ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕਰਨ ਲਈ ਜਲੰਧਰ ਜਾ ਰਹੇ ਕਿਸਾਨ-ਮਜ਼ਦੂਰ ਪੁਲਸ ਨੇ ਕੀਤੇ ਗ੍ਰਿਫਤਾਰ
- ਥਾਣਾ ਔੜ ਵਿਚ ਕੀਤੇ ਬੰਦ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 24 ਮਈ 2024 - ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕਰਨ ਜਲੰਧਰ ਜਾ ਰਹੇ 60 ਦੇ ਕਰੀਬ ਕਿਰਤੀ ਕਿਸਾਨ ਯੂਨੀਅਨ ਦੇ ਕਿਸਾਨ , ਕਿਸਾਨ ਬੀਬੀਆਂ ਅਤੇ ਮਜਦੂਰਾਂ ਨੂੰ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੀ ਪੁਲਸ ਨੇ ਪਿੰਡ ਉੜਾਪੜ ਵਿਖੇ ਗ੍ਰਿਫਤਾਰ ਕਰ ਲਿਆ।ਇਹ ਕਿਸਾਨ ਮਜਦੂਰ ਦੋ ਬੱਸਾਂ ਵਿਚ ਸਵਾਰ ਹੋਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕਰਨ ਲਈ ਜਲੰਧਰ ਜਾ ਰਹੇ ਸਨ।ਭਾਰੀ ਪੁਲਸ ਫੋਰਸ ਨੇ ਉਹਨਾਂ ਨੂੰ ਪਿੰਡ ਉੜਾਪੜ ਵਿਖੇ ਰੋਕ ਲਿਆ ਜਿੱਥੇ ਕਾਫੀ ਸਮਾਂ ਇਹਨਾਂ ਦੀ ਪੁਲਸ ਨਾਲ ਕਸ਼ਮਕਸ਼ ਹੁੰਦੀ ਰਹੀ ।ਜਦੋਂ ਪੁਲਸ ਨੇ ਉਹਨਾਂ ਨੂੰ ਅੱਗੇ ਨੲ ਜਾਣ ਦਿੱਤਾ ਤਾਂ ਉਹਨਾਂ ਨੇ ਸੜਕ ਉੱਤੇ ਹੀ ਧਰਨਾ ਮਾਰ ਦਿੱਤਾ।ਇਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ ,ਜਿਲਾ ਸਕੱਤਰ ਤਰਸੇਮ ਸਿੰਘ ਬੈਂਸ,ਸੋਹਣ ਸਿੰਘ ਅਟਵਾਲ, ਸੁਰਜੀਤ ਕੌਰ ਉਟਾਲ,ਪਰਮਜੀਤ ਸਿੰਘ ਸ਼ਹਾਬ ਪੁਰ,ਸੁਰਿੰਦਰ ਸਿੰਘ ਮਹਿਰਮ ਪੁਰ , ਕਰਨੈਲ ਸਿੰਘ ਮੌਲਾ ਉੜਾਪੜ,ਪੇਂਡੂ ਮਜਦੂਰ ਯੂਨੀਅਨ ਦੇ ਜਿਲਾ ਆਗੂ ਕਮਲਜੀਤ ਸਨਾਵਾ ਨੇ ਕਿਹਾ ਕਿ ਉਹਨਾਂ ਦੀਆਂ ਜਥੇਬੰਦੀਆਂ ਨੇ ਪਹਿਲਾਂ ਹੀ ਪ੍ਰਧਾਨ ਮੰਤਰੀ ਦੀਆਂ ਚੋਣ ਰੈਲੀਆਂ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੋਇਆ ਹੈ।
ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਸ਼ਾਂਤਮਈ ਢੰਗ ਨਾਲ਼ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਜਬਰ ਦੇ ਕੁਹਾੜੇ ਨਾਲ ਦਬਾਉਣ ਦੇ ਯਤਨ ਕੀਤੇ ।ਪ੍ਰਧਾਨ ਮੰਤਰੀ ਨੇ ਕਿਸਾਨਾਂ ਦੀਆਂ ਮੰਨੀਆਂ ਮੰਗਾਂ ਲਾਗੂ ਨਹੀਂ ਕੀਤੀਆਂ।ਉਹਨਾਂ ਕਿਹਾ ਕਿ ਵਿਰੋਧ ਕਰਨਾ ਉਹਨਾਂ ਦਾ ਜਮਹੂਰੀ ਅਧਿਕਾਰ ਹੈ ਅਤੇ ਉਹਨਾਂ ਨੂੰ ਵਿਰੋਧ ਕਰਨ ਤੋਂ ਰੋਕਣਾ ਸਰਕਾਰਾਂ ਦਾ ਗੈਰ ਜਮਹੂਰੀ ਕਦਮ ਹੈ।ਭਾਜਪਾ ਸਰਕਾਰ ਫਾਸ਼ੀਵਾਦੀ ਸਰਕਾਰ ਹੈ ਅਤੇ ਇਹ ਜਰੂਰੀ ਹੈ ਕਿ ਭਾਜਪਾ ਨੂੰ ਚੋਣਾਂ ਵਿਚ ਲੱਕਤੋੜਵੀਂ ਹਾਰ ਦਿੱਤੀ ਜਾਵੇ।ਉਹਨਾਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਵਲੋਂ ਕਿਸਾਨਾਂ ਮਜਦੂਰਾਂ ਨੂੰ ਪਹਿਲਾਂ ਤਾਂ ਘਰਾਂ ਵਿਚੋਂ ਗ੍ਰਿਫਤਾਰ ਕੀਤਾ ਗਿਆ ਅਤੇ ਫਿਰ ਉਹਨਾਂ ਨੂੰ ਰਾਹਾਂ ਵਿਚ ਰੋਕਿਆ ਗਿਆ।ਜਿਸਤੋਂ ਸਾਬਤ ਹੋ ਗਿਆ ਹੈ ਕਿ ਆਮ ਆਦਮੀ ਪਾਰਟੀ ਭਾਜਪਾ ਦੀ ਬੀ ਟੀਮ ਹੀ ਹੈ।ਉਹਨਾਂ ਕਿਹਾ ਕਿ ਆਪ ਦੀ ਪੰਜਾਬ ਸਰਕਾਰ ਦਾ ਕਿਸਾਨ ਅਤੇ ਮਜਦੂਰ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ।
ਇੱਥੇ ਵਰਨਣਯੋਗ ਹੈ ਕਿ ਦੋ ਘੰਟੇ ਸੜਕ ਜਾਮ ਕਰਨ ਤੋਂ ਬਾਅਦ ਪੁਲਸ ਕਿਸਾਨਾਂ-ਮਜਦੂਰਾਂ ਨੂੰ ਗ੍ਰਿਫ਼ਤਾਰ ਕਰਕੇ ਥਾਣਾ ਔੜ ਵਿਖੇ ਲੈ ਗਈ।ਖ਼ਬਰ ਲਿਖੇ ਜਾਣ ਤੱਕ ਪੁਲਸ ਵਲੋਂ ਉਹਨਾਂ ਨੂੰ ਛੱਡਿਆ ਨਹੀਂ ਸੀ ਗਿਆ।