ਮਲੇਰਕੋਟਲਾ: ਉਮੀਦਵਾਰ ਦਾ ਵੇਰਵਾ ਕਿਸੇ ਖੁੱਲ੍ਹੀ ਕਿਤਾਬ ਦੀ ਤਰ੍ਹਾਂ 'ਨੋਅ ਯੂਅਰ ਕੈਂਡੀਡੇਟ' ਐਪ ਉੱਤੇ ਦਰਜ
* ਮੋਬਾਈਲ ਐਪ ਰਾਹੀਂ ਹਾਸਲ ਕੀਤੀ ਜਾ ਸਕਦੀ ਉਮੀਦਵਾਰ ਦੀ ਹਰੇਕ ਜਾਣਕਾਰੀ- ਡਾ ਪੱਲਵੀ
* ਡਿਪਟੀ ਕਮਿਸ਼ਨਰ ਵੱਲੋਂ ਵੋਟਰਾਂ ਨੂੰ ਆਪਣੇ ਫੋਨ ਉੱਤੇ 'ਨੋਅ ਯੂਅਰ ਕੈਂਡੀਡੇਟ' ਐਪ ਡਾਊਨਲੋਡ ਕਰਨ ਦਾ ਸੱਦਾ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 12 ਮਈ :2024 - ਜ਼ਿਲ੍ਹਾ ਚੋਣ ਅਫ਼ਸਰ- ਕਮ- ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਵੋਟਰਾਂ ਦੀ ਸਹੂਲਤ ਲਈ ਕਈ ਆਈ.ਟੀ ਐਪਲੀਕੇਸ਼ਨਾਂ ਤਿਆਰ ਕੀਤੀਆਂ ਹਨ ਜ਼ਿਨ੍ਹਾਂ ਵਿੱਚੋਂ ਨੋਅ ਯੂਅਰ ਕੈਂਡੀਡੇਟ’(ਆਪਣੇ ਉਮੀਦਵਾਰ ਨੂੰ ਜਾਣੋ) ਐਪ ਤਿਆਰ ਕੀਤੀ ਹੈ । ਜਿਸ ਦੀ ਮਦਦ ਨਾਲ ਵੋਟਰ ਲੋਕ ਸਭਾ ਚੋਣਾਂ ਲੜਨ ਵਾਲੇ ਉਮੀਦਵਾਰਾਂ ਦੇ ਵੇਰਵੇ ਅਤੇ ਅਪਰਾਧਿਕ ਪਿਛੋਕੜਾਂ ਬਾਰੇ ਇੱਕਤਰ ਕਰ ਸਕਦੇ ਹਨ । ‘ਨੋਅ ਯੂਅਰ ਕੈਂਡੀਡੇਟ’(ਆਪਣੇ ਉਮੀਦਵਾਰ ਨੂੰ ਜਾਣੋ) ਐਪ ਨੂੰ ਡਾਊਨਲੋਡ ਕਰਕੇ ਇਸ ਐਪ ਦੀ ਮਦਦ ਨਾਲ ਕਿਸੇ ਵੀ ਉਮੀਦਵਾਰਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸ਼ਲ ਕੀਤੀ ਜਾ ਸਕਦੀ ਹੈ।
ਉਹਨਾਂ ਨੇ ਦੱਸਿਆ ਕਿ ਇਹ ਐਪ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਉਣ ਲਈ ਚੋਣ ਲੜ ਰਹੇ ਉਮੀਦਵਾਰਾਂ ਦੇ ਅਪਰਾਧਿਕ ਪਿਛੋਕੜਾਂ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਪ੍ਰਦਾਨ ਕਰਨ ਲਈ ਤਿਆਰ ਕੀਤੀ ਗਈ ਹੈ। ਇਸ ਐਪ ਨੂੰ ਗੂਗਲ ਪਲੇਅ ਸਟੋਰ ਅਤੇ ਐਪਲ ਪਲੇਅ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ ਅਤੇ ਇਸ ਦਾ ਲਿੰਕ ਕਮਿਸ਼ਨ ਦੀ ਵੈੱਬਸਾਈਟ 'ਤੇ ਵੀ ਉਪਲਬਧ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਨਾਮਜ਼ਦਗੀ ਪ੍ਰਕਿਰਿਆ ਦੌਰਾਨ ਉਮੀਦਵਾਰਾਂ ਵੱਲੋਂ ਜਮ੍ਹਾ ਕਰਵਾਏ ਗਏ ਸਾਰੇ ਸਕੈਨ ਕੀਤੇ ਦਸਤਾਵੇਜ਼ ਵੋਟਰਾਂ ਦੀ ਜਾਗਰੂਕਤਾ ਲਈ ਇਸ ਮੋਬਾਈਲ ਐਪਲੀਕੇਸ਼ਨ 'ਤੇ ਅੱਪਲੋਡ ਕੀਤੇ ਜਾਂਦੇ ਹਨ। ਉਹਨਾਂ ਕਿਹਾ ਕਿ ਕਿਸੇ ਵੀ ਉਮੀਦਵਾਰ ਦਾ ਵੇਰਵਾ ਕਿਸੇ ਖੁੱਲ੍ਹੀ ਕਿਤਾਬ ਦੀ ਤਰ੍ਹਾਂ ਇਸ ਮੋਬਾਈਲ ਐਪ ਉੱਤੇ ਦਰਜ ਹੁੰਦਾ ਹੈ। ਇਸ ਵੇਰਵੇ ਵਿੱਚ ਉਸਦੀ ਯੋਗਤਾ, ਸੰਪਤੀਆਂ, ਅਪਰਾਧਿਕ ਪਿਛੋਕੜ, ਜੇਕਰ ਕੋਈ ਹੋਵੇ, ਆਦਿ ਸ਼ਾਮਿਲ ਹੁੰਦੇ ਹਨ।
ਉਹਨਾਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਤੰਤਰ ਤੇ ਨਿਰਪੱਖ ਚੋਣਾਂ ਕਰਵਾਉਣ ਲਈ ਸਮੁੱਚੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ । ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਨੇ ਵੋਟ ਦੀ ਮਹੱਤਤਾ ਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਨੂੰ ਸਭ ਨੂੰ ਭਾਰਤੀ ਲੋਕਤੰਤਰ ਦੀ ਮਜ਼ਬੂਤੀ ਲਈ ਵੱਧ ਤੋਂ ਵੱਧ ਆਪਣੀ ਵੋਟ ਦੇ ਅਧਿਕਾਰ ਦਾ ਸੁਤੰਤਰ, ਨਿਰਪੱਖ, ਸ਼ਾਂਤਮਈ, ਬਿਨਾਂ ਡਰ ਭੈਅ, ਧਰਮ, ਵਰਗ, ਜਾਤੀ, ਭਾਈਚਾਰੇ, ਭਾਸ਼ਾ ਜਾਂ ਕਿਸੇ ਵੀ ਲਾਲਚ ਦੇ ਪ੍ਰਭਾਵ ਤੋਂ ਬਿਨਾਂ ਇਸਤੇਮਾਲ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ-2024 ਦੌਰਾਨ ਭਾਰਤੀ ਚੋਣ ਕਮਿਸ਼ਨ ਦੁਆਰਾ "ਇਸ ਵਾਰ 70 ਪਾਰ" ਦੇ ਮੱਦੇਨਜ਼ਰ ਜ਼ਿਲ੍ਹਾ ਅਧੀਨ ਪੈਂਦੇ ਦੋਵੇ ਵਿਧਾਨ ਸਭਾ ਹਲਕਿਆਂ ਅੰਦਰ ਵੋਟ ਪੋਲ ਦੇ ਟੀਚੇ ਨੂੰ ਪ੍ਰਾਪਤ ਕਰਨ ਹਿੱਤ ਵੱਧ ਤੋਂ ਵੱਧ ਭਾਗੀਦਾਰੀ ਨੂੰ ਯਕੀਨੀ ਬਣਾਇਆ ਜਾਵੇਗਾ।