ਧਰਮਵੀਰ ਗਾਂਧੀ ਦੱਸਣ ਰਾਹੁਲ ਦੇ ਗੁਰੂ ਸੈਮ ਪਿਤਰੋਦਾ ਦਾ ਸਮਰਥਨ ਕਰਨਗੇ ਜਾਂ ਵਿਰੋਧ : ਐਨ.ਕੇ. ਸ਼ਰਮਾ
ਕਾਂਗਰਸ ਦਾ ਪੰਜਾਬ ਅਤੇ ਕਿਸਾਨ ਵਿਰੋਧੀ ਚਿਹਰਾ ਫਿਰ ਆਇਆ ਸਾਹਮਣੇ
ਮਖੌਟੇ ਬਦਲ-ਬਦਲ ਕੇ ਵੋਟ ਮੰਗਣ ਆਉਣਗੇ ਦਲਬਦਲੂ
ਪਟਿਆਲਾ, 25 ਅਪ੍ਰੈਲ 2024 : ਪਟਿਆਲਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ.ਕੇ. ਸ਼ਰਮਾ ਨੇ ਆਮ ਆਦਮੀ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਅਤੇ ਮੌਜੂਦਾ ਸਮੇਂ 'ਚ ਕਾਂਗਰਸ ਪਾਰਟੀ ਦੀ ਟਿਕਟ 'ਤੇ ਚੋਣ ਲੜ ਰਹੇ ਧਰਮਵੀਰ ਗਾਂਧੀ ਨੂੰ ਰਾਹੁਲ ਗਾਂਧੀ ਦੇ ਸਿਆਸੀ ਗੁਰੂ ਸੈਮ ਪਿਤਰੋਦਾ ਦੇ ਬਿਆਨ 'ਤੇ ਘੇਰਦਿਆਂ ਕਿਹਾ ਹੈ ਕਿ ਗਾਂਧੀ ਉਨ੍ਹਾਂ ਦੇ ਬਿਆਨ ਬਾਰੇ ਆਪਣੀ ਸਥਿਤੀ ਸਪੱਸ਼ਟ ਕਰਨ। ਸੈਮ ਪਿਤਰੋਦਾ ਦੇ ਬਿਆਨ ਤੋਂ ਸਾਫ਼ ਹੋ ਗਿਆ ਹੈ ਕਿ ਕਾਂਗਰਸ ਪਾਰਟੀ ਦੀਆਂ ਨੀਤੀਆਂ ਪੰਜਾਬੀਆਂ ਅਤੇ ਕਿਸਾਨਾਂ ਦੀਆਂ ਵਿਰੋਧੀ ਹਨ। ਧਰਮਵੀਰ ਗਾਂਧੀ ਦੱਸਣ ਕਿ ਕੀ ਉਹ ਰਾਹੁਲ ਗਾਂਧੀ ਅਤੇ ਉਨ੍ਹਾਂ ਦੇ ਸਿਆਸੀ ਗੁਰੂ ਦੇ ਨਾਲ ਹਨ ਜਾਂ ਫਿਰ ਵਿਰੋਧ ਵਿੱਚ ਖੜ੍ਹੇ ਹਨ।
ਐਨਕੇ ਸ਼ਰਮਾ ਚੋਣ ਪ੍ਰਚਾਰ ਦੌਰਾਨ ਪਟਿਆਲਾ ਵਿੱਚ ਜਨਸਭਾ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸੈਮ ਪਿਤਰੋਦਾ ਨੇ ਕਿਹਾ ਕਿ ਜੇਕਰ ਦੇਸ਼ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਅਮਰੀਕਾ ਦਾ ਵਿਰਾਸਤੀ ਟੈਕਸ ਵਾਲਾ ਕਾਨੂੰਨ ਦੇਸ਼ ਵਿੱਚ ਲਾਗੂ ਕੀਤਾ ਜਾ ਸਕਦਾ ਹੈ। ਜਿਸ ਅਨੁਸਾਰ ਜੇਕਰ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਉਸਦੀ ਜਾਇਦਾਦ ਦਾ ਸਿਰਫ਼ 45 ਫ਼ੀਸਦੀ ਹਿੱਸਾ ਉਸਦੇ ਵਾਰਸਾਂ ਨੂੰ ਮਿਲੇਗਾ ਅਤੇ ਬਾਕੀ 55 ਫ਼ੀਸਦੀ ਦੇਸ਼ ਦਾ ਹੋਵੇਗਾ।
ਇਸਦਾ ਇਕ ਪਹਿਲੂ ਇਹ ਹੈ ਕਿ ਪੰਜਾਬ ਦੇ ਗਰੀਬ ਕਿਸਾਨ ਜਿਨ੍ਹਾਂ ਕੋਲ ਇਕ ਜਾਂ ਦੋ ਏਕੜ ਜ਼ਮੀਨ ਹੈ, ਇਹ ਉਨ੍ਹਾਂ 'ਤੇ ਲਾਗੂ ਹੋ ਜਾਵੇਗਾ, ਕੀ ਸਰਕਾਰ ਉਨ੍ਹਾਂ ਦੀ ਮੌਤ ਤੋਂ ਬਾਅਦ ਵੀ ਉਨ੍ਹਾਂ ਦੀ ਜ਼ਮੀਨ ਦਾ 55 ਫੀਸਦੀ ਲੈ ਲਵੇਗੀ। ਇਹ ਕਾਨੂੰਨ ਜੇਕਰ ਲਾਗੂ ਹੋਇਆ ਹੈ ਤਾਂ ਪੰਜਾਬ ਦੇ ਕਿਸਾਨਾਂ ਲਈ ਘਾਤਕ ਸਿੱਧ ਹੋਵੇਗਾ।
ਐਨ ਕੇ ਸ਼ਰਮਾ ਨੇ ਕਿਹਾ ਕਿ ਆਪਣੇ ਆਪ ਨੂੰ ਕਿਸਾਨਾਂ ਦਾ ਮਸੀਹਾ ਕਹਿਣ ਵਾਲੇ ਧਰਮਵੀਰ ਗਾਂਧੀ ਦੱਸਣ ਕਿ ਕੀ ਉਹ ਰਾਹੁਲ ਗਾਂਧੀ ਦੇ ਸਿਆਸੀ ਗੁਰੂ ਦਾ ਖੁੱਲ੍ਹ ਕੇ ਵਿਰੋਧ ਕਰਨਗੇ। ਅਕਾਲੀ ਦਲ ਦੇ ਉਮੀਦਵਾਰ ਨੇ ਕਿਹਾ ਕਿ ਕਾਂਗਰਸ ਨੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਦੇਸ਼ ਵਿੱਚ ਪਾੜੋ ਤੇ ਰਾਜ ਕਰੋ ਦੀ ਨੀਤੀ ਅਪਣਾਈ ਹੋਈ ਹੈ। ਕਾਂਗਰਸ ਇੰਦਰਾ ਗਾਂਧੀ ਦੇ ਸਮੇਂ ਤੋਂ ਹੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਵਿਰੋਧੀ ਰਹੀ ਹੈ।
ਅੱਜ ਇੱਕ ਵਾਰ ਫਿਰ ਇਹ ਸੱਚ ਸਾਬਤ ਹੋ ਗਿਆ ਹੈ ਕਿ ਕਾਂਗਰਸ ਕਦੇ ਵੀ ਪੰਜਾਬੀਆਂ ਦੀ ਭਲਾਈ ਦੀ ਗੱਲ ਨਹੀਂ ਕਰ ਸਕਦੀ। ਸ਼ਰਮਾ ਨੇ ਪਟਿਆਲਾ ਲੋਕ ਸਭਾ ਹਲਕੇ ਦੇ ਵਸਨੀਕਾਂ ਨੂੰ ਦਲਬਦਲੂਆਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਅੱਜ ਲੋਕ ਮਖੌਟੇ ਬਦਲ-ਬਦਲ ਕੇ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਆ ਰਹੇ ਹਨ। ਇਨ੍ਹਾਂ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਇਸ ਮੌਕੇ ਪਟਿਆਲਾ ਸ਼ਹਿਰੀ ਇੰਚਾਰਜ ਅਮਰਿੰਦਰ ਸਿੰਘ ਬਜਾਜ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਅਮਿਤ ਰਾਠੀ, ਸੁਖਬੀਰ ਸਿੰਘ ਅਬਲੋਵਾਲ, ਹਰਦਿਆਲ ਸਿੰਘ ਭੱਟੀ, ਬੀ.ਸੀ. ਵਿੰਗ ਪ੍ਰਧਾਨ ਹਰਦੀਪ ਸਿੰਘ ਸਮੇਤ ਕਈ ਪਤਵੰਤੇ ਹਾਜ਼ਰ ਸਨ।