ਫ਼ਰੀਦਕੋਟ ਨੂੰ ਹਰਿਆ-ਭਰਿਆ ਤੇ ਸਭ ਤੋਂ ਸੋਹਣਾ ਸ਼ਹਿਰ ਬਣਾਵਾਂਗੇ : ਕਰਮਜੀਤ ਅਨਮੋਲ
- ਕਿਹਾ, ਏਅਰਪੋਰਟ, ਫੂਡ ਪ੍ਰੋਸੈਸਿੰਗ ਇੰਡਸਟਰੀ, ਯੂਪੀਐਸਸੀ ਕੋਚਿੰਗ ਸੈਂਟਰ ਤੇ ਨਵੇਂ ਹੁਨਰ ਵਿਕਾਸ ਕੇਂਦਰ ਖੋਲ੍ਹਣਾ ਮੇਰੀ ਪਹਿਲੀ ਤਰਜੀਹ
- ਮਾਨ ਸਰਕਾਰ ਨੇ ਦੋ ਸਾਲਾਂ ‘ਚ ਹੀ ਮੁਫ਼ਤ ਬਿਜਲੀ ‘ਚ ਨੌਕਰੀਆਂ ਸਮੇਤ ਕਈ ਗਰੰਟੀਆਂ ਪੂਰੀਆਂ ਕੀਤੀਆਂ : ਆਪ ਉਮੀਦਵਾਰ
- ਵਿਧਾਇਕ ਗੁਰਦਿੱਤ ਸਿੰਘ ਸੇਖੋ ਨਾਲ ਅਨਮੋਲ ਨੇ ਫ਼ਰੀਦਕੋਟ ਦੇ ਪਿੰਡਾਂ ‘ਚ ਕੀਤੇ ਚੋਣ ਜਲਸੇ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 8 ਮਈ 2024 - ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੇ ਦਾਅਵਾ ਕੀਤਾ ਕਿ ਉਹ ਫ਼ਰੀਦਕੋਟ ਸ਼ਹਿਰ ਨੂੰ ਹਰਿਆ ਭਰਿਆ ਅਤੇ ਸਭ ਤੋਂ ਸੋਹਣਾ ਸ਼ਹਿਰ ਬਣਾ ਕੇ ਰਹਿਣਗੇ। ਫ਼ਰੀਦਕੋਟ ਵਿਧਾਨ ਸਭਾ ਹਲਕੇ ਦੇ ਕਰੀਬ ਡੇਢ ਦਰਜਨ ਪਿੰਡਾਂ ਵਿੱਚ ਚੋਣ ਜਲਸੇ ਕਰਨ ਉਪਰੰਤ ਅਨਮੋਲ ਇੱਥੇ ਭਾਨ ਸਿੰਘ ਕਲੋਨੀ ਵਿੱਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨਾਲ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਪਾਰਟੀ ਦੇ ਹੋਰ ਸਥਾਨਕ ਆਗੂ ਵੀ ਮੌਜੂਦ ਸਨ।
ਆਪਣੇ ਭਾਸ਼ਣ ਵਿੱਚ ਕਰਮਜੀਤ ਅਨਮੋਲ ਨੇ ਕਿਹਾ ਕਿ ਇਹ ਬਾਬਾ ਫ਼ਰੀਦ ਜੀ ਦੀ ਸ਼ਾਹੀ ਨਗਰੀ ਹੈ। ਪਿਛਲੀਆਂ ਸਰਕਾਰਾਂ ਦੀ ਬੇਰੁਖ਼ੀ ਕਾਰਨ ਫ਼ਰੀਦਕੋਟ ਆਪਣਾ ਰੁਤਬਾ ਗੁਆ ਬੈਠਾ ਹੈ। ਭਗਵੰਤ ਮਾਨ ਸਰਕਾਰ ਨੇ ਆਪਣੇ ਦੋ ਸਾਲਾਂ ਦੌਰਾਨ ਫ਼ਰੀਦਕੋਟ ਲਈ ਖੁੱਲ੍ਹੇ ਫ਼ੰਡ ਦਿੱਤੇ ਹਨ। ਸ਼ਹਿਰ ‘ਚ ਚੱਲ ਰਹੇ ਵਿਕਾਸ ਕਾਰਜ ਇਸ ਦੀ ਗਵਾਹੀ ਭਰਦੇ ਹਨ ਅਤੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਜੀ ਨੇ ਆਪਣੇ ਰਿਪੋਰਟ ਕਾਰਡ ਵਿੱਚ ਸਾਰੇ ਫੰਡਾ ਅਤੇ ਕੰਮਾਂ ਦਾ ਬਖ਼ੂਬੀ ਵੇਰਵਾ ਦਿੱਤਾ ਹੈ। ਅਜੇ ਵੀ ਬਹੁਤ ਕੁਝ ਕਰਨ ਵਾਲਾ ਬਾਕੀ ਹੈ। ਮੇਰਾ ਸੁਪਨਾ ਬਾਬਾ ਫ਼ਰੀਦ ਦੀ ਸਰਜ਼ਮੀਨ ਨੂੰ ਹਰਿਆ ਭਰਿਆ ਅਤੇ ਫ਼ਰੀਦਕੋਟ ਸ਼ਹਿਰ ਨੂੰ ਸਭ ਤੋਂ ਸੋਹਣਾ ਸ਼ਹਿਰ ਬਣਾਉਣਾ ਹੈ। ਤੁਹਾਡੇ ਸਾਥ ਅਤੇ ਸਹਿਯੋਗ ਨਾਲ ਇਹ ਸੁਪਨਾ ਸਕਾਰ ਕਰਕੇ ਦਿਖਾਵਾਂਗੇ।
ਅਨਮੋਲ ਨੇ ਅੱਗੇ ਕਿਹਾ ਕਿ ਪੂਰੇ ਇਲਾਕੇ ਦੀ ਖ਼ੁਸ਼ਹਾਲੀ ਲਈ ਇੱਥੇ ਫੂਡ ਪ੍ਰੋਸੈਸਿੰਗ ਇੰਡਸਟਰੀ ਸਥਾਪਤ ਕਰਨਾ ਮੇਰਾ ਮੁੱਖ ਟੀਚਾ ਹੈ, ਖੇਤੀਬਾੜੀ ਪ੍ਰਧਾਨ ਇਲਾਕੇ ਵਿੱਚ ਫੂਡ ਪ੍ਰੋਸੈਸਿੰਗ ਇੰਡਸਟਰੀ ਜਿੱਥੇ ਕਿਸਾਨਾਂ, ਮਜ਼ਦੂਰਾਂ ਅਤੇ ਵਪਾਰੀਆਂ ਨੂੰ ਖ਼ੁਸ਼ਹਾਲ ਕਰੇਗੀ ਉੱਥੇ ਨੌਜਵਾਨਾਂ ਲਈ ਰੁਜ਼ਗਾਰ ਦੇ ਵੱਡੇ ਮੌਕੇ ਪ੍ਰਦਾਨ ਕਰੇਗੀ। ਨੌਜਵਾਨਾਂ ਨੂੰ ਹੱਥ ਦਾ ਹੁਨਰ ਸਿਖਾਉਣ ਲਈ ਅੰਤਰਰਾਸ਼ਟਰੀ ਪੱਧਰ ਦੇ (ਹੁਨਰ ਵਿਕਾਸ ਕੇਂਦਰ) ਸਕਿੱਲ ਸੈਂਟਰ ਲਿਆਉਣਾ ਅੱਜ ਸਮੇਂ ਦੀ ਜ਼ਰੂਰਤ ਹੈ, ਕਿਉਂਕਿ ਹੱਥ ਦੇ ਹੁਨਰ ਵਾਲਾ ਇਨਸਾਨ ਕਦੇ ਬੇਰੁਜ਼ਗਾਰ ਨਹੀਂ ਰਹਿੰਦਾ।
ਅਨਮੋਲ ਨੇ ਹਲਕਾ ਵਿਧਾਇਕ ਵੱਲੋਂ ਜਹਾਜ਼ਾਂ ਵਾਲੇ ਮੈਦਾਨ ਦੇ ਉਠਾਏ ਮੁੱਦੇ ਤੇ ਕਿਹਾ ਕਿ ਫ਼ਰੀਦਕੋਟ ਦੇ ਜਹਾਜ਼ਾਂ ਵਾਲੇ ਮੈਦਾਨ ‘ਚ ਨਾ ਸਿਰਫ਼ ਦੁਬਾਰਾ ਜਹਾਜ਼ ਉੱਡਣਗੇ ਸਗੋਂ ਇੱਥੇ ਐਵੀਏਸ਼ਨ ਕਲੱਬ ਦੀ ਸਥਾਪਨਾ ਕਰਕੇ ਇਲਾਕੇ ਦੇ ਨੌਜਵਾਨਾਂ ਨੂੰ ਜਹਾਜ਼ ਉਡਾਉਣ ਦੀ ਟ੍ਰੇਨਿੰਗ ਵੀ ਸ਼ੁਰੂ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਫ਼ਰੀਦਕੋਟ ‘ਚ ਏਅਰਪੋਰਟ ਅੱਜ ਵਕਤ ਦੀ ਜ਼ਰੂਰਤ ਹੈ।
ਅਨਮੋਲ ਨੇ ਕਿਹਾ ਕਿ ਮਾਨ ਸਰਕਾਰ ਨੇ ਆਪਣੇ ਦੋ ਸਾਲਾਂ ਦੇ ਅਰਸੇ ਦੌਰਾਨ ਹੀ 43 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਅਤੇ ਘਰਾਂ ਤੇ ਖੇਤਾਂ ਨੂੰ ਮੁਫ਼ਤ ਆਮੋ ਆਮ ਬਿਜਲੀ ਸਮੇਤ ਕਈ ਗਰੰਟੀ ਨਿਭਾ ਦਿੱਤੀਆਂ ਹਨ। ਜਿਸ ਤਰ੍ਹਾਂ ਵਾਅਦੇ ਨਿਭਾਉਣ ‘ਚ ਭਗਵੰਤ ਮਾਨ ਸਰਕਾਰ ਨੇ ਸਪੀਡ ਫੜੀ ਹੋਈ ਹੈ, ਬਾਕੀ ਰਹਿੰਦੇ ਵਾਅਦੇ ਵੀ ਬਹੁਤ ਜਲਦੀ ਪੂਰੇ ਕਰ ਦਿੱਤੇ ਜਾਣਗੇ। ਮਾਨ ਸਰਕਾਰ ਨੇ ਹਰੇਕ ਹੁਸ਼ਿਆਰ ਅਤੇ ਕਾਬਲ ਵਿਦਿਆਰਥੀਆਂ ਨੂੰ ਪੀਸੀਐਸ ਤੇ ਆਈਏਐਸ ਬਣਾਉਣ ਲਈ ਮੁਫ਼ਤ ਯੂਪੀਐਸਸੀ ਕੋਚਿੰਗ ਸੈਂਟਰ ਖੋਲ੍ਹਣ ਦੀ ਕ੍ਰਾਂਤੀਕਾਰੀ ਮੁਹਿੰਮ ਵਿੱਢੀ ਹੋਈ ਹੈ। ਮੋਗਾ ‘ਚ ਇਹ ਸੈਂਟਰ ਸ਼ਾਨਦਾਰ ਤਰੀਕੇ ਨਾਲ ਚੱਲ ਰਿਹਾ ਹੈ ਹੁਣ ਫ਼ਰੀਦਕੋਟ ਵਿੱਚ ਵੀ ਖੋਲ੍ਹਿਆ ਜਾਵੇਗਾ, ਤਾਂ ਕਿ ਕਿਸੇ ਗ਼ਰੀਬ ਅਤੇ ਆਮ ਘਰ ਦੇ ਹੁਸ਼ਿਆਰ ਬੱਚੇ ਨੂੰ ਘਰ ਦੀ ਆਰਥਿਕ ਤੰਗੀ ਅਫਸਰ ਬਣਨ ਤੋਂ ਨਾ ਰੋਕ ਸਕੇ।
ਇਸ ਤੋਂ ਪਹਿਲਾਂ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋ ਨੇ ਆਪਣੇ ਦੋ ਸਾਲਾਂ ਦੇ ਕੀਤੇ ਕੰਮਾਂ ਕਾਰਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ। ਗੁਰਦਿੱਤ ਸਿੰਘ ਸੇਖੋ ਨੇ ਕਿਹਾ ਅਜੇ ਤਿੰਨ ਸਾਲ ਬਾਕੀ ਪਏ ਹਨ। ਕਰਮਜੀਤ ਅਨਮੋਲ ਨੂੰ ਮੈਂਬਰ ਪਾਰਲੀਮੈਂਟ ਬਣਾਏ ਜਾਣ ਤੋਂ ਬਾਅਦ ਵਿਕਾਸ ਕਾਰਜਾਂ ਦੀ ਗਤੀ ਦੁੱਗਣੀ ਹੋ ਜਾਵੇਗੀ ਕਿਉਂਕਿ ਐਮਪੀ ਲੈਡ ਫ਼ੰਡ ਦੇ ਨਾਲ ਨਾਲ ਜਿਗਰੀ ਯਾਰ ਹੋਣ ਦੇ ਨਾਤੇ ਕਰਮਜੀਤ ਅਨਮੋਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੋਂ ਫ਼ਰੀਦਕੋਟ ਲਈ ਸਪੈਸ਼ਲ ਪੈਕੇਜ ਲੈ ਕੇ ਆਉਣ ਦੀ ਵੀ ਹੈਸੀਅਤ ਰੱਖਦਾ ਹੈ।
ਬੁੱਧਵਾਰ ਨੂੰ ਕਰਮਜੀਤ ਅਨਮੋਲ ਅਤੇ ਗੁਰਦਿੱਤ ਸਿੰਘ ਸੇਖੋ ਨੇ ਮਚਾਕੀ ਕਲਾਂ, ਮਹਿਮੂਆਨ, ਮਿੱਡੂਮਾਨ, ਜੰਡ ਵਾਲਾ, ਡੋਡ, ਮੁਮਾਰਾ, ਗੁੱਜਰ ਚੰਨੀਆ, ਸੰਗਰਹੂਰ, ਕੌਣੀ, ਸੈਦੇਕੇ, ਦੀਪ ਸਿੰਘ ਵਾਲਾ, ਪਿੰਡੀ ਬਲੋਚਾਂ, ਵੀਰੇਵਾਲਾ, ਘੁੱਦੂ ਵਾਲਾ ਪਿੰਡਾਂ ਉਪਰੰਤ ਫ਼ਰੀਦਕੋਟ ਸ਼ਹਿਰ ਦੀ ਭਾਨ ਸਿੰਘ ਕਲੋਨੀ, ਆਰਾ ਮਾਰਕੀਟ, ਨਰਾਇਣ ਨਗਰ, ਟੀਚਰ ਕਲੋਨੀ ਅਤੇ ਗੁਰੂ ਨਾਨਕ ਕਲੋਨੀ ਵਿੱਚ ਚੋਣ ਪ੍ਰਚਾਰ ਕੀਤਾ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਗੁਰਤੇਜ ਸਿੰਘ ਖੋਸਾ, ਚੇਅਰਮੈਨ ਅਮਨਦੀਪ ਸਿੰਘ ਬਾਬਾ, ਚੇਅਰਮੈਨ ਰਮਨਦੀਪ ਸਿੰਘ ਮੁਮਾਰਾ, ਯੂਥ ਵਿੰਗ ਆਗੂ ਗਗਨਦੀਪ ਸਿੰਘ ਧਾਲੀਵਾਲ, ਬਲਾਕ ਪ੍ਰਧਾਨ ਸਤਨਾਮ ਸਿੰਘ ਅਤੇ ਪ੍ਰੋਫੈਸਰ ਗੁਰਸੇਵਕ ਸਿੰਘ ਅਤੇ ਹੋਰ ਆਗੂ ਮੌਜੂਦ ਸਨ