ਵੋਟ ਪਾਉਣ ਤੋਂ ਪਹਿਲਾਂ ਕੰਮ ਅਤੇ ਕਿਰਦਾਰ ਨੂੰ ਦੇਖਣ ਲੋਕ : ਐਨ.ਕੇ. ਸ਼ਰਮਾ
- ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਸੁਤਰਾਣਾ ਦੇ ਪਿੰਡਾਂ ’ਚ ਕੀਤੀ ਜਨਸਭਾ
ਜੀ ਐਸ ਪੰਨੂ
ਪਟਿਆਲਾ, 26 ਅਪ੍ਰੈਲ, 2024:ਪਟਿਆਲਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ.ਕੇ.ਸ਼ਰਮਾ ਨੇ ਪਟਿਆਲਾ ਲੋਕ ਸਭਾ ਹਲਕਾ ਵਾਸੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਇਸ ਵਾਰ ਵੋਟ ਪਾਉਣ ਤੋਂ ਪਹਿਲਾਂ ਕੰਮ ਅਤੇ ਕਿਰਦਾਰ ਨੂੰ ਜ਼ਰੂਰ ਦੇਖਣ। ਮਹਿਲਾਂ ਵਿੱਚ ਰਹਿਣ ਵਾਲਿਆਂ ਨੂੰ ਕਈ ਵਾਰ ਲੋਕ ਸਭਾ ਵਿੱਚ ਭੇਜ ਕੇ ਦੇਖ ਲਿਆ ਹੈ, ਇੱਕ ਵਾਰ ਪਿੰਡ-ਦਿਹਾਤ ’ਚ ਰਹਿਣ ਵਾਲੇ ਦਾ ਸਮਰਥਨ ਕਰਕੇ ਦੇਖੀਏ, ਉਨ੍ਹਾਂ ਨੂੰ ਕਦੇ ਵੀ ਨਿਰਾਸ਼ ਨਹੀਂ ਹੋਣ ਦਿੱਤਾ ਜਾਵੇਗਾ।
ਐਨ.ਕੇ. ਸ਼ਰਮਾ ਚੋਣ ਪ੍ਰਚਾਰ ਮੁਹਿੰਮ ਦੌਰਾਨ ਹਲਕਾ ਸੁਤਰਾਣਾ ਹਲਕੇ ਦੇ ਪਿੰਡਾਂ ਵਿੱਚ ਜਨਸਭਾ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪਟਿਆਲਾ ਲੋਕ ਸਭਾ ਹਲਕੇ ਦੇ ਲੋਕਾਂ ਨੇ ਪ੍ਰਨੀਤ ਕੌਰ ਨੂੰ ਚਾਰ ਵਾਰ ਚੋਣ ਜਿਤਾ ਕੇ ਲੋਕ ਸਭਾ ਵਿੱਚ ਭੇਜਿਆ ਪਰ ਉਹ ਕਦੇ ਉਨ੍ਹਾਂ ਦਾ ਧੰਨਵਾਦ ਕਰਨ ਲਈ ਵੀ ਨਹੀਂ ਆਈ। ਪ੍ਰਨੀਤ ਕੌਰ ਹਰ ਵਾਰ ਚੋਣ ਜਿੱਤਣ ਤੋਂ ਬਾਅਦ ਸਾਰੇ 9 ਵਿਧਾਨ ਸਭਾ ਹਲਕਿਆਂ ਨੂੰ ਪਟੇ 'ਤੇ ਆਪਣੇ ਕਰਿੰਦਿਆਂ ਨੂੰ ਸੌਂਪਦੀ ਰਹੀ ਹੈ। ਉਹ ਪ੍ਰਨੀਤ ਕੌਰ ਦੇ ਨਾਮ 'ਤੇ ਲੋਕਾਂ ਨੂੰ ਲੁੱਟਣ ਦਾ ਕੰਮ ਕਰਦੇ ਸਨ। ਸ਼ਰਮਾ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਵੋਟ ਪਾਉਣ ਤੋਂ ਪਹਿਲਾਂ ਕੰਮ ਅਤੇ ਕਿਰਦਾਰ ਦੇਖਣ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਨੇਕ ਨੀਅਤ ਅਤੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਲੋਕਾਂ ਨੂੰ ਹੀ ਵੋਟ ਦਿੱਤੀ ਜਾਵੇ। ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਸਿਆਸੀ ਜੀਵਨ ਵਿੱਚ ਕਦੇ ਵੀ ਦਲ-ਬਦਲ ਨਹੀਂ ਕੀਤਾ। ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਦਰਸਾਏ ਮਾਰਗ 'ਤੇ ਚੱਲਦਿਆਂ ਉਨ੍ਹਾਂ ਨੇ ਹਮੇਸ਼ਾ ਪਾਰਟੀ ਪ੍ਰਤੀ ਸਮਰਪਣ ਅਤੇ ਜਨਤਾ ਪ੍ਰਤੀ ਜਵਾਬਦੇਹੀ ਨੂੰ ਕਾਇਮ ਰੱਖਿਆ ਹੈ।
ਇਸ ਮੌਕੇ ਸੁਤਰਾਣਾ ਹਲਕਾ ਇੰਚਾਰਜ ਕਬੀਰ ਦਾਸ, ਮਹਿੰਦਰ ਸਿੰਘ ਲਾਲਵਾ, ਤੇਜਵੀਰ ਖਾਨ ਸਮੇਤ ਕਈ ਪਤਵੰਤੇ ਹਾਜ਼ਰ ਸਨ।