ਪੰਜਾਬ ਸਰਕਾਰ ਸਿਰਫ ਭੰਨਿਆ ਸਿਮਰਤੀ ਇਰਾਨੀ ਦਾ ਹੈਲੀਕਾਪਟਰ ਲੈਂਡ ਨਾ ਕਰਨ ਦਾ ਠੀਕਰਾ
ਅਸ਼ੋਕ ਵਰਮਾ
ਮਾਨਸਾ / ਬਠਿੰਡਾ 28 ਮਈ 2024 : ਲੋਕ ਸਭਾ ਚੋਣਾਂ 2024 ਨੂੰ ਲੈ ਕੇ ਪੰਜਾਬ ਵਿੱਚ ਜਿੱਥੇ ਸਿਆਸੀ ਮਾਹੌਲ ਬੁਰੀ ਤਰ੍ਹਾਂ ਗਰਮਾਇਆ ਹੋਇਆ ਹੈ ਉੱਥੇ ਹੀ ਅੱਜ ਮਾਨਸਾ ਵਿਖੇ ਕੇਂਦਰੀ ਮੰਤਰੀ ਸਿਮਰਤੀ ਇਰਾਨੀ ਨੇ ਬਠਿੰਡਾ ਲੋਕ ਸਭਾ ਤੋਂ ਭਾਜਪਾ ਦੀ ਉਮੀਦਵਾਰ ਪਰਮਪਾਲ ਕੌਰ ਦੇ ਹੱਕ ਵਿੱਚ ਮਹਾਂ ਰੈਲੀ ਨੂੰ ਸੰਬੋਧਨ ਕੀਤਾ ਜਾਣਾ ਸੀ ਪਰ ਇਸ ਰੈਲੀ ਵਿੱਚ ਪਹੁੰਚਣ ਪਹਿਲਾਂ ਹੀ ਸਿਮਰਤੀ ਰਾਨੀ ਦੇ ਹੈਲੀਕਾਪਟਰ ਨੂੰ ਪੰਜਾਬ ਸਰਕਾਰ ਵੱਲੋਂ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਜਿਸ ਕਾਰਨ ਮਜਬੂਰੀ ਵੱਸ ਕੇਂਦਰੀ ਮੰਤਰੀ ਸਿਮਰਤੀ ਇਰਾਨੀ ਨੂੰ ਵਾਪਸ ਪਰਤਣਾ ਪਿਆ ।
ਭਾਜਪਾ ਦੀ ਉਮੀਦਵਾਰ ਸਾਬਕਾ ਆਈਏਐਸ ਅਧਿਕਾਰੀ ਪਰਮਪਾਲ ਕੌਰ ਵੱਲੋਂ ਮਾਨਸਾ ਵਿਖੇ ਇੱਕ ਮਹਾਂ ਰੈਲੀ ਦਾ ਆਯੋਜਨ ਕੀਤਾ ਗਿਆ ਸੀ ਇਸ ਰੈਲੀ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ ਤੇ ਦਿੱਲੀ ਤੋਂ ਕੇਂਦਰੀ ਮੰਤਰੀ ਸਿਮਰਤੀ ਰਾਨੀ ਵੱਲੋਂ ਸ਼ਿਰਕਤ ਕੀਤੀ ਜਾਣੀ ਸੀ ।
ਸਮੇਂ ਸਿਰ ਪਹੁੰਚੇ ਸਿਮਰਤੀ ਇਰਾਨੀ ਦੇ ਹੈਲੀਕਾਪਟਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਜਿਸ ਤੋਂ ਬਾਅਦ ਭਾਜਪਾ ਉਮੀਦਵਾਰ ਨੇ ਜਿਲ ਪ੍ਰਸ਼ਾਸਨ ਤੇ ਖਫਾ ਹੁੰਦੇ ਹੋਏ ਗੰਭੀਰ ਦੋਸ਼ ਲਾਏ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਜਾਣ ਬੁਝ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ । ਕਦੇ ਧੱਕੇ ਨਾਲ ਕਿਸਾਨ ਉਹਨਾਂ ਦੇ ਘਰ ਅੱਗੇ ਬਿਠਾ ਦਿੱਤੇ ਜਾਂਦੇ ਹਨ ਅਤੇ ਕਦੇ ਉਹਨਾਂ ਦੇ ਸਮਾਗਮਾਂ ਦਾ ਵਿਰੋਧ ਕਰਾਇਆ ਜਾਂਦਾ ਹੈ। ਪਰ ਅੱਜ ਦਾ ਹੱਦ ਹੀ ਹੋ ਗਈ ਜਦੋਂ ਮਹਾਰੈਲੀ ਨੂੰ ਸੰਬੋਧਨ ਕਰਨ ਆ ਰਹੀ ਕੇਂਦਰੀ ਮੰਤਰੀ ਸਿਮਰਤੀ ਅਰਾਨੀ ਦੇ ਹੈਲੀਕਾਪਟਰ ਨੂੰ ਲੈਂਡ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ।
ਉਹਨਾਂ ਕਿਹਾ ਕਿ ਅਜਿਹਾ ਕਰਕੇ ਪੰਜਾਬ ਸਰਕਾਰ ਕੀ ਸਾਬਿਤ ਕਰਨਾ ਚਾਹੁੰਦੀ ਹੈ ਪੰਜਾਬ ਸਰਕਾਰ ਅਜਿਹੀਆਂ ਹਰਕਤਾਂ ਕਰਕੇ ਲੋਕਤੰਤਰ ਦਾ ਘਾਣ ਕਰ ਰਹੀ ਹੈ ਇੱਥੇ ਸਭ ਨੂੰ ਚੋਣਾਂ ਲੜਨ ਦਾ ਅਧਿਕਾਰ ਹੈ । ਜੇਕਰ ਪੰਜਾਬ ਸਰਕਾਰ ਨੂੰ ਕਿਸੇ ਤਰ੍ਹਾਂ ਦਾ ਮੇਰੇ ਨਾਲ ਕੋਈ ਗਿਲਾ ਹੈ ਤਾਂ ਉਹ ਮੇਰੇ ਗੋਲੀ ਮਰਵਾ ਦੇਵੇ ਪਰ ਅਜਿਹੀਆਂ ਹਰਕਤਾਂ ਨਾ ਕਰੇ ਜਿਸ ਨਾਲ ਲੱਖਾਂ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚੇ ਜੋ ਉਨਾਂ ਨੂੰ ਪਿਆਰ ਕਰਦੇ ਹਨ ਅਤੇ ਅੱਜ ਮਹਾਂ ਰੈਲੀ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ ਸਨ।