ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਚੋਣ ਪ੍ਰਚਾਰ ਦੌਰਾਨ ਆਰਥਿਕ ਵਿਕਾਸ ਤੇ ਕਿਸਾਨਾਂ ਦੇ ਸਮਰਥਨ ਦਾ ਵਾਅਦਾ ਕੀਤਾ
- ਵੜਿੰਗ ਨੇ ਔਰਤਾਂ ਲਈ 8500 ਰੁਪਏ ਮਹੀਨਾ ਭੱਤਾ, ਐਮਐਸਪੀ ਨੂੰ ਕਾਨੂੰਨੀ ਦਰਜਾ ਅਤੇ ਨੌਜਵਾਨਾਂ ਲਈ ਨੌਕਰੀਆਂ ਦਾ ਵਾਅਦਾ ਕੀਤਾ
ਲੁਧਿਆਣਾ, 17 ਮਈ, 2024: ਲੁਧਿਆਣਾ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਗਰਾਓਂ, ਲੁਧਿਆਣਾ ਉੱਤਰੀ ਅਤੇ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕਿਆਂ ਵਿੱਚ ਵੱਖ-ਵੱਖ ਥਾਵਾਂ 'ਤੇ ਚੋਣ ਪ੍ਰਚਾਰ ਕੀਤਾ, ਜਿੱਥੇ ਉਨ੍ਹਾਂ ਨੇ ਕਾਂਗਰਸ ਵੱਲੋਂ ਦਿੱਤੀਆਂ 25 ਗਾਰੰਟੀਆਂ ਬਾਰੇ ਹਲਕਾ ਵਾਸੀਆਂ ਨੂੰ ਦੱਸਿਆ ਅਤੇ ਪੰਜਾਬ ਵਿੱਚ ਪਾਰਟੀ ਦੀਆਂ ਅਹਿਮ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ।
ਇਸ ਮੌਕੇ ਆਪਣੇ ਭਾਸ਼ਣ ਦੌਰਾਨ ਵੜਿੰਗ ਨੇ ਬੁਢਾਪਾ ਪੈਨਸ਼ਨ 500 ਰੁਪਏ ਤੋਂ ਵਧਾ ਕੇ 1500 ਰੁਪਏ ਕਰਨ, ਕਿਸਾਨਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਲਾਗੂ ਕਰਨਾ, ਮਜ਼ਦੂਰਾਂ ਲਈ ਮਨਰੇਗਾ ਲਾਗੂ ਕਰਨਾ, ਲੋੜਵੰਦਾਂ ਨੂੰ ਕਣਕ ਪ੍ਰਦਾਨ ਕਰਨਾ, ਸ਼ਗਨ ਸਕੀਮ 16,000 ਰੁਪਏ ਤੋਂ ਵਧਾ ਕੇ 51,000 ਰੁਪਏ, ਇਲਾਜ ਲਈ 5,00,000 ਰੁਪਏ ਦਾ ਸਿਹਤ ਬੀਮਾ ਸ਼ੁਰੂ ਕਰਨਾ ਅਤੇ ਔਰਤਾਂ ਲਈ ਮੁਫ਼ਤ ਬੱਸ ਸਫ਼ਰ ਦੀ ਪੇਸ਼ਕਸ਼ ਸ਼ਾਮਲ ਹੈ।
ਵੜਿੰਗ ਨੇ ਕਿਹਾ, "ਸਾਡੀਆਂ ਪ੍ਰਾਪਤੀਆਂ ਆਪਣੇ ਆਪ ਬੋਲਦੀਆਂ ਹਨ। ਕਾਂਗਰਸ ਨੇ ਹਮੇਸ਼ਾ ਹੀ ਲੋਕਾਂ ਦੀ ਭਲਾਈ ਨੂੰ ਪਹਿਲ ਦਿੱਤੀ ਹੈ, ਭਾਂਵੇਂ ਉਹ ਵਿੱਤੀ ਸਹਾਇਤਾ ਹੋਵੇ, ਸਿਹਤ ਸੰਭਾਲ ਹੋਵੇ ਜਾਂ ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦੇਣਾ ਹੋਵੇ। ਇਸ ਦੇ ਉਲਟ 'ਆਪ' ਸਰਕਾਰ ਬਿਨਾਂ ਕਿਸੇ ਠੋਸ ਸਬੂਤ ਵਾਲੇ ਝੂਠੇ ਦਾਅਵਿਆਂ ਦੀ ਇਸ਼ਤਿਹਾਰਬਾਜ਼ੀ ਵਿੱਚ ਰੁੱਝੇ ਹੋਏ ਹਨ ਕਿ ਲੋਕ ਉਨ੍ਹਾਂ 'ਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੰਦੇ ਹਨ ਸਾਨੂੰ ਇਸ ਧੋਖੇ ਨੂੰ ਖਤਮ ਕਰਨ ਅਤੇ ਅਸਲ ਤਰੱਕੀ 'ਤੇ ਧਿਆਨ ਦੇਣ ਦੀ ਲੋੜ ਹੈ।
ਵੜਿੰਗ ਨੇ 'ਆਪ' ਸਰਕਾਰ ਦੇ ਗੁੰਮਰਾਹਕੁੰਨ ਵਾਅਦਿਆਂ, ਖਾਸ ਤੌਰ 'ਤੇ ਬਿਨਾਂ ਕਿਸੇ ਸਬੂਤ ਦੇ 40,000 ਨੌਕਰੀਆਂ ਪ੍ਰਦਾਨ ਕਰਨ ਦੇ ਦਾਅਵੇ ਲਈ ਨਿੰਦਾ ਕੀਤੀ। ਉਨ੍ਹਾਂ ਅਮਨ-ਕਾਨੂੰਨ ਦੀ ਵਿਗੜ ਰਹੀ ਸਥਿਤੀ ਦਾ ਜ਼ਿਕਰ ਕੀਤਾ ਅਤੇ ਇਸੇ ਲੜੀ ਤਹਿਤ ਸਿੱਧੂ ਮੂਸੇਵਾਲਾ ਦੇ ਦਰਦਨਾਕ ਕਤਲ ਨੂੰ ਸੁਰੱਖਿਆ ਕਾਇਮ ਰੱਖਣ ਵਿੱਚ ਸਰਕਾਰ ਦੀ ਨਾਕਾਮੀ ਦਾ ਉਦਾਹਰਨ ਦੱਸਿਆ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ 'ਆਪ' ਸਰਕਾਰ ਨੇ ਘੱਟੋ-ਘੱਟ ਸਮਰਥਨ ਮੁੱਲ ਦੇ ਮੁੱਦੇ 'ਤੇ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਨ ਲਈ ਕਿਸਾਨਾਂ ਨੂੰ ਨਵੀਂ ਦਿੱਲੀ ਪਹੁੰਚਣ ਤੋਂ ਰੋਕਿਆ, ਜਦੋਂ ਕਿ ਕਾਂਗਰਸ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਦਾ ਅਤੁੱਟ ਸਮਰਥਨ ਕਰਦੀ ਰਹੀ ਹੈ, ਜਿਸ ਵਿੱਚ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੇ ਬਾਰਡਰ ਤੱਕ ਉਨ੍ਹਾਂ ਦਾ ਸਾਥ ਦੇਣਾ ਵੀ ਸ਼ਾਮਲ ਹੈ।
ਇਸੇ ਤਰ੍ਹਾਂ, ਪੰਜਾਬ ਵਿੱਚ ਔਰਤਾਂ ਨੂੰ 1,000 ਰੁਪਏ ਪ੍ਰਤੀ ਮਹੀਨਾ ਦੇਣ ਦੇ 'ਆਪ' ਦੇ ਅਧੂਰੇ ਵਾਅਦੇ ਦੇ ਮੁੱਦੇ 'ਤੇ, ਵੜਿੰਗ ਨੇ ਕਿਹਾ ਕਿ ਕਾਂਗਰਸ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਦੇ ਪਰਿਵਾਰਾਂ ਦੀਆਂ ਬਜ਼ੁਰਗ ਔਰਤਾਂ ਨੂੰ 8,500 ਰੁਪਏ ਪ੍ਰਤੀ ਮਹੀਨਾ ਯਕੀਨੀ ਬਣਾਏਗੀ। ਉਨ੍ਹਾਂ ਕਾਂਗਰਸ ਦੇ ਸੱਤਾ ਵਿੱਚ ਆਉਣ 'ਤੇ ਘੱਟੋ-ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਰੂਪ ਦੇਣ ਦਾ ਵਾਅਦਾ ਵੀ ਕੀਤਾ, ਕਿਉਂਕਿ ਇਹ ਪੰਜਾਬੀ ਕਿਸਾਨਾਂ ਲਈ ਸਭ ਤੋਂ ਭਖਦਾ ਮੁੱਦਾ ਹੈ ਅਤੇ ਉਨ੍ਹਾਂ ਦੀ ਜ਼ਿੰਦਗੀ ਇਸ 'ਤੇ ਨਿਰਭਰ ਕਰਦੀ ਹੈ। ਬੇਰੁਜ਼ਗਾਰੀ ਦੇ ਮੁੱਦੇ 'ਤੇ ਉਨ੍ਹਾਂ ਕਿਹਾ ਕਿ 25 ਸਾਲ ਤੋਂ ਘੱਟ ਉਮਰ ਦੇ ਡਿਪਲੋਮਾ ਹੋਲਡਰ ਜਾਂ ਕਾਲਜ ਗ੍ਰੈਜੂਏਟ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕੇਂਦਰ ਸਰਕਾਰ ਵਿੱਚ ਵੱਖ-ਵੱਖ ਪੱਧਰਾਂ 'ਤੇ ਮਨਜ਼ੂਰ 30 ਲੱਖ ਖਾਲੀ ਅਸਾਮੀਆਂ ਨੂੰ ਭਰਨ ਦਾ ਵਾਅਦਾ ਕੀਤਾ ਜਾਵੇਗਾ।
ਇਸ ਮੌਕੇ ਉਤਸ਼ਾਹੀ ਸਮਰਥਕਾਂ ਨੇ ਵੜਿੰਗ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਅਤੇ ਆਪਣੀਆਂ ਵੋਟਾਂ ਨਾਲ ਉਨ੍ਹਾਂ ਦੀ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਦਾ ਪ੍ਰਣ ਕੀਤਾ।