ਲੋਕ ਸਭਾ ਹਲਕਾ ਸੰਗਰੂਰ ਜ਼ਿਮਨੀ ਚੋਣ ’ਚ 45.30 ਫੀਸਦੀ ਵੋਟਾਂ ਪਈਆਂ : ਰਿਟਰਨਿੰਗ ਅਫ਼ਸਰ
- ਸ਼ਾਂਤਮਈ ਢੰਗ ਨਾਲ ਵੋਟ ਪ੍ਰਕਿਰਿਆ ’ਚ ਹਿੱਸਾ ਲੈਣ ਲਈ ਰਿਟਰਨਿੰਗ ਅਫ਼ਸਰ ਅਤੇ ਐੱਸ.ਐੱਸ.ਪੀ ਵੱਲੋਂ ਵੋਟਰਾਂ ਦਾ ਧੰਨਵਾਦ
- ਪਿੰਕ ਪੋਲਿੰਗ ਸਟੇਸ਼ਨ ਅਤੇ ਸੈਲਫ਼ੀ ਪੁਆਇੰਟ ਬਣੇ ਰਹੇ ਖਿੱਚ ਦਾ ਕੇਂਦਰ
- ਜ਼ਿਲਾ ਪ੍ਰਸ਼ਾਸਨ ਵੱਲੋਂ ਦਿਵਿਆਂਗ ਵੋਟਰਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਵਿਸ਼ੇਸ਼ ਸੁਵਿਧਾਵਾਂ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 24 ਜੂਨ, 2022: ਲੋਕ ਸਭਾ ਹਲਕਾ ਸੰਗਰੂਰ ਵਿੱਚ ਜ਼ਿਮਨੀ ਚੋਣ ਦਾ ਕੰਮ ਸ਼ਾਂਤੀਪੂਰਵਕ ਤੇ ਸੁਰੱਖਿਅਤ ਮਾਹੌਲ ਵਿੱਚ ਨੇਪਰੇ ਚੜ੍ਹ ਗਿਆ। ਵੋਟਿੰਗ ਦੌਰਾਨ ਹਲਕਾ ਸੰਗਰੂਰ ਦੇ 9 ਵਿਧਾਨ ਸਭਾ ਸੈਗਮੈਂਟਾਂ ’ਚ 45.30 ਫੀਸਦੀ ਮਤਦਾਨ ਹੋਇਆ ਹੈ। ਇਹ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ ਸ਼੍ਰੀ ਜਤਿੰਦਰ ਜੋਰਵਾਲ ਨੇ ਹਲਕੇ ਦੇ ਵੋਟਰਾਂ, ਉਮੀਦਵਾਰਾਂ, ਸਿਆਸੀ ਪਾਰਟੀਆਂ ਤੇ ਚੋਣ ਅਮਲੇ ਦਾ ਧੰਨਵਾਦ ਕੀਤਾ ਹੈ। ਉਨਾਂ ਕਿਹਾ ਕਿ ਇਨ੍ਹਾਂ ਵੋਟਾਂ ਦੇ ਨਤੀਜੇ 26 ਜੂਨ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਐਲਾਨੇ ਜਾਣਗੇ ਅਤੇ ਗਿਣਤੀ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਰਿਟਰਨਿੰਗ ਅਫ਼ਸਰ ਸ਼੍ਰੀ ਜਤਿੰਦਰ ਜੋਰਵਾਲ ਨੇ ਐਸ.ਐਸ.ਪੀ ਸ੍ਰੀ ਮਨਦੀਪ ਸਿੰਘ ਸਿੱਧੂ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਵਰਜੀਤ ਵਾਲੀਆ ਸਮੇਤ ਜ਼ਿਲਾ ਸੰਗਰੂਰ ਦੇ ਵੱਖ ਵੱਖ ਵਿਧਾਨ ਸਭਾ ਹਲਕਿਆਂ ਵਿੱਚ ਸਥਾਪਤ ਪੋਲਿੰਗ ਸਟੇਸ਼ਨਾਂ ਵਿਖੇ ਜਾ ਕੇ ਸਮੁੱਚੇ ਵੋਟਿੰਗ ਪ੍ਰਬੰਧਾਂ, ਸੁਰੱਖਿਆ ਵਿਵਸਥਾ ਤੇ ਵੋਟਿੰਗ ਪ੍ਰਕਿਰਿਆ ਦਾ ਜਾਇਜ਼ਾ ਲਿਆ। ਉਨਾਂ ਨੇ ਮਹਿਲਾ ਸਸ਼ਕਤੀਕਰਨ ਲਈ ਵਿਸ਼ੇਸ ਤੌਰ ’ਤੇ ਬਣਾਏ ਗਏ ਪਿੰਕ ਪੋਲਿੰਗ ਬੂਥਾਂ ਲਈ ਸਹਾਇਕ ਰਿਟਰਨਿੰਗ ਅਧਿਕਾਰੀਆਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਦਿਵਿਆਂਗ ਵਿਅਕਤੀਆਂ ਤੇ ਸੀਨੀਅਰ ਸਿਟੀਜ਼ਨ ਨੂੰ ਵਲੰਟੀਅਰਾਂ ਵੱਲੋਂ ਪ੍ਰਦਾਨ ਕੀਤੀ ਜਾ ਰਹੀ ਸਹਾਇਤਾ ਦੀ ਪ੍ਰਸ਼ੰਸਾ ਕੀਤੀ।
ਜ਼ਿਕਰਯੋਗ ਹੈ ਕਿ ਲੋਕ ਸਭਾ ਹਲਕਾ ਸੰਗਰੂਰ ਦੇ ਵੱਖ ਵੱਖ ਸੈਗਮੈਂਟਾਂ ਵਿੱਚ ਬਣਾਏ ਗਏ ਸੈਲਫ਼ੀ ਪੁਆਇੰਟ ’ਤੇ ਵੀ ਵੋਟਰਾਂ ਨੇ ਖੂਬ ਤਸਵੀਰਾਂ ਖਿਚਵਾਈਆਂ। ਸ਼੍ਰੀ ਜੋਰਵਾਲ ਨੇ ਚੋਣ ਅਮਲੇ ਦੇ ਆਪਸੀ ਤਾਲਮੇਲ ਅਤੇ ਸੁਰੱਖਿਆ ਵਿਵਸਥਾ ਦੇ ਪੁਖ਼ਤਾ ਇੰਤਜਾਮਾਂ ਕਾਰਨ ਸਮੁੱਚੇ ਪੋਲਿੰਗ ਪ੍ਰਬੰਧ ਨੇਪਰੇ ਚੜ ਸਕੇ ਹਨ। ਇਸ ਦੌਰਾਨ ਐਸ.ਐਸ.ਪੀ ਸ਼੍ਰੀ ਮਨਦੀਪ ਸਿੰਘ ਸਿੱਧੂ ਨੇ ਵੀ ਸਹਿਯੋਗ ਦੇਣ ਲਈ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ ਹੈ।
ਜ਼ਿਕਰਯੋਗ ਹੈ ਕਿ 99- ਲਹਿਰਾ ਵਿਖੇ 43.1 ਫੀਸਦੀ, 100-ਦਿੜ੍ਹਬਾ ਵਿਖੇ 46.77 ਫੀਸਦੀ, 101-ਸੁਨਾਮ ਵਿਖੇ 47.22 ਫੀਸਦੀ, 102-ਭਦੌੜ ਵਿਖੇ 44.54 ਫੀਸਦੀ, 103- ਬਰਨਾਲਾ ਵਿਖੇ 41.43 ਫੀਸਦੀ, 104-ਮਹਿਲ ਕਲਾਂ ਵਿਖੇ 43.8 ਫੀਸਦੀ, 105- ਮਲੇਰਕੋਟਲਾ ਵਿਖੇ 47.66 ਫੀਸਦੀ, 107-ਧੂਰੀ ਵਿਖੇ 48.26 ਫੀਸਦੀ ਅਤੇ 108- ਸੰਗਰੂਰ ਵਿਖੇ 44.96 ਫੀਸਦੀ ਮਤਦਾਨ ਹੋਇਆ।