ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ - ਪ੍ਰੋ. ਚੰਦੂਮਾਜਰਾ
- ਆਪ ਸਰਕਾਰ ਦੇ ਕਾਰਜਕਾਲ 'ਚ ਨਸ਼ਿਆਂ ਦਾ ਕਾਰੋਬਾਰ ਵਧਿਆ
ਪ੍ਰਮੋਦ ਭਾਰਤੀ
ਨਵਾਂਸ਼ਹਿਰ 21 ਮਈ 2024 - ਅੱਜ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਹਲਕਾ ਨਵਾਂਸ਼ਹਿਰ ਦੇ ਪਿੰਡ ਕਾਮਾ ਤੇ ਰਾਮਰਾਏਪੁਰ ਵਿਖੇ ਸੰਬੋਧਨ ਕਰਦਿਆਂ ਆਖਿਆ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਨੂੰ ਉਤਸਾਹਿਤ ਕਰਨਾ ਜਰੂਰੀ ਹੈ। ਉਹਨਾਂ ਆਖਿਆ ਕਿ ਚੋਣ ਜਿੱਤਣ ਤੋਂ ਬਾਅਦ ਦੁਆਬੇ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਹਾਕੀ ਅਤੇ ਫੁੱਟਬਾਲ ਦੇ ਸਟੇਡੀਅਮ ਬਣਾਏ ਜਾਣਗੇ । ਇਸ ਮੌਕੇ ਪ੍ਰੋ ਚੰਦੂਮਾਜਰਾ ਨੇ ਆਖਿਆ ਕਿ ਹਲਕੇ ਵਿੱਚ ਨੌਜਵਾਨਾਂ ਲਈ ਜਿੱਥੇ ਵਧੀਆ ਕਿਸਮ ਦੇ ਗਰਾਊਂਡ ਤਿਆਰ ਕਰਵਾਏ ਜਾਣਗੇ ਉੱਥੇ ਹੀ ਉੱਚ ਕੋਟੀ ਦੇ ਕੋਚਾਂ ਦਾ ਵੀ ਪ੍ਰਬੰਧ ਕੀਤਾ ਜਾਵੇਗਾ।
ਪ੍ਰੋ ਚੰਦੂਮਾਜਰਾ ਨੇ ਆਖਿਆ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸੂਬੇ ਵਿੱਚ ਨਸ਼ਿਆਂ ਦਾ ਕਾਰੋਬਾਰ ਕਈ ਗੁਣਾ ਵਧਿਆ। ਉਹਨਾਂ ਆਖਿਆ ਕਿ ਸਰਕਾਰ ਬਣਨ ਤੋਂ ਪਹਿਲਾਂ ਗਿਣਵੇਂ ਦਿਨਾ ਵਿੱਚ ਨਸ਼ਾ ਖਤਮ ਕਰਨ ਦੀਆਂ ਗੱਲਾਂ ਕਰਨ ਵਾਲੀ ਆਪ ਸਰਕਾਰ ਦੇ ਰਾਜ ਚ ਨਸ਼ੇ ਦਾ ਕਾਰੋਬਾਰ ਸਿਖ਼ਰ ਤੇ ਹੈ। ਉਨ੍ਹਾਂ ਆਖਿਆ ਕਿ ਸੂਬੇ ਵਿਚ ਨਸ਼ਿਆਂ ਨਾਲ ਨੌਜਵਾਨਾਂ ਦੀਆਂ ਹੋ ਰਹੀਆਂ ਧੜਾ ਧੜ ਮੌਤਾਂ ਉੱਪਰ ਸਰਕਾਰ ਅਤੇ ਵਿਰੋਧੀ ਧਿਰ ਕਾਂਗਰਸ ਨੇ ਚੁੱਪੀ ਧਰ ਕੇ ਬੈਠੀ ਹੈ। ਇਸ ਸਮੇਂ ਪ੍ਰੋ ਚੰਦੂਮਾਜਰਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਵੱਲੋਂ ਗੁਟਕਾ ਸਾਹਿਬ ਦੀ ਝੂਠੀ ਸੌਂਹ ਖਾਧੀ ਗਈ ਸੀ ਕਿ ਨਸ਼ੇ ਦਾ ਕਾਰੋਬਾਰ ਕੁਝ ਹੀ ਹਫਤਿਆਂ ਚ ਪੰਜਾਬ ਵਿੱਚੋਂ ਖਤਮ ਕਰ ਦਿੱਤਾ ਜਾਵੇਗਾ ਪਰ ਕਾਂਗਰਸ ਦੇ ਪੰਜ ਸਾਲਾਂ ਵਿੱਚ ਨਸ਼ਿਆਂ ਨੂੰ ਖਤਮ ਕਰਨ ਦੇ ਲਈ ਕੱਖ ਵੀ ਨਹੀਂ ਕੀਤਾ।
ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਸ਼ਰੋਮਣੀ ਅਕਾਲੀ ਪੰਜਾਬੀਆਂ ਦੀ ਆਪਣੀ ਅਜਿਹੀ ਇਕਲੌਤੀ ਪਾਰਟੀ ਹੈ, ਜਿਸ ਵਿੱਚ ਫ਼ੈਸਲੇ ਦਿੱਲੀ ਤੋਂ ਨਹੀਂ ਸਿਰਫ਼ ਪੰਜਾਬ ਤੋਂ ਹੁੰਦੇ ਹਨ। ਉਨ੍ਹਾਂ ਕੇਂਦਰ ਦੀਆਂ ਪਾਰਟੀਆਂ ਨੂੰ ਠਿੱਬੀ ਲਗਾਉਦਿਆਂ ਆਖਿਆ ਕਿ ਭਾਂਵੇ ‘ਕਾਂਗਰਸ’ ਹੋਵੇ ਚਾਹੇ ‘ਆਪ’ ਫ਼ੈਸਲਾ ਦਿੱਲੀ ਦੇ ਹੱਥ ਹੁੰਦਾ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਪੰਜਾਬੀਆਂ ਦੀ ਫਿਦਰਤ ਰਹੀ ਹੈ ਕਿ ਉਹ ਕਦੇ ਵੀ ਕਿਸੇ ਦੀ ਧੌਂਸ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਵਾਸੀਆਂ ਨੂੰ ਅਪੀਲ ਕਰਦਿਆਂ ਆਖਿਆ ਕਿ ਆਪਾਂ ਸਭ ਇਕੱਠੇ ਹੋਕੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰੀਏ ਅਤੇ ਕੇਂਦਰ ਦੀ ਧੌਂਸ ਵਾਲੀਆਂ ਇਨ੍ਹਾ ਪਾਰਟੀਆਂ ਨੂੰ ਸੱਤਾ ਤੋਂ ਲਾਂਭੇ ਕਰੀਏ।
ਇਸ ਮੌਕੇ ਹਲਕਾ ਇੰਚਾਰਜ ਜਰਨੈਲ ਸਿੰਘ ਵਾਹਦ, ਸਹਿ ਹਲਕਾ ਇੰਚਾਰਜ ਜਥੇ ਤਾਰਾ ਸਿੰਘ, ਗੁਰਬਖਸ਼ ਸਿੰਘ ਖਾਲਸਾ, ਜ਼ਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਸਾਕਾਰ, ਭੁਪਿੰਦਰ ਸਿੰਘ ਜਾਡਲਾ, ਪਰਜਿੰਦਰ ਸਿੰਘ ਹੁਸੈਨਪੁਰ, ਗੁਰਮੇਲ ਸਿੰਘ, ਮਨਮੋਹਨ ਸਿੰਘ ਗੁਲਾਟੀ, ਸਤਨਾਮ ਸਿੰਘ ਸੰਤੋਖ ਸਿੰਘ ਲੰਬੜਦਾਰ, ਗੁਰਜੀਤ ਕੌਰ ਸਰਪੰਚ, ਵੀਰਬਲ ਪੰਚ, ਜੀਵਨ ਜੋਤੀ ਪੰਚ, ਜਗਜੀਤ ਸਿੰਘ ਕੋਹਲੀ, ਲਖਬੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਅਤੇ ਅਹੁਦੇਦਾਰ ਸ਼ਾਮਿਲ ਸਨ।