ਮੋਹਾਲੀ ਦੇ ਸੀਨੀਅਰ ਕਾਂਗਰਸੀ ਸਾਥੀਆਂ ਸਮੇਤ ਅਕਾਲੀ ਦਲ ਵਿੱਚ ਸ਼ਾਮਿਲ
- ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਦੀ ਚੋਣ ਮੁਹਿੰਮ ਨੂੰ ਹੋਰ ਮਜਬੂਤੀ ਮਿਲੀ
ਮੋਹਾਲੀ 30 ਮਈ 2024 - ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਹਲਾਰਾ ਮਿਲਿਆ ਜਦੋਂ ਇਸ ਹਲਕੇ ਦੇ ਸੀਨੀਅਰ ਕਾਂਗਰਸੀ ਨੇਤਾ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ। ਪ੍ਰੋ ਚੰਦੂਮਾਜਰਾ ਨੇ ਕਾਂਗਰਸ ਨੇਤਾਵਾਂ ਅਵਤਾਰ ਸਿੰਘ, ਪਰਮਜੀਤ ਸਿੰਘ, ਮੇਘਰਾਜ, ਯੋਗੇਸ਼, ਸ਼ਮਸ਼ੇਰ ਸਿੰਘ ਭਾਗੋਮਾਜਰਾ ਸੁਰੇਸ, ਏਸਦੀਪ ਸਿੰਘ, ਸੁਰਜੀਤ ਅਤੇ ਪ੍ਰਿੰਸ ਦਾ ਸਵਾਗਤ ਕਰਦਿਆਂ ਆਖਿਆ ਕਿ ਉਹਨਾਂ ਦੇ ਆਉਣ ਨਾਲ ਪਾਰਟੀ ਹੋਰ ਮਜਬੂਤ ਹੋਵੇਗੀ। ਇਨ੍ਹਾਂ ਆਗੂਆਂ ਨੇ ਕਿਹਾ ਕਿ ਉਹ ਪ੍ਰੋ ਪ੍ਰੇਮ ਚੰਦੂਮਾਜਰਾ ਦੀ ਦੂਰ ਅੰਦੇਸ਼ੀ ਸੋਚ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਪ੍ਰਤੀ ਪਹੁੰਚ ਅਤੇ ਨੀਤੀਆਂ ਤੇ ਪ੍ਰੋਗਰਾਮਾਂ ਕਰਕੇ ਖੇਤਰੀ ਪਾਰਟੀ ਨਾਲ ਜੁੜ ਰਹੇ ਹਨ। ਉਹਨਾਂ ਆਖਿਆ ਕਿ ਇੱਕ ਖੇਤਰੀ ਪਾਰਟੀ ਹੈ ਜੋ ਹਮੇਸ਼ਾ ਪੰਜਾਬ ਅਤੇ ਪੰਜਾਬੀਆਂ ਤੇ ਮੁੱਦਿਆਂ ਨੂੰ ਤਰਜੀਹ ਦਿੰਦੀ ਹੈ ਅਤੇ ਇਸ ਪਾਰਟੀ ਦੀਆਂ ਜੜਾਂ ਹੀ ਪੰਜਾਬ ਵਿੱਚ ਹਨ।
ਪ੍ਰੋ. ਚੰਦੂਮਾਜਰਾ ਨੇ ਪੰਜਾਬ ਵਾਸੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਪਹਿਲਾਂ ਇਕੱਲੀ ਕਾਂਗਰਸ ਸੂਬਿਆਂ ਦੇ ਹੱਕਾਂ ਤੇ ਡਾਕੇ ਮਾਰਦੀ ਸੀ ਤੇ ਹੁਣ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੋ ਹੋਰ ਨਵੀਆਂ ਕੇਂਦਰੀ ਤਾਕਤਾਂ ਪੈਦਾ ਹੋ ਗਈਆਂ ਹਨ, ਜੋ ਕੇਂਦਰ ਨੂੰ ਮਜ਼ਬੂਤ ਕਰਕੇ ਪੰਜਾਬ ਵਰਗੇ ਵਿਕਸਿਤ ਤੇ ਉੱਨਤ ਸੂਬਿਆਂ ਨੂੰ ਆਰਥਿਕ ਸਮਾਜਿਕ ਅਤੇ ਬੌਧਿਕ ਪੱਖ ਤੋਂ ਕੰਗਾਲ ਕਰਨਾ ਚਾਹੁੰਦੀਆਂ ਹਨ। ਇਹਨਾਂ ਕੇਂਦਰੀ ਤਾਕਤਾਂ ਤੋਂ ਪੰਜਾਬ ਨੂੰ ਬਚਾਉਣ ਲਈ ਅਕਾਲੀ ਦਲ ਦੇ ਉਮੀਦਵਾਰ ਦਾ ਪਾਰਲੀਮੈਂਟ ਵਿੱਚ ਜਾਣਾ ਬਹੁਤ ਜਰੂਰੀ ਹੈ ਤਾਂ ਜੋ ਪੰਜਾਬ ਅਤੇ ਪੰਥ ਦੇ ਮੁੱਦੇ ਦੇਸ਼ ਦੇ ਸਾਹਮਣੇ ਲਿਆਂਦੇ ਜਾ ਸਕਣ। ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਤੇ ਸਿੱਖਾਂ ਦੇ ਮਸਲਿਆਂ ਦਾ ਹੱਲ ਵੀ ਅਕਾਲੀ ਦਲ ਹੀ ਕਰ ਸਕਦਾ ਹੈ, ਜੋ ਪੰਜਾਬ ਅਤੇ ਪੰਥ ਪ੍ਰਸਤ ਜਥੇਬੰਦੀ ਹੈ।
ਇਸ ਮੌਕੇ ਅੰਗਰੇਜ਼ ਸਿੰਘ , ਸੁਰਜੀਤ ਸਿੰਘ , ਜਗਜੀਤ ਸਿੰਘ, ਹਰਪ੍ਰੀਤ ਸਿੰਘ, ਤੇਜਿੰਦਰ ਸਿੰਘ, ਅਜੈਵੀਰ ਸਿੰਘ, ਕੁਲਵੰਤ ਸਿੰਘ, ਕੁਲਦੀਪ ਸਿੰਘ ਤੋਂ ਇਲਾਵਾ ਆਗੂ ਹਾਜ਼ਰ ਸਨ।