ਲੋਕਾਂ ਨੂੰ ਗੁੰਮਰਾਹ ਕਰਨ ਦੀ ਬਜਾਏ ਵਿਕਾਸ ਦੀ ਗੱਲ ਕਰੇ ਕਾਂਗਰਸ, ਭਾਜਪਾ ਤੇ ਆਪ: ਐਨ. ਕੇ. ਸ਼ਰਮਾ
- ਅਕਾਲੀ ਦਲ ਨੇ ਹਮੇਸ਼ਾ ਵਿਕਾਸ ਦੇ ਮੁੱਦੇ ’ਤੇ ਰਾਜਨੀਤੀ ਕੀਤੀ
- ਪਟਿਆਲਾ ਸ਼ਹਿਰ ਦੀਆਂ ਕਲੋਨੀਆਂ ਵਿਚ ਐਨ. ਕੇ. ਸ਼ਰਮਾ ਨੂੰ ਮਿਲਿਆ ਜਨ ਸਮਰਥਨ
ਪਟਿਆਲਾ, 12 ਮਈ 2024 - ਪਟਿਆਲਾ ਲੋਕ ਸਭਾ ਹਲਕਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ. ਕੇ. ਸ਼ਰਮਾ ਨੇ ਚੋਣ ਮੈਦਾਨ ਵਿਚ ਉਤਰੇ ਕਾਂਗਰਸ, ਭਾਜਪਾ ਤੇ ਆਪ ਉਮੀਦਵਾਰ ਦੇ ਪ੍ਰਚਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਇਧਰ ਉਧਰ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਬਜਾਏ ਵਿਕਾਸ ਦੇ ਮੁੱਦੇ ’ਤੇ ਗੱਲ ਕਰਨ। ਸ਼ਰਮਾ ਅੱਜ ਚੋਣ ਪ੍ਰਚਾਰ ਅਭਿਆਨ ਤਹਿਤ ਪਟਿਆਲਾ ਦੀ ਗੁਰੂ ਤੇਗ ਬਹਦਰ ਕਲੋਨੀ, ਰਾਘੋ ਮਾਜਰਾ, ਸ਼ੀਸ਼ ਮਹਿਲ ਇਨਕਲੇਵ, ਰਾਏ ਮਾਜਰਾ, ਪੰਜਾਬੀ ਬਾਗ ਵਿਚ ਜਨ ਸਭਾਵਾਂ ਨੂੰ ਸੰਬੋਧਨ ਕਰ ਰਹੇ ਸਨ। ਹਲਕਾ ਇੰਚਾਰਜ ਅਮਰਿੰਦਰ ਸਿੰਘ ਬਜਾਜ ਦੀ ਅਗਵਾਈ ਵਿਚ ਆਯੋਜਿਤ ਇਨ੍ਹਾਂ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਸ਼ਰਮਾ ਨੇ ਕਿਹਾ ਕਿ ਉਹ ਪਿਛਲੇ ਕਰੀਬ ਇਕ ਮਹੀਨੇ ਤੋਂ ਲੋਕ ਸਭਾ ਖੇਤਰ ਦਾ ਦੌਰਾ ਕਰ ਰਹੇ ਹਨ।
ਇਸ ਦੌਰਾਨ ਉਹ ਚੋਣ ਪ੍ਰਚਾਰ ਅਭਿਆਨ ਦਾ ਇਕ ਪੜਾਅ ਪੂਰਾ ਚੁੱਕੇ ਹਨ ਤੇ ਦੂਸਰਾ ਪੜਾਅ ਸਮਾਪਤ ਹੋਣ ਜਾ ਰਿਹਾ ਹੈ। ਉਨ੍ਹਾਂ ਨੇ ਹਮੇਸ਼ਾ ਹੀ ਇਥੋਂ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨਾਲ ਵਿਕਾਸ ਦੇ ਮੁੱਦੇ ’ਤੇ ਗੱਲਬਾਤ ਕੀਤੀ ਹੈ। ਇਸਦੇ ਉਲਟ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਵਿਕਾਸ ਦੀ ਗੱਲ ਕਰਨ ਦੀ ਬਜਾਏ ਇਧਰ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਪ੍ਰਨੀਤ ਕੌਰ ਕਰੀਬ 20 ਸਾਲਾਂ ਤੋਂ ਇਥੋਂ ਸੰਸਦ ਰਹੇ ਹਨ। ਇਸ ਲਈ ਅੱਜ ਹਲਕੇ ਦੇ ਕਰੀਬ 1200 ਪਿੰਡਾਂ ਵਿਚ ਇਕ ਇਕ ਪ੍ਰਾਜੈਕਟ ਲੱਗਿਆ ਹੋਣਾ ਚਾਹੀਦਾ ਸੀ। ਜ਼ਮੀਨੀ ਹਕੀਕਤ ਇਸਦੇ ਬਿਲਕੁੱਲ ਉਲਟ ਹੈ। ਉਨ੍ਹਾਂ ਨੂੰ ਪ੍ਰਚਾਰ ਦੌਰਾਨ ਇਹ ਜਾਣ ਕੇ ਹੈਰਾਨੀ ਹੋਈ ਕਿ ਜਦੋਂ ਪਿੰਡ ਵਾਸੀਆਂ ਨੇ ਦੱਸਿਆ ਕਿ ਅੱਜ ਤੱਕ ਪ੍ਰਨੀਤ ਕੌਰ ਉਨ੍ਹਾਂ ਦੇ ਪਿੰਡ ਵਿਚ ਇਕ ਵਾਰ ਵੀ ਸਮੱਸਿਆਵਾਂ ਸੁਨਣ ਲਈ ਨਹੀਂ ਆਈ। ਪਹਿਲਾ ਆਮ ਆਦਮੀ ਪਾਰਟੀ ਤੋਂ ਸੰਸਦ ਬਣੀ ਅਤੇ ਹੁਣ ਕਾਂਗਰਸ ਦੀ ਟਿਕਟ ’ਤੇ ਚੋਣ ਲੜ ਰਹੇ ਧਰਮਵੀਰ ਗਾਂਧੀ ਬਾਰੇ ਤਾਂ ਲੋਕ ਇਥੋ ਤੱਕ ਕਹਿ ਰਹੇ ਹਨ ਕਿ ਉਹ ਜਦੋਂ ਆਪਣੇ ਕਿਸੇ ਕੰਮ ਲਈ ਗਾਂਧੀ ਦੇ ਕੋਲ ਜਾਂਦੇ ਤਾਂ ਗਾਂਧੀ ਉਨ੍ਹਾਂ ਨੂੰ ਧਮਕਾ ਕੇ ਵਾਪਸ ਭੇਜ ਦਿੰਦੇ ਸਨ।
ਸ਼ਰਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਪੰਜਾਬ ਵਿਚ ਵਿਕਾਸ ਦੀ ਰਾਜਨੀਤੀ ਕੀਤੀ ਹੈ ਅਤੇ ਇਨ੍ਹਾਂ ਚੋਣਾਂ ਵਿਚ ਵੀ ਉਹ ਵਿਕਾਸ ਨੂੰ ਆਪਣਾ ਮੁੱਖ ਏਜੰਡਾ ਬਣਾ ਕੇ ਚੋਣ ਲੜ ਰਹੇ ਹਨ। ਉਨ੍ਹਾਂ ਨੇ ਆਪਣੇ ਪ੍ਰਚਾਰ ਦੌਰਾਨ ਕਦੇ ਵੀ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਕੋਈ ਗੱਲ ਨਹੀਂ ਕੀਤੀ ਹਮੇਸ਼ਾ ਹੀ ਤੱਥਾਂ ’ਤੇ ਆਧਾਰਿਤ ਗੱਲ ਕਰਕੇ ਪ੍ਰਚਾਰ ਕੀਤਾ ਹੈ। ਇਸ ਮੌਕੇ ਅਕਾਲੀ ਆਗੂ ਅਮਿਤ ਰਾਠੀ, ਮੰਜੂ ਕੁਰੈਸ਼ੀ, ਐਡਵੋਕੇਟ ਰੰਜੀਤ ਟਿਵਾਣਾ, ਇੰਦਰ ਮੋਹਨ ਬਜਾਜ, ਵਿਨੋਦ ਕੁਮਾਰ, ਗਗਨ ਆਹਲੂਵਾਲੀਆ, ਗੁਰਪ੍ਰੀਤ ਸਿੰਘ ਸੋਢੀ, ਪ੍ਰਭਜੋਤ ਸਿੰਘ, ਡਾ. ਕਰਨੈਲ ਸਿੰਘ ਸੈਣੀ, ਭੋਲਾ ਸਿੰਘ, ਗੁਰਚਰਨ ਸਿੰਘ ਸਮੇਤ ਹੋਰ ਹਾਜ਼ਰ ਸਨ।