ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ ਵੱਲੋਂ ਐਨ ਕੇ ਸ਼ਰਮਾ ਦੇ ਹੱਕ ’ਚ ਪਿੰਡਾਂ ’ਚ ਚੋਣ ਪ੍ਰਚਾਰ ਮੁਹਿੰਮ
ਜਗਤਾਰ ਸਿੰਘ
ਘਨੌਰ, 9 ਮਈ 2024 : ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ ਨੇ ਪਟਿਆਲਾ ਲੋਕ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਸ੍ਰੀ ਐਨ ਕੇ ਸ਼ਰਮਾ ਦੇ ਹੱਕ ਵਿਚ ਪਿੰਡਾਂ ਵਿਚ ਚੋਣ ਪ੍ਰਚਾਰ ਮੁਹਿੰਮ ਵਿੱਢੀ ਗਈ ਹੈ।
ਉਹਨਾਂ ਨੇ ਪਿੰਡ ਚਮੜ, ਕਾਮੀ ਖੁਰਦ, ਹਰਪਾਲਾ, ਸਰਾਲਾ ਖੁਰਦ ਅਤੇ ਜ਼ਰੀਕਪੁਰ ਵਿਚ ਬੀਬੀਆਂ ਦਾ ਵੱਡਾ ਜੱਥਾ ਲੈ ਕੇ ਚੋਣ ਪ੍ਰਚਾਰ ਕੀਤਾ।
ਬੀਬੀ ਮੁਖਮੇਲਪੁਰ ਨੇ ਕਿਹਾ ਕਿ ਜਿਥੇ ਕਾਂਗਰਸ ਤੇ ਭਾਜਪਾ ਵਿਚ ਉਮੀਦਵਾਰਾਂ ਦੀ ਇਸ ਵਾਰ ਅਦਲਾ ਬਦਲੀ ਹੋਈ ਹੈ ਤੇ ਕਾਂਗਰਸ ਦੀ ਐਮ ਪੀ ਰਹੀ ਭਾਜਪਾ ਦੇ ਉਮੀਦਵਾਰ ਬਣ ਗਏ ਤੇ ਆਪ ਆਗੂ ਡਾ. ਧਰਮਵੀਰ ਗਾਂਧੀ ਕਾਂਗਰਸ ਦੇ ਉਮੀਦਵਾਰ ਬਣ ਗਏ, ਉਥੇ ਹੀ ਆਮ ਆਦਮੀ ਪਾਰਟੀ (ਆਪ) ਨੂੰ ਹੋਰ ਕੋਈ ਉਮੀਦਵਾਰ ਨਹੀਂ ਲੱਭਾ ਤਾਂ ਉਹਨਾਂ ਇਕ ਕੈਬਨਿਟ ਮੰਤਰੀ ਨੂੰ ਚੋਣ ਮੈਦਾਨ ਵਿਚ ਉਤਾਰ ਦਿੱਤਾ ਹੈ।
ਉਹਨਾਂ ਕਿਹਾ ਕਿ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਹਨ ਜਿਹਨਾਂ ਦਾ ਸਾਫ ਸੁਥਰਾ ਅਕਸ ਹੈ ਤੇ ਉਹਨਾਂ ਦੀ ਕਾਰਗੁਜ਼ਾਰੀ ਲੋਕਾਂ ਦੇ ਸਾਹਮਣੇ ਹੈ ਕਿ ਕਿਵੇਂ ਉਹਨਾਂ ਨੇ ਮੁਹਾਲੀ ਜ਼ਿਲ੍ਹੇ, ਜ਼ੀਰਕਪੁਰ, ਡੇਰਾਬੱਸੀ ਤੇ ਲਾਲੜੂ ਦਾ ਵਿਕਾਸ ਕਰਵਾਇਆ ਹੈ। ਉਹ ਕਹਿਣੀ ਤੇ ਕਰਨੀ ਦੇ ਪੱਕੇ ਹਨ ਜੋ ਵਾਅਦੇ ਕਰਦੇ ਹਨ, ਉਹਨਾਂ ਨੂੰ ਹਮੇਸ਼ਾ ਪੂਰਾ ਕਰਦੇ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਵੀ ਪੰਜਾਬ ਦੇ ਵਿਕਾਸ ਵਾਸਤੇ ਕੋਈ ਕਸਰ ਬਾਕੀ ਨਹੀਂ ਛੱਡੀ, ਅੱਜ ਪੰਜਾਬ ਵਿਚ ਹਵਾਈ ਅੱਡੇ, ਛੇ ਤੇ ਚਹੁੰ ਮਾਰਗੀ ਸੜਕਾਂ ਤੇ ਥਰਮਲ ਪਲਾਂਟ ਸਭ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ ਦੀ ਸਰਕਾਰ ਨੇ ਬਣਵਾਏ ਹਨ।
ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਹਲਕੇ ਤੋਂ ਐਨ ਕੇ ਸ਼ਰਮਾ ਨੂੰ ਵੱਡੀ ਲੀਡ ਤੋਂ ਜਿਤਾ ਕੇ ਉਹ ਹਲਕੇ ਦੇ ਵਿਕਾਸ ਦਾ ਰਾਹ ਪੱਧਰਾ ਕਰਨ। ਉਹ ਵਾਅਦਾ ਕਰਦੇ ਹਨ ਕਿ ਜੋ ਵਿਕਾਸ ਐਨ ਕੇ ਸ਼ਰਮਾ ਰਾਹੀਂ ਅਸੀਂ ਹਲਕੇ ਦਾ ਕਰਾਵਾਂਗੇ, ਉਸਦੀ ਕੋਈ ਬਰਾਬਰੀ ਨਹੀਂ ਹੋਵੇਗੀ।
ਇਸ ਮੌਕੇ ਵਿਚ ਵੱਡੀ ਗਿਣਤੀ ਵਿਚ ਬੀਬੀਆਂ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।