ਰਵਨੀਤ ਬਿੱਟੂ ਨੇ ਲੁਧਿਆਣਵੀਆਂ ਨੂੰ ਭਾਜਪਾ ਦੇ ਕੀਤੇ ਹੋਏ ਕੰਮ ਗਿਣਾਏ
ਦੇਸ਼ ਤੇ ਦੇਸ਼ ਦੀ ਜਨਤਾ ਦੀ ਬਿਹਤਰੀ ਹੀ ਭਾਜਪਾ ਦਾ ਸਭ ਤੋਂ ਵੱਡਾ ਮੁੱਦਾ ਹੈ : ਰਵਨੀਤ ਬਿੱਟੂ
ਲੁਧਿਆਣਾ, 13 ਮਈ 2024 : ਲੁਧਿਆਣਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਬੀਤੀ ਰਾਤ ਟਿੱਬਾ ਰੋਡ ਸਥਿਤ ਮੰਡਲ ਪ੍ਰਧਾਨ ਪ੍ਰਮੋਦ ਕੁਮਾਰ ਵੱਲੋਂ ਆਯੋਜਿਤ ਚੋਣ ਜਲਸੇ ‘ਚ ਸੰਬੋਧਨ ਦੌਰਾਨ ਜਿੱਥੇ ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ, ਉਥੇ ਉਹਨਾਂ ਵਿਰੋਧੀ ਪਾਰਟੀਆਂ ਨੂੰ ਸਿਆਸੀ ਰਗੜੇ ਲਾਏ।
ਉਹਨਾਂ ਆਮ ਆਦਮੀ ਪਾਰਟੀ ‘ਤੇ ਨਿਸ਼ਾਨ ਸਾਧਦਿਆਂ ਕਿਹਾ ਕਿ ਆਪ ਸੁਪਰੀਮੋ ਜੇਲ੍ਹ ‘ਚੋਂ ਆਰਜੀ ਜ਼ਮਾਨਤ ‘ਤੇ ਆਏ ਨੇ ਉਸ ‘ਤੇ ਵੀ ਮਾਣਯੋਗ ਅਦਾਲਤ ਨੇ ਸਖ਼ਤ ਹਦਾਇਤਾਂ ਦਿਤੀਆਂ ਕਿ ਭਾਵੇਂ ਕਿ ਕੇਜਰੀਵਾਲ ਬਤੌਰ ਮੁੱਖ ਮੰਤਰੀ ਪ੍ਰਚਾਰ ਲਈ ਜਾ ਸਕਦੇ ਹਨ ਔਰ ਉਹ ਨਾ ਤਾਂ ਮੁੱਖ ਮੰਤਰੀ ਦਫ਼ਤਰ ਜਾਣਗੇ ਤੇ ਨਾ ਹੀ ਕਿਸੇ ਫ਼ਾਈਲ ‘ਤੇ ਦਸਤਖਤ ਕਰਨਗੇ, ਇਹ ਓਹੀ ਕੇਜਰੀਵਾਲ ਨੇ ਜਿਹੜੇ ਅੰਨਾ ਹਜ਼ਾਰੇ ਨਾਲ ਬੈਠ ਕੇ ਸਵਰਾਜ ਦੀਆਂ ਗੱਲ੍ਹਾਂ ਕਰਦੇ ਸੀ, ਇਹ ਲਾਲੂ ਪ੍ਰਸਾਦ ਯਾਦਵ ਦੀ ਜੇਲ੍ਹ ਯਾਤਰਾ ਸਮੇਂ ਰਾਬੜੀ ਦੇਵੀ ਨੂੰ ਕੁਰਸੀ ਦੇਣ ‘ਤੇ ਸਵਾਲ ਚੁੱਕਦੇ ਸੀ, ਅੱਜ ਖ਼ੁਦ ਕੇਜਰੀਵਾਲ ਜਦੋਂ ਜੇਲ੍ਹ ਸੀ ਤਾਂ ਉਹਨਾਂ ਦੀ ਕੁਰਸੀ ‘ਤੇ ਕੌਣ ਬੈਠਦਾ ਸੀ, ਕੀ ਕੇਜਰੀਵਾਲ ਨੂੰ 70 ਵਿਧਾਇਕਾਂ ‘ਚੋਂ ਇੱਕ ਵੀ ਵਿਧਾਇਕ ਮੁੱਖ ਮੰਤਰੀ ਦੇ ਕਾਬਿਲ ਨਹੀਂ ਲੱਭਿਆ। ਉਹਨਾਂ ਕਿਹਾ ਇਸੇ ਤਰ੍ਹਾਂ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਨੂੰ ਤਾਂ ਉਮੀਦਵਾਰ ਨਹੀਂ ਲੱਭਿਆ, ਕਾਂਗਰਸ ਨੇ ਲੁਧਿਆਣੇ ਵਾਲੇ ਕਾਂਗਰਸੀਆਂ ਦੇ ਮੂੰਹ ‘ਤੇ ਚਪੇੜ ਮਾਰ ਕੇ ਬਾਹਰੋਂ ਉਮੀਦਵਾਰ ਲਿਆਂਦਾ ਹੈ, ਅਜਿਹੇ ‘ਚ ਕਾਂਗਰਸ ਹਾਰੀ ਹੋਈ ਲੜਾਈ ਲੜ ਰਹੀ ਹੈ। ਅਜਿਹੇ ‘ਚ ਭਾਜਪਾ ਇੱਕੋ ਅਜਿਹੀ ਪਾਰਟੀ ਹੈ, ਜਿਸ ਦਾ ਦੇਸ਼ ਤੇ ਦੇਸ਼ ਦੀ ਜਨਤਾ ਦੀ ਬਿਹਤਰੀ ਹੀ ਸਭ ਤੋਂ ਵੱਡਾ ਏਜੰਡਾ ਹੈ, ਇਹਨਾਂ ਮੁੱਦਿਆਂ ‘ਤੇ ਹੀ ਅਸੀਂ ਚੋਣ ਮੈਦਾਨ ‘ਚ ਨਿੱਤਰੇ ਹਾਂ। ਰਵਨੀਤ ਬਿੱਟੂ ਨੇ ਕਿਹਾ ਕਿ ਆਪ, ਕਾਂਗਰਸ, ਅਕਾਲੀ ਦਲ ਕੋਲ ਸਿਵਾਏ ਗੱਲ੍ਹਾਂ ਦੇ ਕੁਝ ਵੀ ਨਹੀਂ ਬਲਕਿ ਭਾਜਪਾ ਦੇ ਕੀਤੇ ਹੋਏ ਵਿਕਾਸ ਦੇ ਕੰਮ ਬੋਲਦੇ ਹਨ, ਆਮ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਜਿੰਦੀਆ ਜਾਗਦੀਆਂ ਮਿਸਾਲਾਂ ਹਨ, ਇਸ ਲਈ ਅੱਜ ਲੋੜ ਹੈ ਅਸੀਂ ਵਿਰੋਧੀ ਪਾਰਟੀਆਂ ਦੇ ਮਨਸੂਬਿਆਂ ਨੂੰ ਸਮਝੀਏ ਤੇ ਦੇਸ਼ ਤੇ ਸੂਬੇ ਦੀ ਭਲਾਈ ਲਈ ਭਾਜਪਾ ਦਾ ਸਾਥ ਦਈਏ।ਇਸ ਮੌਕੇ ਹੋਰਨਾਂ ਤੋਂ ਇਲਾਵਾ ਦੀਪਕ ਝਾਅ, ਸੌਰਵ ਸਿੰਘ, ਅੰਜੀਵ ਗੁਲੇਰੀਆ, ਰਾਮ ਨਿਵਾਸ ਸ਼ਰਮਾ, ਅਰਵਿੰਦ ਕੁਮਾਰ, ਸੁਸ਼ੀਲ ਸਿੰਘ, ਐੱਸਸੀ ਗੁਪਤਾ, ਅਰਵਿੰਦ ਸਿੰਘ ਆਦਿ ਹਾਜ਼ਰ ਸਨ।