ਜਿੱਤਣ ਤੋਂ ਬਾਅਦ ਸਾਰੇ ਹਲਕਿਆਂ ਦਾ ਕਰਾਂਗਾ ਇਕਸਾਰ ਵਿਕਾਸ: ਜੀਤਮਹਿੰਦਰ ਸਿੱਧੂ
ਸਰਦੂਲਗੜ੍ਹ, 7 ਮਈ 2024: ਕਾਂਗਰਸ ਪਾਰਟੀ ਦੇ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਵੱਲੋਂ ਅੱਜ ਸਰਦੂਲਗੜ੍ਹ ਵਿਧਾਨ ਸਭਾ ਹਲਕੇ ਦੇ ਦੋ ਦਰਜ਼ਨ ਦੇ ਕਰੀਬ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਹਲਕੇ ਦੇ ਵੋਟਰਾਂ ਵੱਲੋਂ ਕਾਂਗਰਸੀ ਉਮੀਦਵਾਰ ਨੂੰ ਭਰਵਾਂ ਪਿਆਰ ਦਿੰਦਿਆਂ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਨੂੰ ਅਪਣੇ ਇਲਾਕੇ ਵਿਚੋਂ ਵੱਡੀ ਲੀਡ ਦਿਵਾਉਣਗੇ। ਇਸ ਮੌਕੇ ਜੀਤਮਹਿੰਦਰ ਸਿੰਘ ਸਿੱਧੂ ਨੇ ਵੀ ਹਲਕਾ ਵਾਸੀਆਂ ਨੂੰ ਵਿਸਵਾਸ ਦਿਵਾਉਂਦਿਆਂ ਕਿਹਾ ਕਿ ਜੇਕਰ ਉਹ ਲੋਕਾਂ ਦੇ ਪਿਆਰ ਨਾਲ ਸੰਸਦ ਵਿਚ ਪਹੁੰਚਦੇ ਹਨ ਤਾਂ ਉਹ ਸਾਰੇ ਹਲਕਿਆਂ ਦਾ ਇਕਸਾਰ ਵਿਕਾਸ ਕਰਵਾਉਣਗੇ।
ਉਨ੍ਹਾਂ ਅਕਾਲੀ ਉਮੀਦਵਾਰ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਅਪਣੇ ਵਿਕਾਸ ਨੂੰ ਹੀ ਲੋਕਾਂ ਦਾ ਵਿਕਾਸ ਦੱਸੀ ਜਾ ਰਹੇ ਹਨ। ਜੀਤ ਮਹਿੰਦਰ ਸਿੱਧੂ ਨੇ ਅੱਗੇ ਕਿਹਾ ਕਿ ਮਾਨਸਾ ਜ਼ਿਲ੍ਹੇ ਵਿਚ ਹਾਲੇ ਵੀ ਕੋਈ ਉੱਚ ਪੱਧਰ ਦਾ ਮੈਡੀਕਲ ਜਾਂ ਸਿੱਖਿਆ ਸੰਸਥਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਹੁਣ ਬਾਦਲ ਪ੍ਰਵਾਰ ਦੀ ਪ੍ਰਾਈਵੇਟ ਲਿਮਟਿਡ ਬਣ ਕੇ ਰਹਿ ਗਿਆ। ਉਨ੍ਹਾਂ ਭਾਜਪਾ ਨੂੰ ਵੀ ਲੰਮੇ ਹੱਥੀ ਲੈਂਦਿਆਂ ਕਿਹਾ ਕਿ ਦਿੱਲੀ ਤੋਂ ਲੈ ਕੇ ਸੰਭੂ ਤੇ ਖ਼ਨੌਰੀ ਬਾਰਡਰਾਂ ’ਤੇ ਕਿਸਾਨਾਂ ਨੂੰ ਸ਼ਹੀਦ ਕਰਨ ਵਾਲੀ ਇਹ ਪਾਰਟੀ ਨੂੰ ਹੁਣ ਥਾਂ ਥਾਂ ਵਿਰੋਧ ਦਾ ਸਾਹਮਣਾ ਕਰਨਾਂ ਪੈ ਰਿਹਾ ਹੈ। ਦੂਜੇ ਪਾਸੇ ਕਾਂਗਰਸ ਪਾਰਟੀ ਕਿਸਾਨਾਂ ਦੀ ਹੀ ਨਹੀਂ, ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਹੈ, ਜਿਸਨੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਕੇ ਇਤਿਹਾਸਕ ਕੰਮ ਕੀਤਾ ਸੀ।
ਜੀਤਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਇਕੱਲੇ ਬਠਿੰਡਾ ਵਿਚ ਹੀ ਨਹੀਂ, ਪੂਰੇ ਦੇਸ਼ ਵਿਚ ਕਾਂਗਰਸ ਦੇ ਹੱਕ ਵਿਚ ਹਵਾ ਚੱਲ ਰਹੀ ਹੈ ਤੇ ਭਾਜਪਾ ਇੰਨ੍ਹਾਂ ਘਬਰਾ ਗਈ ਹੈ ਕਿ ਹੁਣ ਧਰਮ ਤੇ ਜਾਤੀ ਦੇ ਨਾਂ ’ਤੇ ਵੋਟਾਂ ਮੰਗਣ ਲੱਗੀ ਹੈ। ਉਨ੍ਹਾਂ ਆਪ ਉਮੀਦਵਾਰ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵਿਚ ਖੇਤੀਬਾੜੀ ਮੰਤਰੀ ਹੋਣ ਦੇ ਬਾਵਜੂਦ ਕਿਸਾਨਾਂ ’ਤੇ ਆਈਆਂ ਕੁਦਰਤੀ ਆਫ਼ਤਾਂ ਦੌਰਾਨ ਇੱਕ ਵਾਰ ਵੀ ਉਨ੍ਹਾਂ ਬਾਂਹ ਨਹੀਂ ਫ਼ੜੀ। ਜਿਸਦੇ ਚੱਲਦੇ ਹੁਣ ਕਿਸਾਨਾਂ ਨੂੰ ਮਜਬੂਰਨ ਸੰਘਰਸ਼ ਕਰਨਾ ਪੈ ਰਿਹਾ ਹੈ। ਉਨ੍ਹਾਂ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਦੇਸ ’ਚ ਲੋਕਤੰਤਰ ਤੇ ਸੰਵਿਧਾਨ ਨੂੰ ਬਚਾਉਣ ਅਤੇ ਤਰੱਕੀ ਲਈ ਕਾਂਗਰਸ ਪਾਰਟੀ ਨੂੰ ਵੋਟ ਪਾਉਣ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਚੇਅਰਮੈਨ ਬਿਕਰਮ ਸਿੰਘ ਮੋਫ਼ਰ ਸਹਿਤ ਵੱਡੇ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।