ਪ੍ਰੋ. ਚੰਦੂਮਾਜਰਾ ਵੱਲੋਂ ਨਵਾਂਸ਼ਹਿਰ 'ਚ ਚੋਣ ਦਫਤਰ ਦਾ ਉਦਘਾਟਨ
ਪ੍ਰਮੋਦ ਭਾਰਤੀ
ਨਵਾਂਸ਼ਹਿਰ 11 ਮਈ 2024 - ਅੱਜ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਹਲਕਾ ਇੰਚਾਰਜ਼ ਜਰਨੈਲ ਸਿੰਘ ਵਾਹਿਦ ਦੁਆਰਾ ਨਵਾਂਸ਼ਹਿਰ ਵਿਖੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਚੋਣ ਦਫ਼ਤਰਾਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਹਲਕਾ ਇੰਚਾਰਜ਼ ਜਰਨੈਲ ਸਿੰਘ ਵਾਹਿਦ ਅਤੇ ਹਲਕੇ ਦੀ ਸਮੁੱੱਚੀ ਸੀਨੀਅਰ ਲੀਡਰਸ਼ਿਪ ਦੇ ਯਤਨਾਂ ਸਦਕਾ ਚੋਣ ਦਫਤਰ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਵਾਰ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਵੱਡੇ ਫਰਕ ਨਾਲ ਹਰਾਇਆ ਜਾਵੇਗਾ।
ਪ੍ਰੋ ਚੰਦੂਮਾਜਰਾ ਨੇ ਕਿਹਾ ਕਿ ਉਹ ਹਮੇਸ਼ਾ ਹੀ ਹਲਕੇ ਦੇ ਲੋਕਾਂ ਵਿੱਚ ਰਹਿ ਕੇ ਹਲਕੇ ਦੀ ਸੇਵਾ ਕਰਦੇ ਰਹੇ। ਉਹਨਾਂ ਪਾਰਟੀ ਦਾ ਧੰਨਵਾਦ ਕਰਦਿਆਂ ਆਖਿਆ ਕਿ ਮੈਨੂੰ ਖੁਸ਼ੀ ਹੁੰਦੀ ਹੈ ਕਿ ਮੈਂ ਖ਼ਾਲਸੇ ਦੀ ਜਨਮਭੂਮੀ ਸ੍ਰੀ ਆਨੰਦਪੁਰ ਸਾਹਿਬ ਤੋਂ ਤੀਸਰੀ ਵਾਰ ਚੋਣ ਲੜ ਰਿਹਾ ਹਾਂ। ਉਨ੍ਹਾਂ ਆਖਿਆ ਕਿ ਹਲਕੇ ਦੇ ਲੋਕਾਂ ਦੁਆਰਾ ਦਿੱਤੇ ਆਸ਼ੀਰਵਾਦ ਸਦਕਾ ਇੱਕ ਵਾਰ ਫਿਰ ਹਲਕੇ ਦੇ ਲੋਕਾਂ ਦੀ ਆਵਾਜ਼ ਦੇਸ਼ ਦੀ ਪਾਰਲੀਮੈਂਟ ਵਿੱਚ ਜਾ ਕੇ ਬੁਲੰਦ ਕਰਾਂਗਾ। ਉਹਨਾਂ ਆਖਿਆ ਕਿ ਪਾਰਟੀ ਦੇ ਵਰਕਰ ਪੂਰੇ ਜੋਸ਼ ਤੇ ਉਤਸ਼ਾਹ ਵਿੱਚ ਹਨ ਕਿ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਸਾਰੀਆਂ ਪਾਰਟੀਆਂ ਉੱਤੇ ਭਾਰੂ ਪਵੇਗਾ। ਇਸ ਮੌਕੇ ਜਰਨੈਲ ਸਿੰਘ ਵਾਹਿਦ ਨੇ ਆਖਿਆ ਕਿ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਬਤੌਰ ਮੈਂਬਰ ਪਾਰਲੀਮੈਂਟ ਹੋਣ ਸਮੇਂ ਹਲਕੇ ਵਿੱਚ ਵਿਕਾਸ ਅਤੇ ਤਰੱਕੀ ਦੇ ਕੰਮ ਕੀਤੇ ਹਨ। ਉਨ੍ਹਾਂ ਆਖਿਆ ਕਿ ਇਸ ਵਾਰ ਪ੍ਰੋ ਚੰਦੂਮਾਜਰਾ ਨੂੰ ਹਲਕੇ ਵਿੱਚੋਂ ਵੱਡੀ ਲੀਡ ਨਾਲ ਜਤਾਇਆ ਜਾਵੇਗਾ।
ਇਸ ਮੌਕੇ ਹਲਕਾ ਇੰਚਾਰਜ਼ ਜਰਨੈਲ ਸਿੰਘ ਵਾਹਿਦ, ਸਹਿ ਹਲਕਾ ਇੰਚਾਰਜ਼ ਤਾਰਾ ਸਿੰਘ ਸ਼ੇਖੂਪੁਰ, ਜ਼ਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਸਾਕਾਰ, ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਗੁਰਬਖਸ਼ ਸਿੰਘ ਖਾਲਸਾ, ਜਿਲ੍ਹਾ ਪ੍ਰਧਾਨ ਬੀਬੀ ਮਨਜੀਤ ਕੌਰ ਮੰਜ਼ੂ ਸੈਣੀ, ਪੀਏਸੀ ਮੈਂਬਰ ਦਿਨੇਸ਼ ਕੁਮਾਰ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਹੇਮੰਤ ਕੁਮਾਰ ਬੌਬੀ, ਪਰਮ ਖਾਲਸਾ, ਅਮਰੀਕ ਸਿੰਘ ਸੇਖੂਪੁਰ ਸਰਕਲ ਪ੍ਰਧਾਨ , ਹਰਨੇਕ ਸਿੰਘ ਬੜਬਾ, ਬਲਦੇਵ ਕ੍ਰਿਸ਼ਨ ਨੌਰਾ, ਭੁਪਿੰਦਰਪਾਲ ਸਿੰਘ ਜਾਡਲਾ, ਪਰਮਜੀਤ ਸਿੰਘ ਕਿਸ਼ਨਪੁਰਾ, ਸਰਜੀਤ ਸਿੰਘ ਮੁਜੱਫਰਪੁਰ, ਮੀਟਾ ਅਸਮਾਨਪੁਰ, ਗੁਰਪ੍ਰੀਤ ਸਹੇਟਾ, ਚਰਨਜੀਤ ਸਿੰਘ ਮੁਬਾਰਕਪੁਰ, ਕੁਲਵਿੰਦਰ ਸਿੰਘ ਰਾਹੋ, ਤਰਨਜੀਤ ਸਿੰਘ ਥਾਂਦੀ, ਦੀਪਾ ਸਰਪੰਚ ਪੰਡੀ ਉੱਚੀ, ਬਲਵੀਰ ਸਿੰਘ ਪੱਲੀ ਝੱਕੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੀਨੀਅਰ ਅਕਾਲੀ ਲੀਡਰਸ਼ਿਪ ਤੇ ਵਰਕਰ ਮੌਜੂਦ ਸਨ।