ਪੰਜਾਬ ਬਚਾਉ ਯਾਤਰਾ 11 ਮਈ ਨੂੰ ਹਲਕਾ ਮਲੇਰਕੋਟਲਾ ਵਿਚ ਪੁੱਜੇਗੀ
- ਜ਼ਾਹਿਦਾ ਸੁਲੇਮਾਨ ਵੱਡੀ ਗਿਣਤੀ ਵਿਚ ਲੋਕਾਂ ਨੂੰ ਸ਼ਮੂਲੀਅਤ ਕਰਨ ਦਾ ਸੱਦਾ ਦਿਤਾ
- ਕਿਹਾ, ਸੁਖਬੀਰ ਸਿੰਘ ਬਾਦਲ ਦਾ ਹੋਵੇਗਾ ਸ਼ਾਨਦਾਰ ਸੁਆਗਤ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 9 ਮਈ 2024,: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਪੰਜਾਬੀਆਂ ਨੂੰ ਜਗਾਉਣ ਅਤੇ ਪੰਜਾਬ ਨੂੰ ਬਚਾਉਣ ਲਈ ਕੱਢੀ ਜਾ ਰਹੀ ਪੰਜਾਬ ਬਚਾਉ ਯਾਤਰਾ 11 ਮਈ, 2025 ਨੂੰ ਮਾਲੇਰਕੋਟਲਾ ਵਿਧਾਨ ਸਭਾ ਹਲਕੇ ਵਿਚ ਪੈਂਦੇ ਕਸਬਾ ਸੰਦੌੜ ਵਿਚ ਦਾਖ਼ਲ ਹੋਵੇਗੀ ਜਿਥੇ ਅਕਾਲੀ ਦਲ ਦੇ ਅਹੁਦੇਦਾਰਾਂ, ਵਰਕਰਾਂ ਅਤੇ ਆਮ ਲੋਕਾਂ ਵਲੋਂ ਸ. ਬਾਦਲ ਦਾ ਸ਼ਾਨਦਾਰ ਸੁਆਗਤ ਕੀਤਾ ਜਾਵੇਗਾ। ਇਹ ਜਾਣਕਾਰੀ ਅੱਜ ਇਥੇ ਜਾਰੀ ਇਕ ਬਿਆਨ ਵਿਚ ਅਕਾਲੀ ਦਲ ਦੀ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਦਿਤੀ।
ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਸ. ਸੁਖਬੀਰ ਸਿੰਘ ਦਾ ਕਾਫ਼ਲਾ ਦੁਪਹਿਰ ਬਾਅਦ 3.00 ਸੰਦੌੜ ਪਹੁੰਚੇਗਾ ਅਤੇ ਉਸ ਤੋਂ ਬਾਅਦ ਇਹ ਯਾਤਰਾ ਖ਼ੁਰਦ, ਸ਼ੇਰਗੜ੍ਹ ਚੀਮਾ, ਕੁਠਾਲਾ, ਭੂਦਨ, ਮੁਬਾਰਕਪੁਰ ਚੂੰਘਾਂ, ਹਥਣ ਅਤੇ ਨੌਧਰਾਣੀ ਤੋਂ ਹੁੰਦੀ ਹੋਈ ਸ਼ਹਿਰ ਵਿਚ ਦਾਖ਼ਲ ਹੋਵੇਗੀ। ਸਾਹਿਬਜ਼ਾਦਾ ਸਕੂਲ, ਸੱਟਾ ਬਾਜ਼ਾਰ, ਦਿੱਲੀ ਗੇਟ, ਸਰਹੰਦੀ ਗੇਟ, ਲੋਹਾ ਬਾਜ਼ਾਰ, ਕੇਲੋਂਗੇਟ ਅਤੇ ਵੱਡੀ ਈਦਗਾਹ ਤੋਂ ਹੁੰਦੀ ਹੋਈ ਚੌਕ 786 ਵਿਖੇ ਸਮਾਪਤ ਕੀਤੀ ਜਾਵੇਗੀ। ਬੀਬਾ ਜ਼ਾਹਿਦਾ ਸੁਲੇਮਾਨ ਨੇ ਦੱਸਿਆ ਕਿ ਪੰਜਾਬ ਬਚਾਉ ਯਾਤਰਾ ਦੌਰਾਨ ਪਿੰਡਾਂ ਅਤੇ ਸ਼ਹਿਰ ਵਿਚ ਕਈ ਥਾਈਂ ਲੋਕਾਂ ਵਲੋਂ ਸ. ਸੁਖਬੀਰ ਸਿੰਘ ਬਾਦਲ ਦਾ ਸੁਆਗਤ ਕੀਤਾ ਜਾਵੇਗਾ ਅਤੇ ਲੋਕ ਅਪਣੀਆਂ ਸਮੱਸਿਆਵਾਂ ਵੀ ਸ. ਬਾਦਲ ਨਾਲ ਸਾਂਝੀਆਂ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਮੌਕੇ ਲੋਕ ਸਭਾ ਹਲਕਾ ਸੰਗਰੂਰ ਤੋਂ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿਘ ਝੂੰਦਾਂ, ਬਾਦਲ ਨਾਲ ਮੌਜੂਦ ਰਹਿਣਗੇ।
ਬੀਬਾ ਜ਼ਾਹਿਦਾ ਸੁਲੇਮਾਨ ਨੇ ਅਕਾਲੀ ਆਗੂਆਂ, ਵਰਕਰਾਂ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਪੰਜਾਬ ਬਚਾਉ ਯਾਤਰਾ ਵਿਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਪੰਜਾਬੀਆਂ ਨਾਲ ਬਦਲਾਅ ਦੇ ਨਾਮ ਉਤੇ ਠੱਗੀ ਮਾਰੀ ਗਈ ਹੈ। ਝਾੜੂ ਪਾਰਟੀ ਦੀ ਸਰਕਾਰ ਕਾਂਗਰਸ ਨਾਲ ਰਲ ਕੇ ਸਾਡੇ ਸੂਬੇ ਨੂੰ ਆਰਥਿਕ ਪੱਖੋਂ ਕਮਜ਼ੋਰ ਕਰ ਰਹੀ ਹੈ ਅਤੇ ਪੰਜਾਬੀਆਂ ਦਾ ਪੈਸਾ ਹੋਰ ਸੂਬਿਆਂ ਵਿਚ ਸਿਆਸਤ ਚਮਕਾਉਣ ਲਈ ਤਬਾਹ ਕੀਤਾ ਜਾ ਰਿਹਾ ਹੈ। ਲੋਕਾਂ ਲਈ ਲੜਨ ਵਾਲੇ ਨੇਤਾਵਾਂ ਨੂੰ ਵਿਜ਼ੀਲੈਂਸ ਤੋਂ ਡਰਾਇਆ ਜਾ ਰਿਹਾ ਹੈ ਅਤੇ ਜਿਹੜੇ ਨੌਜੁਆਨ ਸਰਕਾਰ ਵਿਰੁਧ ਆਵਾਜ਼ ਬੁਲੰਦ ਕਰਦੇ ਹਨ, ਉਨ੍ਹਾਂ ਨੂੰ ਝੂਠੇ ਪਰਚੇ ਦਰਜ ਕਰਕੇ ਜੇਲਾਂ ਵਿਚ ਸੁੱਟਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਨੇ ਪੰਜਾਬ ਦੇ ਅਧਿਕਾਰ ਅਤੇ ਹਿੱਤ ਕੇਂਦਰ ਕੋਲ ਗਹਿਣੇ ਰੱਖ ਦਿਤੇ ਹਨ। ਅਜਿਹੇ ਸਮੇਂ ਵਿਚ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਝੂਠੀਆਂ ਅਤੇ ਫ਼ੇਲ੍ਹ ਸਰਕਾਰਾਂ ਵਿਰੁਧ ਲੜਾਈ ਲੜੀਏ ਅਤੇ ਅਪਣੇ ਸੂਬੇ ਦੀ ਰਾਖੀ ਕਰੀਏ। ਬੀਬਾ ਜ਼ਾਹਿਦਾ ਸੁਲੇਮਾਨ ਨੇ ਅਪਣੀ ਯੂਥ ਲੀਡਰਸ਼ਿਪ ਨੂੰ ਅਪੀਲ ਕੀਤੀ ਕਿ ਉਹ ਵੱਡੀ ਤਾਦਾਦ ਵਿਚ ਸ਼ਾਮਲ ਹੋ ਕੇ ਇਹ ਸੰਦੇਸ਼ ਦੇਣ ਕਿ ਪੰਜਾਬ ਦੇ ਨੌਜੁਆਨ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜੇ ਹਨ ਅਤੇ ਅਪਣੇ ਸੂਬੇ ਨੂੰ ਭ੍ਰਿਸ਼ਟਾਚਾਰੀ ਅਤੇ ਹੰਕਾਰੀ ਲੀਡਰਾਂ ਤੋਂ ਬਚਾਉਣਾ ਚਾਹੁੰਦੇ ਹਨ।