ਸਰਬ-ਹਿੰਦ ਫ਼ੌਜੀ ਭਾਈਚਾਰੇ ਨੇ ਕਾਂਗਰਸ ਦੀ ਹਿਮਾਇਤ ਦਾ ਐਲਾਨ ਕੀਤਾ
ਚੌਧਰੀ ਮਨਸੂਰ ਘਨੋਕੇ
ਕਾਦੀਆਂ/28 ਮਈ 2024 - ਆਲ ਇੰਡੀਆ ਡਿਫ਼ੈਂਸ ਬਰਦਰਹੁੱਡ ਪੰਜਾਬ ਦੇ ਸੂਬਾ ਪ੍ਰਧਾਨ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਨੇ ਅੱਜ ਉਚੇਚੇ ਤੌਰ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਨਿਵਾਸ ਸਥਾਨ ਤੇ ਆਪਣੇ ਸਾਬਕਾ ਫ਼ੌਜੀ ਸਾਥੀਆਂ ਨਾਲ ਪਹੁੰਚ ਕੇ ਕਾਂਗਰਸ ਨੂੰ ਲੋਕ ਸਭਾ ਚੌਣਾ ਵਿੱਚ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ। ਬ੍ਰਿਗੇਡਿਅਰ ਕਾਹਲੋਂ ਨੇ ਇਸ ਮੌਕੇ ਤੇ ਦੱਸਿਆ ਕਿ ਸਾਡਾ ਸੰਕਲਪ ‘ ਅਸੀਂ ਉਸ ਦੇ ਨਾਲ ਜਿਹੜਾ ਸਾਡੇ ਨਾਲ’ ਨੂੰ ਮੱਦੇ ਨਜ਼ਰ ਰੱਖਦਿਆਂ ਰਾਜ ਪੱਧਰ ਤੇ ਫ਼ੈਸਲਾ ਲਿਆ ਹੈ ਕਿ ਅਸੀਂ ਕਾਂਗਰਸ ਦੇ ਉਮੀਦਵਾਰਾਂ ਦਾ ਸਮਰਥਨ ਕਰਾਂਗੇ।
ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਪਣੇ ਚੋਣ ਮੈਨੀਫ਼ੈਸਟੋ ਵਿੱਚ ਅਗਨੀਵੀਰ ਸਕੀਮ ਨੂੰ ਬੰਦ ਕਰਨ ਅਤੇ ਰੋਜ਼ਗਾਰ ਦਿੱਤੇ ਜਾਣ ਦੀ ਜੋ ਗਾਰੰਟੀ ਦੇਸ਼ ਵਾਸੀਆਂ ਨੂੰ ਦਿੱਤੀ ਹੈ ਇਸ ਲਈ ਅਸੀਂ ਕਾਂਗਰਸ ਦੇ ਨਾਲ ਹਾਂ। ਉਨ੍ਹਾਂ ਕਿਹਾ ਕਿ ਭਾਜਪਾ ਵੰਡ ਦੀ ਰਾਜਨੀਤੀ ਕਰ ਕੇ ਦੇਸ਼ ਵਿੱਚ ਅਸ਼ਾਂਤੀ ਅਤੇ ਬੇਚੈਨੀ ਦਾ ਮਾਹੌਲ ਪੈਦਾ ਕਰ ਰਹੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਭਾਸ਼ਣਾਂ ਰਾਹੀਂ ਲੋਕਾਂ ਨੂੰ ਗੁਮਰਾਹ ਕਰ ਕੇ ਰਾਜਨੀਤੀ ਦਾ ਖ਼ਤਰਨਾਕ ਖੇਲ ਖੇਡ ਰਹੇ ਹਨ। ਜਿਸ ਦੇ ਕਾਰਨ ਵਿਦੇਸ਼ਾਂ ਵਿੱਚ ਦੇਸ਼ ਦੀ ਛਵੀ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ।
ਦੂਜੇ ਪਾਸੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਪੰਜਾਬ ਦੀ ਜਨਤਾ ਨੂੰ ਕੇਵਲ ਕਾਂਗਰਸ ਚ ਹੀ ਭਰੋਸਾ ਹੈ। ਇਹੋ ਕਾਰਨ ਹੈ ਕਿ ਲੋਕ ਦੂਜੀ ਸਿਆਸੀ ਪਾਰਟੀਆਂ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਹਨ। ਸਾਬਕਾ ਫ਼ੌਜਿਆਂ ਦਾ ਕਾਂਗਰਸ ਨੂੰ ਸਮਰਥਨ ਦੇਣਾ ਇਹ ਸਪਸ਼ਟ ਕਰਦਾ ਹੈ ਕਿ ਦੇਸ਼ ਦੇ ਫ਼ੌਜੀ ਕਾਂਗਰਸ ਦੇ ਮਜ਼ਬੂਤ ਹੱਥ ਤੇ ਵਿਸ਼ਵਾਸ ਕਰਦੇ ਹੋਏ ਕਾਂਗਰਸ ਪਰਵਾਰ ਨਾਲ ਜੁੜ ਰਹੇ ਹਨ। ਇਸ ਮੌਕੇ ਤੇ ਕੈਪਟਨ ਪਰਮਿੰਦਰ ਸਿੰਘ, ਕੈਪਟਨ ਤਰਸੇਮ ਸਿੰਘ, ਮੇਜਰ ਜਨਰਲ ਜਸਬੀਰ ਸਮੇਤ ਅਨੇਕ ਸਾਬਕਾ ਫ਼ੋਜੀ ਮੌਜੂਦ ਸਨ।