜ਼ਰ ਸਨ।