ਨਸ਼ਿਆਂ ਅਤੇ ਗੁੰਡਾਗਰਦੀ ਨੂੰ ਸਿਰਫ ਭਾਜਪਾ ਹੀ ਪਾ ਸਕਦੀ ਹੈ ਨੱਥ- ਮੰਨਾ/ਗਿੱਲ
- ਵਡਾਲੀ ਡੋਗਰਾਂ ਵਿਖੇ ਮੰਨਾ ਦੇ ਹੱਕ ਵਿੱਚ ਹੋਈ ਭਰਵੀਂ ਮੀਟਿੰਗ
ਰਾਕੇਸ਼ ਨਈਅਰ ਚੋਹਲਾ
ਜੰਡਿਆਲਾ ਗੁਰੂ/ਅੰਮ੍ਰਿਤਸਰ,23 ਅਪ੍ਰੈਲ 2024 - ਲੋਕ ਸਭਾ ਹਲਕਾ ਖਡੂਰ ਸਾਹਿਬ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਵਡਾਲੀ ਡੋਗਰਾਂ ਵਿੱਚ ਹਲਕਾ ਖਡੂਰ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਮਨਜੀਤ ਸਿੰਘ ਮੰਨਾ ਮੀਆਂਵਿੰਡ ਦੇ ਹੱਕ ਵਿੱਚ ਭਰਵੀਂ ਚੋਣ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਭਾਜਪਾ ਦੇ ਉਮੀਦਵਾਰ ਮਨਜੀਤ ਸਿੰਘ ਮੰਨਾ ਮੀਆਂਵਿੰਡ ਤੋਂ ਇਲਾਵਾ ਹਲਕਾ ਜੰਡਿਆਲਾ ਗੁਰੂ ਦੇ ਇੰਚਾਰਜ ਹਰਦੀਪ ਸਿੰਘ ਗਿੱਲ ਨੇ ਵੀ ਹਿੱਸਾ ਲਿਆ।ਮੀਟਿੰਗ ਦੌਰਾਨ ਬੋਲਦਿਆਂ ਮਨਜੀਤ ਸਿੰਘ ਮੰਨਾ ਮੀਆਂਵਿੰਡ ਨੇ ਕਿਹਾ ਕਿ ਨਰਿੰਦਰ ਮੋਦੀ ਦਾ ਤੀਜੀ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਬਣਨਾ ਨਿਸ਼ਚਿਤ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਇਸ ਵਾਰ ਭਾਰਤੀ ਜਨਤਾ ਪਾਰਟੀ ਨੂੰ ਮੌਕਾ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਜੰਡਿਆਲਾ ਗੁਰੂ ਦੇ ਵਿਕਾਸ ਲਈ ਭਾਜਪਾ ਨੂੰ ਜਿਤਾਉਣਾ ਸਮੇਂ ਦੀ ਪ੍ਰਮੁੱਖ ਲੋੜ ਹੈ।ਮੰਨਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕਾਂਗਰਸ,ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਤਿੰਨਾਂ ਨੂੰ ਪਰਖ ਕੇ ਵੇਖ ਲਿਆ ਹੈ,ਕਿਸੇ ਵੀ ਪਾਰਟੀ ਨੇ ਗਰੀਬ ਵਰਗ ਦੀ ਬਾਂਹ ਨਹੀਂ ਫੜੀ।ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਗੁੰਡਾਗਰਦੀ ਅਤੇ ਦਹਿਸ਼ਤਗਰਦੀ ਨੂੰ ਨਕੇਲ ਪਾਉਣ ਦੀ ਸਮਰੱਥਾ ਭਾਜਪਾ ਹੀ ਰੱਖਦੀ ਹੈ।ਭਾਜਪਾ ਨੇ ਯੂ.ਪੀ ਅਤੇ ਬਿਹਾਰ ਵਰਗੇ ਸੂਬਿਆਂ ਵਿੱਚ ਕਾਨੂੰਨ ਸਥਾਪਿਤ ਕਰਕੇ ਪੂਰੇ ਦੇਸ਼ ਵਿੱਚ ਉਦਾਹਰਨ ਪੇਸ਼ ਕੀਤੀ ਹੈ।ਪੰਜਾਬ ਵਿੱਚ ਨਸ਼ਾਖੋਰੀ ਦੀ ਸਮੱਸਿਆ ਨੂੰ ਜੜ੍ਹੋਂ ਖਤਮ ਕਰਨ ਲਈ ਹਿੰਮਤ ਵੀ ਕੇਵਲ ਭਾਜਪਾ ਕੋਲ ਹੈ। ਉਨ੍ਹਾਂ ਪਾਰਟੀ ਵਰਕਰਾਂ ਨੂੰ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਦੀ ਅਪੀਲ ਕੀਤੀ।
ਉਨ੍ਹਾਂ ਆਖਿਆ ਕਿ ਖਡੂਰ ਸਾਹਿਬ ਵਿੱਚ ਪਹਿਲੀ ਵਾਰ ਕਿਸੇ ਰਾਸ਼ਟਰੀ ਪਾਰਟੀ ਨੇ ਮੇਰੇ ਵਰਗੇ ਗਰੀਬ ਤੇ ਮਜ਼ਦੂਰ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਨੂੰ ਟਿਕਟ ਦੇ ਕੇ ਨਿਵਾਜਿਆ ਹੈ।ਇਸ ਮੌਕੇ 'ਤੇ ਬੋਲਦਿਆਂ ਹਲਕਾ ਜੰਡਿਆਲਾ ਗੁਰੂ ਦੇ ਇੰਚਾਰਜ ਹਰਦੀਪ ਸਿੰਘ ਗਿੱਲ ਨੇ ਕਿਹਾ ਕਿ ਹਲਕਾ ਜੰਡਿਆਲਾ ਗਰੂ ਵਿੱਚ ਭਾਜਪਾ ਦੀ ਸਥਿਤੀ ਦਿਨੋ-ਦਿਨ ਮਜ਼ਬੂਤ ਹੋ ਰਹੀ ਹੈ ਅਤੇ ਇਸ ਹਲਕੇ ਤੋਂ ਭਾਜਪਾ ਨੂੰ ਵੱਡੀ ਲੀਡ ਮਿਲੇਗੀ।
ਉਨ੍ਹਾਂ ਆਖਿਆ ਕਿ ਲੋਕ ਰਵਾਇਤੀ ਪਾਰਟੀਆਂ ਤੋਂ ਤੰਗ-ਪਰੇਸ਼ਾਨ ਹਨ।ਇਸ ਵਾਰ ਲੋਕ ਭਾਜਪਾ ਨੂੰ ਮੌਕਾ ਦੇਣ ਦਾ ਮਨ ਬਣਾ ਚੁੱਕੇ ਹਨ। ਇਸ ਮੌਕੇ ਅਕਾਲੀ ਦਲ,ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ 50 ਦੇ ਕਰੀਬ ਪਰਿਵਾਰਾਂ ਨੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ।ਇਸ ਮੌਕੇ 'ਤੇ ਹੋਰਨਾਂ ਤੋ ਇਲਾਵਾ ਤੋਂ ਸਾਬਕਾ ਸਰਪੰਚ ਸੁਖਵਿੰਦਰ ਕੌਰ,ਚੇਅਰਮੈਨ ਕੰਵਰਵੀਰ ਸਿੰਘ ਮੰਜ਼ਿਲ, ਜਗਰੂਪ ਸਿੰਘ ਵਡਾਲੀ, ਬਲਵੰਤ ਸਿੰਘ,ਜਨਰਲ ਸਕੱਤਰ ਉਦੇ ਕੁਮਾਰ,ਸਰਬਜੀਤ ਸਿੰਘ, ਬਲਕਾਰ ਸਿੰਘ,ਗੁਰਪ੍ਰੀਤ ਸਿੰਘ ਵਡਾਲੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।