ਮਲੇਰਕੋਟਲਾ: ਮੁੱਖ ਮੰਤਰੀ ਮਾਨ ਦੀ ਹਾਜ਼ਰੀ ਵਿੱਚ ਸਾਹਿਬਜ਼ਾਦਾ ਨਦੀਮ ਅਨਵਾਰ ਖਾਨ ਅਤੇ ਸੈਬੀ ਖਾਨ ਆਪ ਵਿੱਚ ਸ਼ਾਮਿਲ
- ਮੌਜੂਦਾ ਸਮੇਂ ਆਮ ਆਦਮੀ ਪਾਰਟੀ ਹੀ ਐਸੀ ਜਮਾਤ ਜੋ ਸਿਧਾਂਤਾਂ, ਤੇ ਅਸੂਲਾਂ ਤੇ ਖਰੀ ਉਤਰਦੀ ਹੈ ਅਤੇ ਦੇਸ਼ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾ ਰਹੀ--ਸਾਹਿਬਜ਼ਾਦਾ ਨਦੀਮ ਅਨਵਾਰ ਖਾਨ
- ਪਾਰਟੀ ਵਿੱਚ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ-ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 15 ਮਈ 2024 - ਮਲੇਰਕੋਟਲਾ ਦੀ ਸਿਆਸਤ ਦੇ ਵਿੱਚ ਅੱਜ ਉਸ ਸਮੇਂ ਵੱਡਾ ਧਮਾਕਾ ਹੋਇਆ ਜਦੋਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਮਲੇਰਕੋਟਲਾ ਦੇ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਅਤੇ ਸ਼ਮਸ਼ੁਦੀਨ ਚੌਧਰੀ ਦੀ ਹਾਜ਼ਰੀ ਵਿੱਚ ਕਾਂਗਰਸ ਦੇ ਸੀਨੀਅਰ ਆਗੂ ਤੇ ਪੰਜਾਬ ਵਕਫ਼ ਬੋਰਡ ਦੇ ਸਾਬਕਾ ਮੈਂਬਰ ਨਦੀਮ ਅਨਵਰ ਖਾਨ ਤੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਮੁਹੰਮਦ ਸ਼ੋਇਬ ਅਹਿਮਦ ਖਾਨ ਸ਼ੈਬੀ ਨੂੰ ਆਮ ਆਦਮੀ ਪਾਰਟੀ ਦੇ ਪਰਿਵਾਰ ‘ਚ ਸ਼ਾਮਲ ਕਰ ਲਿਆ ਗਿਆ। ਇਸ ਮੌਕੇ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਨੇ ਇਹਨਾਂ ਆਗੂਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹਨਾਂ ਨੂੰ ਪਾਰਟੀ ਵਿੱਚ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ।
ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਹਿਬਜ਼ਾਦਾ ਜਨਾਬ ਨਦੀਮ ਅਨਵਾਰ ਖਾਨ ਨੇ ਕਿਹਾ ਕਿ ਕਿ ਮੌਜੂਦਾ ਸਮੇਂ ਫਿਰਕਾ ਪ੍ਰਸਤ ਭਾਜਪਾ ਦੇ ਬਦਲ ਲਈ ਇੱਕੋ ਇੱਕ ਪਾਰਟੀ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਹੀ ਦਿਖਾਈ ਦੇ ਰਹੀ ਹੈ ਇਸ ਲਈ ਉਹਨਾਂ ਫੈਸਲਾ ਕੀਤਾ ਕਿ ਅੱਜ ਇਲੈਕਸ਼ਨ ਦਾ ਸਮਾ ਚਲ ਰਿਹਾ ਹੈ ਅੱਜ ਜਦ ਦੇਸ਼ ਬਹੁਤ ਨਾਜ਼ੁਕ ਸਮੇ ਤੋਂ ਗੁਜ਼ਰ ਰਿਹਾ ਹੈ। ਭਾਰਤ ਦਾ ਸੰਵਿਧਾਨ ਖਤਰੇ 'ਚ ਦਿਖਾਈ ਦੇ ਰਿਹਾ ਹੈ। ਲੋਕਤੰਤਰ ਖਤਰੇ 'ਚ ਹੈ ਤਾਂ ਐਸੇ ਵਖਤ ਸਾਡਾ ਫਰਜ ਬਣ ਜਾਂਦਾ ਹੈ ਕਿ ਐਸੀ ਕੁਰਪੱਟ ਆਮ ਆਦਮੀ ਦੀ ਦੁਸ਼ਮਨ ਅਤੇ ਸਿਰਫ ਪੂੰਜੀਵਾਦੀਆਂ ਨੂੰ ਹੀ ਨਫਾ ਪਹੁੰਚਾਉਣ ਵਾਲੀ ਇਸ ਕਿਸਾਨ ਵਿਰੋਧੀ, ਘੱਟ ਗਿਣਤੀਆ, ਦਲਿਤਾਂ ਵਿਰੋਧੀ ਭਾਜਪਾ ਦੀ ਸਰਕਾਰ ਨੂੰ ਬਦਲ ਦਈਏ ਅਤੇ ਐਸੀ ਜਮਾਤ ਨੂੰ ਲੈ ਕੇ ਆਏ ਜੋ ਆਮ ਆਦਮੀ ਦੇ ਭਲੇ ਦੀ ਸੋਚਦੀ ਹੋਵੇ, ਮਹਿੰਗਾਈ ਨੂੰ ਬੇਰੋਜ਼ਗਾਰੀ ਨੂੰ ਖਤਮ ਕਰੇ।
ਸਿੱਖਿਆ ਅਤੇ ਸਿਹਤ ਸਹੂਲਤਾਂ ਜੋ ਕਿ ਸਾਡਾ ਬੁਨਿਆਦੀ ਹੱਕ ਹੈ ਉਸਨੂੰ ਤਰਜੀਹ ਦਵੇ। ਸਭ ਵਰਗਾਂ ਨੂੰ ਨਾਲ ਲੈ ਕੇ ਚੱਲੋ,ਸਭ ਧਰਮਾਂ ਦੀ ਇੱਜਤ ਕਰੇ ਅਤੇ ਦੇਸ਼ ਦੀ, ਇਲਾਕੇ ਦੀ ਤਰੱਕੀ ਕਰੇ, ਸੂਬੇ 'ਚ ਅਮਨ ਕਾਇਮ ਕਰੇ ਅਤੇ ਨਫਰਤਾਂ ਖਤਮ ਕਰੇ, ਐਸੀ ਸਰਕਾਰ ਨੂੰ ਲੈ ਕੇ ਆਈਏ ਤਾਂ ਕਿ ਸਾਡਾ,ਸਾਡੇ ਦੇਸ਼ ਦਾ ਮੁਸਤਕਬਿਲ,ਸਾਡਾ ਭਵਿੱਖ ਰੋਸ਼ਨ ਹੋਵੇ। ਇਸ ਲਈ ਜਦੋਂ ਅਸੀਂ ਦੇਖਦੇ ਹਾਂ ਤਾਂ ਮੌਜੂਦਾ ਸਮੇਂ ਆਮ ਆਦਮੀ ਪਾਰਟੀ ਹੀ ਐਸੀ ਜਮਾਤ ਹੈ ਜੋ ਇਨ੍ਹਾਂ ਸਿਧਾਂਤਾਂ, ਤੇ ਇਨ੍ਹਾਂ ਅਸੂਲਾਂ ਤੇ ਖਰੀ ਉਤਰਦੀ ਹੈ ਅਤੇ ਦੇਸ਼ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾ ਰਹੀ ਹੈ । ਜਿਸ ਲਈ ਉਹਨਾਂ ਫੈਸਲਾ ਕੀਤਾ ਕਿ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਕੇ ਇਸ ਜਮਾਤ ਦਾ ਸਾਥ ਦਿੱਤਾ ਜਾਵੇ।
ਦੱਸਣਾ ਬਣਦਾ ਹੈ ਕਿ ਜਨਾਬ ਨਦੀਮ ਅਨਵਾਰ ਖਾਨ ਮਲੇਰਕੋਟਲਾ ਦੇ ਬੇਬਾਕ ਅਤੇ ਨਿਡਰ ਵਿਧਾਇਕ ਹਾਜੀ ਅਨਵਾਰ ਅਹਿਮਦ ਖਾਨ ਮਰਹੂਮ ਦੇ ਹੋਣਹਾਰ ਸਪੁੱਤਰ ਹਨ ਅਤੇ ਮੌਜੂਦਾ ਸਮੇਂ ਕਾਂਗਰਸ ਪਾਰਟੀ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਸਨ।