ਮੀਤ ਹੇਅਰ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਕੀਤਾ ਸਿਜਦਾ
- ਸ਼ਹੀਦਾਂ ਦੇ ਸੁਫ਼ਨਿਆਂ ਦਾ ਸਮਾਜ ਸਿਰਜਣਾ ਹੀ ਸਾਡਾ ਉਦੇਸ਼: ਮੀਤ ਹੇਅਰ
ਦਲਜੀਤ ਕੌਰ
ਮਹਿਲ ਕਲਾਂ, 24 ਮਈ, 2024: ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਮੌਕੇ ਮਹਿਲ ਕਲਾਂ ਹਲਕੇ ਦੇ ਚੋਣ ਦੌਰਿਆਂ ਦੌਰਾਨ ਮਹਿਲ ਕਲਾਂ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਉੱਪਰ ਸ਼ਹੀਦ ਨੂੰ ਸਿਜਦਾ ਕੀਤਾ। ਇਸ ਮੌਕੇ ਸਥਾਨਕ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੀ ਹਾਜ਼ਰ ਸਨ।
ਮੀਤ ਹੇਅਰ ਨੇ ਕਿਹਾ ਕਿ ਸ਼ਹੀਦਾਂ ਦੇ ਸੁਫ਼ਨਿਆਂ ਦਾ ਸਮਾਜ ਸਿਰਜਣਾ ਹੀ ਸਾਡਾ ਉਦੇਸ਼ ਹੈ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਕੁਰਬਾਨੀ ਸਦਕਾ ਹੀ ਅੱਜ ਅਸੀਂ ਆਜ਼ਾਦ ਫਿਜ਼ਾ ਵਿੱਚ ਸ਼ਾਹ ਲੈ ਰਹੇ ਹਾਂ।ਸ਼ਹੀਦ ਸਰਾਭਾ ਦੀ ਉਸ ਵੇਲੇ ਉਮਰ ਮਹਿਜ਼ 19 ਵਰ੍ਹਿਆਂ ਦੀ ਸੀ ਜਦੋਂ ਫਾਂਸੀ ਦੇ ਰੱਸੇ ਨੂੰ ਚੁੰਮਿਆ। ਉਨ੍ਹਾਂ ਦੀ ਸ਼ਹਾਦਤ ਨੇ ਸ਼ਹੀਦ ਭਗਤ ਸਿੰਘ ਸਣੇ ਕਈ ਕ੍ਰਾਂਤੀਕਾਰੀਆਂ ਨੂੰ ਦੇਸ਼ ਭਗਤੀ ਦਾ ਜਾਗ ਲਾਇਆ ਸੀ।16 ਸਾਲ ਦੀ ਉਮਰ ਵਿੱਚ ਗ਼ਦਰ ਅਖਬਾਰ ਕੱਢਣ ਵਾਲਾ ਸਰਾਭਾ ਸੈਂਕੜੇ ਦੇਸ਼ ਭਗਤਾਂ ਦਾ ਰਾਹ ਦਸੇਰਾ, ਪਥ ਪ੍ਰਦਰਸ਼ਕ ਸੀ।
ਮੀਤ ਹੇਅਰ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਪਹਿਲੀ ਵਾਰ ਮੁੱਖ ਮੰਤਰੀ ਦੀ ਤਸਵੀਰ ਦੀ ਜਗ੍ਹਾ ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਦੀ ਤਸਵੀਰ ਸਰਕਾਰੀ ਦਫਤਰਾਂ ਵਿੱਚ ਲਾਉਣ ਦਾ ਇਤਿਹਾਸਕ ਫੈਸਲਾ ਕੀਤਾ।