ਬਾਹਰਲਾ ਉਮੀਦਵਾਰ ਕਹਿਣ ‘ਤੇ ਵੜਿੰਗ ਨੇ ਦਲ ਬਦਲਣ ਵਾਲੇ ਬਿੱਟੂ ਨੂੰ ਦਿੱਤਾ ਜਵਾਬ, ਪੜ੍ਹੋ ਵੇਰਵਾ
ਲੁਧਿਆਣਾ 03 ਮਈ 2024 : ਪੰਜਾਬ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਜਪਾ ਦੇ ਦਲਬਦਲੂ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੀ ਗੱਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਬਿੱਟੂ ਮੇਰੇ ‘ਤੇ ਬਾਹਰਲਾ ਹੋਣ ਦਾ ਦੋਸ਼ ਲਗਾਉਂਦੇ ਹਨ ਪਰ ਮੈਂ ਬਿੱਟੂ ਵਰਗੇ ਸਾਂਸਦ ਤੋਂ ਬਿਹਤਰ ਹਾਂ, ਜਿਸ ਨੂੰ ਨਾ ਦੇਖਿਆ ਜਾ ਸਕਦਾ ਹੋਵੇ ਅਤੇ ਨਾ ਹੀ ਸੁਣਿਆ ਜਾ ਸਕਦਾ ਹੋਵੇ, ਉਹ ਮੈਨੂੰ ਬਾਹਰਲਾ ਉਮੀਦਵਾਰ ਦੱਸਦੇ ਹਨ ਮੈਂ ਬਾਹਰਲਾ ਹੀ ਠੀਕ ਹਾਂ ਕਿਉਂਕਿ ਬਿੱਟੂ ਜਿਹੜਾ ਕਿ ਕਦੇ ਵੀ ਆਪਣੇ ਹਲਕੇ ਦੇ ਵਿੱਚ ਨਹੀਂ ਵਿਚਰਿਆ ਪਰ ਮੈਂ ਜਿੱਥੇ ਵੀ ਹੋਵਾਂ 24 ਘੰਟੇ ਸੱਤੋ ਦਿਨ ਪਾਰਟੀ ਦੇ ਲਈ ਅਤੇ ਆਪਣੇ ਲੋਕਾਂ ਦੇ ਵਿੱਚ ਵਿਚਰਦਾ ਹਾਂ, ਜਿਸ ਨੂੰ ਮੇਰੇ ਹਲਕੇ ਦੀ ਆਮ ਜਨਤਾ ਚੰਗੀ ਤਰ੍ਹਾਂ ਸਮਝਦੀ ਹੈ।
ਉਨ੍ਹਾਂ ਨੇ ਕਿਹਾ ਕਿ ਬਿੱਟੂ ਤੋਂ ਮੈਨੂੰ ਕੋਈ ਵੀ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ ਹੈ ਹਾਲਾਂਕਿ ਨਾ ਤਾਂ ਮੈਂ ਆਪਣੇ ਆਪ ਨੂੰ ਲੁਧਿਆਣਾ ਲਈ ਬਾਹਰਲਾ ਸਮਝਦਾ ਹਾਂ ਅਤੇ ਨਾ ਹੀ ਲੁਧਿਆਣਾ ਦੇ ਲੋਕ ਮੈਨੂੰ ਬਾਹਰੀ ਸਮਝਦੇ ਹਨ, ਜਦੋਂ ਕਿ ਮੈਂ ਇੱਕ ਪੰਜਾਬੀ ਹਾਂ ਅਤੇ ਮੈਂ ਭਾਰਤ ਦੇ ਕਿਸੇ ਸੂਬੇ ਤੋਂ ਵੀ ਚੋਣ ਲੜ ਸਕਦਾ ਹਾਂ।
ਉਨ੍ਹਾਂ ਕਿਹਾ ਕਿ ਮੈਂ ਆਪਣੇ ਮਿੱਤਰ ਬਿੱਟੂ ਨੂੰ ਇਹ ਖੁੱਲ੍ਹਾ ਚੈਲੰਜ ਦਿੰਦਾ ਹਾਂ ਕਿ ਉਹ ਆਪਣੇ ਪਿਛਲੇ 15 ਸਾਲਾਂ ਦੇ ਕਾਰਜ ਕਾਲ ਵਿੱਚ ਕੋਈ 15 ਬੰਦੇ ਖੜੇ ਕਰ ਦੇਣ ਜਿਹੜੇ ਇਹ ਦੱਸ ਦੇਣ ਕਿ ਪਿਛਲੇ 15 ਸਾਲਾਂ ਵਿੱਚ ਉਹ ਉਸਦੇ ਠਿਕਾਣੇ ਨੂੰ ਜਾਣਦੇ ਹਨ। ਉਹਨਾਂ ਬਿੱਟੂ ਨੂੰ ਕਿਹਾ ਕਿ ਜੇ ਤੁਸੀਂ 2009 ਵਿੱਚ ਕਾਂਗਰਸ ਪਾਰਟੀ ਦੀ ਟਿਕਟ 'ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਲੜ ਸਕਦੇ ਹੋ ਅਤੇ ਤੁਹਾਡਾ ਨਵਾਂ ਲੱਭਿਆ ਲੀਡਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਛੱਡ ਕੇ ਵਾਰਾਨਸੀ ਤੋਂ ਚੋਣ ਲੜ ਸਕਦਾ ਹੈ ਤਾਂ ਮੈਂ ਆਪਣੇ ਪੰਜਾਬ ਦੇ ਲੁਧਿਆਣਾ ਹਲਕੇ ਤੋਂ ਚੋਣ ਕਿਉਂ ਨਹੀਂ ਲੜ ਸਕਦਾ?