ਸ਼ਰੋਮਣੀ ਅਕਾਲੀ ਦਲ ਦਾ ਕਾਫ਼ਲਾ ਦਿਨੋ-ਦਿਨ ਵੱਡਾ ਹੋਣ ਲੱਗਾ:- ਪ੍ਰੋ. ਚੰਦੂਮਾਜਰਾ
ਮੋਹਾਲੀ 7 ਮਈ 2024 - ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਮੋਹਾਲੀ ਸ਼ਹਿਰ ਵਿੱਚ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪੀਏਸੀ ਮੈਂਬਰ ਗਗਨਦੀਪ ਸਿੰਘ ਸੋਹਾਣਾ ਦੇ ਯਤਨਾਂ ਸਦਕਾ ਕਾਂਗਰਸ ਦੇ ਸਾਬਕਾ ਮੰਤਰੀ ਦੇ ਨਜ਼ਦੀਕੀ ਉਦਯੋਗਿਕ ਕਾਰੋਬਾਰੀ ਸ. ਸਨਵਰਜੀਤ ਸਿੰਘ ਅਤੇ ਉਨ੍ਹਾਂ ਦੇ ਪਿਤਾ ਇੰਜ: ਬਲਜਿੰਦਰ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਕੀਤਾ। ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਛੱਡ ਖੇਤਰੀ ਪਾਰਟੀ ਨਾਲ ਜੁੜ੍ਹਨ ਦਾ ਰੁਝਾਨ ਦਿਨੋਂ-ਦਿਨ ਵੱਧ ਰਿਹਾ ਹੈ। ਉਨ੍ਹਾਂ ਆਖਿਆ ਕਿ ਪਿਛਲੇ ਤਕਰੀਬਨ ਸਾਢੇ ਸੱਤ ਸਾਲਾਂ ਤੋਂ ਕਾਂਗਰਸ ਅਤੇ ਆਪ ਪਾਰਟੀ ਨੇ ਪੰਜਾਬ ਦੇ ਵਿਕਾਸ ਨੂੰ 20 ਸਾਲ ਪਿੱਛੇ ਧੱਕ ਦਿੱਤਾ ਹੈ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਕਾਂਗਰਸ ਅਤੇ ਆਪ ਨੇ ਪੰਜਾਬ ਦੇ ਵਿਕਾਸ ਨੂੰ ਬਰੇਕਾਂ ਲਗਾ ਦਿੱਤੀਆਂ ਹਨ।
ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਪਿਛਲੇ ਢਾਈ ਸਾਲ ਤੋਂ ਆਮ ਆਦਮੀ ਪਾਰਟੀ ਦੇ ਕਾਰਜਕਾਲ ਵਿੱਚ ਸੂਬੇ ਦੇ ਉਦਯੋਗਿਕ ਖੇਤਰ ਨੂੰ ਵੱਡਾ ਧੱਕਾ ਲੱਗਾ। ਉਨ੍ਹਾਂ ਆਖਿਆ ਕਿ ਸਰਕਾਰ ਵੱਲੋਂ ਕਰਵਾਈਆਂ ਸਨਅਤ ਮਿਲਣੀਆਂ ਸਿਰਫ਼ ਲੋਕ ਦਿਖਾਵਾ ਸਨ, ਪ੍ਰੰਤੂ ਸੂਬੇ ਦੇ ਉਦਯੋਗ ਦੀ ਅਸਲ ਸੱਚਾਈ ਕੁੱਝ ਹੋਰ ਹੈ। ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਢਹਿ-ਢੇਰੀ ਹੋ ਚੁੱਕੀ ਹੈ, ਜਿਸ ਨੇ ਹਰ ਵਰਗ ਦੇ ਲੋਕਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਫ਼ੋਨਾਂ ਉੱਪਰ ਸ਼ਰੇਆਮ ਮੰਗੀਆਂ ਜਾ ਰਹੀਆਂ ਫ਼ਿਰੌਤੀਆਂ ਨੇ ਉਦਯੋਗ ਮਾਲਕਾਂ ਨੂੰ ਸੂਬਾ ਛੱਡ ਭੱਜਣ ਲਈ ਮਜ਼ਬੂਰ ਕਰ ਦਿੱਤਾ ਹੈ।
ਪ੍ਰੋ. ਚੰਦੂਮਾਜਰਾ ਨੇ ਕਿਹਾ ਪਿਛਲੇ ਕੁੱਝ ਸਾਲਾਂ ਵਿੱਚ ਵੱਡੀ ਗਿਣਤੀ ‘ਚ ਪੰਜਾਬ ਦੇ ਵਪਾਰੀਆਂ ਅਤੇ ਉਦਯੋਗਪਤੀਆਂ ਨੇ ਸੂਬੇ ਵਿੱਚ ਆਪਣਾ ਕਾਰੋਬਾਰ ਬੰਦ ਕਰਕੇ ਗੁਆਂਢੀ ਰਾਜਾਂ ਵਿੱਚ ਜਾ ਡੇਰੇ ਲਗਾ ਲਏ ਹਨ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਵੱਡੀ ਪੱਧਰ ਉੱਤੇ ਵਾਪਰੀਆਂ ਦੇ ਬਾਹਰ ਜਾਣ ਨਾਲ, ਪੰਜਾਬ ਦੇ ਕਾਰੋਬਾਰ ਅਤੇ ਰੁਜ਼ਗਾਰ ਨੂੰ ਵੱਡਾ ਧੱਕਾ ਲੱਗਾ ਹੈ। ਉਨ੍ਹਾਂ ਆਖਿਆ ਕਿ ਸੂਬੇ ਦੀ ਉਦਯੋਗਿਕ ਖੇਤਰ ਨੂੰ ਫੇਲ ਕਰਨ ਵਿੱਚ ਕਾਂਗਰਸ ਅਤੇ ਆਪ ਪਾਰਟੀ ਦਾ ਵੱਡਾ ਰੋਲ ਹੈ। ਅਖੀਰ ‘ਚ ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਸ਼ਰੋਮਣੀ ਅਕਾਲੀ ਦਲ ਦਾ ਪੰਜਾਬ ਦੇ ਹਰ ਇੱਕ ਵਰਗ ਨੂੰ ਨਾਲ ਲੈਕੇ ਚੱਲਣਾ ਅਤੇ ਹਰ ਵਰਗ ਦਾ ਵਿਕਾਸ ਕਰਨਾ ਪਾਰਟੀ ਆਪਣਾ ਇਖ਼ਲਾਕੀ ਫ਼ਰਜ ਹੈ।
ਇਸ ਮੌਕੇ ਮੋਹਾਲੀ ਤੋਂ ਹਲਕਾ ਇੰਚਾਰਜ਼ ਪਰਵਿੰਦਰ ਸਿੰਘ ਸੋਹਾਣਾ, ਸਿਮਰਨਜੀਤ ਸਿੰਘ ਚੰਦੂਮਾਜਰਾ, ਗਗਨਦੀਪ ਸਿੰਘ ਸੋਹਾਣਾ ਤੋਂ ਇਲਾਵਾ ਪਾਰਟੀ ਦੇ ਸੀਨੀਅਰ ਆਗੂ ਹਾਜ਼ਰ ਸਨ।