ਢਿੱਲੋਂ ਦੀ ਅਗਵਾਈ 'ਚ ਹਲਕਾ ਡੇਰਾਬੱਸੀ ਤੋਂ ਵੱਡੀ ਗਿਣਤੀ ਮਹਿਲਾਵਾਂ ਵੱਲੋਂ ਪ੍ਰਿਯੰਕਾ ਗਾਂਧੀ ਦੀ ਰੈਲੀ 'ਚ ਸਮੂਲੀਅਤ
ਡੇਰਾਬੱਸੀ, 26 ਮਈ 2024 - ਕਾਂਗਰਸ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਵਿਸ਼ੇਸ਼ ਤੌਰ 'ਤੇ ਪੁੱਜੇ ਪ੍ਰਿਯੰਕਾ ਗਾਂਧੀ ਦੇ 'ਨਾਰੀ ਨਿਆਂ ਸੰਮੇਲਨ' ਵਿਚ ਹਲਕਾ ਡੇਰਾਬੱਸੀ ਤੋਂ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਹਜ਼ਾਰਾਂ ਔਰਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਦੀਪਇੰਦਰ ਢਿਲੋਂ ਨੇ ਬੱਸਾਂ ਨੂੰ ਰਵਾਨਾ ਕੀਤਾ ਅਤੇ ਪਟਿਆਲਾ ਪਹੁੰਚੇ ਸਾਰੇ ਹਲਕਾ ਵਾਸੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਅੱਜ ਦੀ ਰੈਲੀ ਵਿੱਚ ਪੂਰੇ ਹਲਕਾ ਪਟਿਆਲਾ ਤੋਂ ਪਹੁੰਚੀਆਂ ਵੱਡੀ ਗਿਣਤੀ ਭੈਣਾਂ ਨੇ ਇਤਿਹਾਸ ਸਿਰਜ ਦਿੱਤਾ। ਜਿਸ ਤੋਂ ਸਾਫ ਝਲਕਦਾ ਹੈ ਕਿ ਡਾਕਟਰ ਗਾਂਧੀ ਦੀ ਜਿੱਤ ਨੂੰ ਕੋਈ ਨਹੀਂ ਰੋਕ ਸਕਦਾ।
ਉਹਨਾਂ ਕਿਹਾ ਕਿ ਔਰਤਾਂ ਇਸ ਦੇਸ਼ ਵਿੱਚ ਅੱਧ ਦੀਆਂ ਮਾਲਕ ਹਨ। ਅੱਜ ਦੀ ਔਰਤ ਆਪਣੇ ਪਰਿਵਾਰ ਦੀ ਕਮਾਈ ਵਿੱਚ ਹਿੱਸੇਦਾਰ ਬਣਨਾ ਚਾਹੁੰਦੀ ਹੈ,ਚੰਗਾ ਰੁਜ਼ਗਾਰ ਕਰਨਾ ਅਤੇ ਅੱਗੇ ਵਧਣਾ ਚਾਹੁੰਦੀ ਹੈ ਪਰ ਕੇਂਦਰ ਸਰਕਾਰ ਔਰਤਾਂ ਨੂੰ ਸੁਰੱਖਿਅਤ ਅਤੇ ਰੁਜ਼ਗਾਰ ਦਾ ਮਾਹੌਲ ਦੇਣ ਵਿੱਚ ਅਸਫ਼ਲ ਹੈ।
ਉਹਨਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਬਿਆਨ ਆਪਣੇ ਅਹੁਦੇ ਦੀ ਮਰਿਯਾਦਾ ਨੂੰ ਭੰਗ ਕਰਨ ਵਾਲ਼ੇ ਹਨ। ਪ੍ਰਧਾਨ ਮੰਤਰੀ ਵੱਡੇ ਵੱਡੇ ਝੂਠ ਬੋਲਦਿਆਂ ਅਤੇ ਲੋਕਾਂ ਨੂੰ ਗੁਮਰਾਹ ਕਰਦਿਆਂ ਕਦੇ ਕਹਿੰਦੇ ਹਨ ਕਿ ਕਾਂਗਰਸ ਔਰਤਾਂ ਦੇ ਮੰਗਲਸੂਤਰ ਖੋਹ ਲਵੇਗੀ ਜਦਕਿ ਉਹਨਾਂ ਦੇ ਰਾਜ ਵਿੱਚ ਔਰਤਾਂ 'ਤੇ ਹੋਏ ਜ਼ੁਲਮ,ਸ਼ਹੀਦ ਹੋਏ ਕਿਸਾਨਾਂ ਅਤੇ ਦੇਸ਼ ਵਿਚਲੀ ਅਥਾਹ ਬੇਰੁਜ਼ਗਾਰੀ ਬਾਰੇ ਉਹ ਕਦੇ ਮੂੰਹ ਨਹੀਂ ਖੋਲ੍ਹਦੇ।
ਪਰ ਇਸਤੋਂ ਉਲਟ ਕਾਂਗਰਸ ਇਸ ਦੇਸ਼ ਦੀ ਤਰੱਕੀ,ਭਾਈਚਾਰੇ ਅਤੇ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਲੜ ਰਹੀ ਹੈ।
ਕਾਂਗਰਸ ਨੇ ਆਪਣੀਆਂ ਗਰੰਟੀਆਂ ਵਿੱਚ ਵਿਸ਼ੇਸ਼ ਤੌਰ 'ਤੇ ਔਰਤਾਂ ਲਈ ਨਿਆਂ ਦੀ ਗੱਲ ਕੀਤੀ ਹੈ ਜਿਸ ਵਿੱਚ ਹਰ ਲੋੜਵੰਦ ਪਰਿਵਾਰ ਦੀ ਸਭ ਤੋਂ ਵੱਡੀ ਔਰਤ ਨੂੰ ਸਲਾਨਾ ਇੱਕ ਲੱਖ ਰੁਪਏ ਦੀ ਸਹਾਇਤਾ ਦੇਣ ਅਤੇ ਔਰਤਾਂ ਲਈ ਨੌਕਰੀਆਂ ਵਿੱਚ 50% ਰਾਖਵੇਂਕਰਨ ਦੀ ਗਰੰਟੀ ਦਿੱਤੀ ਹੈ।
ਇਸਤੋਂ ਇਲਾਵਾ ਪਟਿਆਲਾ ਹਲਕੇ ਦੀ ਖੁਸ਼ਕਿਸਮਤੀ ਹੈ ਕਿ ਓਹਨਾਂ ਨੂੰ ਡਾਕਟਰ ਧਰਮਵੀਰ ਗਾਂਧੀ ਵਰਗਾ ਇਮਾਨਦਾਰ ਅਤੇ ਨਿਡਰ ਵਿਅਕਤੀ ਉਮੀਦਵਾਰ ਵਜੋਂ ਮਿਲਿਆ ਹੈ। ਇਸ ਲਈ ਇਹਨਾਂ ਨੂੰ ਵੱਡੀ ਲੀਡ ਨਾਲ ਜਿਤਾਉਣਾ ਬਣਦਾ ਹੈ।