ਸਹੀ ਅਰਥਾਂ ‘ਚ ਆਮ ਲੋਕਾਂ ਦੀ ਪਾਰਟੀ ਹੈ ਆਮ ਆਦਮੀ ਪਾਰਟੀ - ਕਰਮਜੀਤ ਅਨਮੋਲ
- ਸਭ ਦੀ ਆਰਥਿਕ ਖੁਸ਼ਹਾਲੀ ਲਈ ਇਲਾਕੇ ‘ਚ ਇੰਡਸਟਰੀ, ਨੌਜਵਾਨਾਂ ਲਈ ਹੁਨਰ ਵਿਕਾਸ ਕੇਂਦਰ ਅਤੇ ਸਪੋਰਟਸ ਕਲੱਬ ਸਥਾਪਿਤ ਕਰਾਂਗੇ -ਕਰਮਜੀਤ ਅਨਮੋਲ
- ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਕਰਮਜੀਤ ਅਨਮੋਲ ਵੱਲੋਂ ਕੋਟਕਪੂਰਾ ਦੇ ਪਿੰਡਾਂ ‘ਚ ਚੋਣ ਜਲਸੇ
- ਮਚਾਕੀ ਮੱਲ ਸਿੰਘ ਦੇ ਸਾਬਕਾ ਸਰਪੰਚ ਸਮੇਤ 100 ਤੋਂ ਵੱਧ ਪਰਿਵਾਰ ਆਮ ਆਦਮੀ ਪਾਰਟੀ ‘ਚ ਸ਼ਾਮਿਲ
- ਭਗਵੰਤ ਮਾਨ ਸਰਕਾਰ ਨੇ ਦੋ ਸਾਲਾਂ ‘ਚ ਵੱਡੇ ਵਾਅਦੇ ਕੀਤੇ ਪੂਰੇ - ਸੰਧਵਾਂ
ਪਰਵਿੰਦਰ ਸਿੰਘ ਕੰਧਾਰੀ
ਕੋਟਕਪੂਰਾ 12 ਮਈ 2024 - ਲੋਕ ਸਭਾ ਹਲਕਾ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੇ ਕਿਹਾ ਕਿ ਦਹਾਕਿਆਂ ਬਾਅਦ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਮਿਲੀ ਹੈ, ਜੋ ਆਮ ਲੋਕਾਂ ਲਈ ਸ਼ਿੱਦਤ ਨਾਲ ਕੰਮ ਕਰ ਰਹੀ ਹੈ। ਕੀਤੇ ਵਾਅਦੇ ਅਤੇ ਗਰੰਟੀਆਂ ਨਿਭਾਉਣ ਉੱਤੇ ਕੇਂਦਰਿਤ ਹੈ ਅਤੇ ਪੰਜਾਬ ਦੇ ਹੱਕਾਂ ਲਈ ਕੇਂਦਰ ਦੀ ਮੋਦੀ ਸਰਕਾਰ ਨਾਲ ਮੱਥਾ ਲਾ ਰਹੀ ਹੈ। ਕਰਮਜੀਤ ਅਨਮੋਲ ਐਤਵਾਰ ਨੂੰ ਵਿਧਾਨ ਸਭਾ ਦੇ ਸਪੀਕਰ ਅਤੇ ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨਾਲ ਕੋਟਕਪੂਰਾ ਦੇ ਪਿੰਡਾਂ ‘ਚ ਧੂਆਂਧਾਰ ਪ੍ਰਚਾਰ ਕਰ ਰਹੇ ਸਨ। ਪ੍ਰਚਾਰ ਦੌਰਾਨ ਮਚਾਕੀ ਮੱਲ ਸਿੰਘ ਪਿੰਡ ਦੇ ਸਾਬਕਾ ਸਰਪੰਚ ਪ੍ਰੀਤਮ ਸਿੰਘ ਸਮੇਤ 100 ਤੋਂ ਵੱਧ ਪਰਿਵਾਰਾਂ ਨੇ ਅਕਾਲੀ ਦਲ ਅਤੇ ਹੋਰ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਸ਼ਮੂਲੀਅਤ ਕੀਤੀ।
ਮਚਾਕੀ ਮੱਲ ਸਿੰਘ ਪਿੰਡ ਵਿੱਚ ਸੰਬੋਧਨ ਕਰਦੇ ਹੋਏ ਕਰਮਜੀਤ ਅਨਮੋਲ ਨੇ ਕਿਹਾ ਕਿ ਬੇਸ਼ੱਕ ਪਰਮਾਤਮਾ ਦੀ ਕਿਰਪਾ ਅਤੇ ਹੱਡ ਭੰਨਵੀ ਮਿਹਨਤ ਨਾਲ ਉਹ ਇੱਕ ਸਫਲ ਕਲਾਕਾਰ ਬਣ ਗਏ ਹਨ, ਪ੍ਰੰਤੂ ਉਹਨਾਂ ਦਾ ਪਿਛੋਕੜ ਬੇਹੱਦ ਗਰੀਬ ਅਤੇ ਪੇਂਡੂ ਪਰਿਵਾਰ ਨਾਲ ਸੰਬੰਧਿਤ ਹੈ। ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਵਰਗੇ (ਅਨਮੋਲ) ਇੱਕ ਆਮ ਬੰਦੇ ਨੂੰ ਬਾਬਾ ਫਰੀਦ ਜੀ ਦੀ ਪਵਿੱਤਰ ਧਰਤੀ ਤੋਂ ਟਿਕਟ ਨਾਲ ਨਿਵਾਜ ਕੇ ਸਮੁੱਚੇ ਗਰੀਬ ਅਤੇ ਆਮ ਮਿਹਨਤ ਕਸ਼ ਲੋਕਾਂ ਦਾ ਸਨਮਾਨ ਕੀਤਾ। ਉਹਨਾਂ ਕਿਹਾ ਕਿ ਇਹ ਆਮ ਆਦਮੀ ਪਾਰਟੀ ਹੀ ਹੈ ਜੋ ਆਮ ਘਰਾਂ ਦੇ ਮੁੰਡੇ-ਕੁੜੀਆਂ ਨੂੰ ਚੇਅਰਮੈਨ, ਐਮਐਲਏ, ਮੈਂਬਰ ਪਾਰਲੀਮੈਂਟ ਅਤੇ ਮੰਤਰੀ-ਮੁੱਖ ਮੰਤਰੀ ਬਣਾ ਰਹੀ ਹੈ, ਦੂਸਰੀਆਂ ਪਾਰਟੀਆਂ ‘ਚ ਅਜਿਹੇ ਰੁਤਬਿਆਂ ਲਈ ਤਿੰਨ-ਤਿੰਨ ਪੀੜੀਆਂ ਵੀ ਲੰਘਦੀਆਂ ਤੁਸੀਂ ਆਮ ਵੇਖੀਆਂ ਹਨ। ਅਜਿਹਾ ਤਾਂ ਹੈ ਕਿਉਂਕਿ ਆਮ ਆਦਮੀ ਪਾਰਟੀ ਹੀ ਸਹੀ ਅਰਥਾਂ ਵਿੱਚ ਆਮ ਲੋਕਾਂ ਦੇ ਪਾਰਟੀ ਹੈ।
ਮੈਂਬਰ ਪਾਰਲੀਮੈਂਟ ਬਣਨ ਦੀ ਸੂਰਤ ਵਿੱਚ ਕਰਮਜੀਤ ਨੇ ਕਿਹਾ ਕਿ ਉਹ ਇਲਾਕੇ ਵਿੱਚ ਹਰਿਆਲੀ ਅਤੇ ਖੁਸ਼ਹਾਲੀ ਲੈ ਕੇ ਆਉਣਗੇ। ਖੇਤੀਬਾੜੀ ਤੇ ਅਧਾਰਿਤ ਫੂਡ ਪ੍ਰੋਸੈਸਿੰਗ ਇੰਡਸਟਰੀ ਪਿੰਡਾਂ-ਪਿੰਡਾਂ ਤੱਕ ਸਥਾਪਿਤ ਕੀਤੀ ਜਾਏਗੀ। ਜਿਸ ਦਾ ਕਿਸਾਨਾਂ ਮਜ਼ਦੂਰਾਂ ਅਤੇ ਵਪਾਰੀਆਂ ਸਮੇਤ ਹਰੇਕ ਵਰਗ ਨੂੰ ਲਾਭ ਮਿਲੇਗਾ। ਉਹਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਤਜਵੀਜਤ ਮਾਲਵਾ ਨਹਿਰ ਇਸ ਪੂਰੇ ਇਲਾਕੇ ਦੀ ਕਾਇਆਕਲਪ ਕਰ ਦੇਵੇਗੀ ਅਤੇ ਇਹ ਨਹਿਰ 5 ਲੱਖ ਤੋਂ ਵੱਧ ਟਿਊਬਵੈਲਾਂ ਨੂੰ ਵਿਹਲਾ ਕਰ ਦੇਵੇਗੀ। ਇਸ ਨਹਿਰ ਦੀ ਉਸਾਰੀ ਦਾ ਕੰਮ ਤੇਜੀ ਨਾਲ ਕਰਵਾਇਆ ਜਾਵੇਗਾ।
ਅਨਮੋਲ ਨੇ ਨੌਜਵਾਨਾਂ ਅਤੇ ਨਵੀਂ ਪੀੜੀ ਲਈ ਇਲਾਕੇ ਵਿੱਚ ਇੰਟਰਨੈਸ਼ਨਲ ਪੱਧਰ ਦੇ ਹੁਨਰ ਵਿਕਾਸ ਕੇਂਦਰ ਸਕਿੱਲ ਡਿਵੈਲਪਮੈਂਟ ਸੈਂਟਰ ਅਤੇ ਖੇਡਾਂ ਲਈ ਨਵੇਂ ਸਟੇਡੀਅਮ ਅਤੇ ਸਪੋਰਟਸ ਕਲੱਬ ਸਥਾਪਿਤ ਕਰਨ ਦੀ ਗਰੰਟੀ ਦਿੱਤੀ। ਉਹਨਾਂ ਕਿਹਾ ਕਿ ਇਸ ਨਾਲ ਨੌਜਵਾਨ ਪੀੜੀ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰਹੇਗੀ ਅਤੇ ਹੱਥ ਦੇ ਹੁਨਰ ਦੇ ਦਮ ਤੇ ਨਾ ਕੇਵਲ ਖੁਦ ਬਲਕਿ ਦੂਸਰਿਆਂ ਨੂੰ ਵੀ ਰੁਜ਼ਗਾਰ ਦੇਣ ਦੇ ਸਮਰੱਥ ਬਣੇਗੀ।
ਇਸ ਮੌਕੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਆਪਣੇ ਪਹਿਲੇ ਦੋ ਸਾਲਾਂ ਦੇ ਕਾਰਜਕਾਲ ਦੌਰਾਨ ਹੀ ਵੱਡੀਆਂ ਮੱਲਾਂ ਮਾਰੀਆਂ ਹਨ। ਖੇਤਾਂ ਅਤੇ ਘਰਾਂ ਨੂੰ ਮੁਫਤ ਬਿਜਲੀ ਦੇਣ ਦੀ ਗਰੰਟੀ ਪੁਗਾ ਦਿੱਤੀ ਹੈ। ਦਹਾਕਿਆਂ ਤੋਂ ਸੁੱਕੇ ਖਾਲਿਆਂ ਅਤੇ ਰਜਵਾਹਿਆਂ ‘ਚ ਆਮੋ ਆਮ ਨਹਿਰੀ ਪਾਣੀ ਕਰ ਦਿੱਤਾ ਹੈ। ਜੈ ਜਵਾਨ ਜੈ ਕਿਸਾਨ ਦੀ ਸੋਚ ‘ਤੇ ਪਹਿਰਾ ਦਿੰਦਿਆਂ ਜਿੱਥੇ ਕਿਸਾਨਾਂ ਦੇ ਹੱਕਾਂ ਲਈ ਦਿੱਲੀ ਦੀ ਮੋਦੀ ਸਰਕਾਰ ਨਾਲ ਮੱਥਾ ਲਾਇਆ ਹੋਇਆ ਹੈ। ਉੱਥੇ ਸ਼ਹੀਦ ਸੈਨਿਕਾਂ ਅਤੇ ਪੁਲਿਸ ਕਰਮੀਆਂ ਦੇ ਪਰਿਵਾਰਾਂ ਲਈ ਇਕ-ਇਕ ਕਰੋੜ ਦੀ ਸਨਮਾਨ ਰਾਸ਼ੀ ਦਿੱਤੀ ਜਾ ਰਹੀ। ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਦੀ ਨੁਹਾਰ ਬਦਲਣ ਲਈ ਦਿਨ ਰਾਤ ਇੱਕ ਕੀਤਾ ਜਾ ਰਿਹਾ ਹੈ। 43 ਹਜਾਰ ਤੋਂ ਵੱਧ ਕਾਬਲ ਨੌਜਵਾਨਾਂ ਨੂੰ ਮੈਰਿਟ ਦੇ ਆਧਾਰ ‘ਤੇ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਇਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੱਥ ਮਜਬੂਤ ਰੱਖਣੇ ਜਰੂਰੀ ਹਨ ਅਤੇ ਲੋਕ ਸਭਾ ਚੋਣਾਂ ‘ਚ ਉਨਾਂ ਦੇ ਮਿਸ਼ਨ 13-0 ਨੂੰ ਫਤਿਹ ਕਰਨਾ ਸਾਡੀ ਸਭ ਦੀ ਵੱਡੀ ਜਿੰਮੇਵਾਰੀ ਹੈ।
ਸੰਧਵਾਂ ਨੇ ਨਾਲ ਹੀ ਕਿਹਾ ਕਿ ਕਰਮਜੀਤ ਅਨਮੋਲ ਨੂੰ ਵੱਡੇ ਫਰਕ ਨਾਲ ਜਿਤਾਉਣਾ ਇੱਕ ਤਰ੍ਹਾਂ ਨਾਲ ਸਿੱਧਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਿਤਾਉਣਾ ਹੈ ਕਿਉਂਕਿ ਕਰਮਜੀਤ ਅਨਮੋਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੋਵੇਂ ਜਿਗਰੀ ਯਾਰ ਹਨ। ਇਸ ਯਾਰੀ ਦਾ ਲਾਹਾ ਫਰੀਦਕੋਟ ਹਲਕੇ ਨੂੰ ਪੱਕਾ ਮਿਲੇਗਾ।
ਇਸ ਮੌਕੇ ਉਹਨਾਂ ਨਾਲ ਜ਼ਿਲਾ ਪ੍ਰਧਾਨ ਚੇਅਰਮੈਨ ਗੁਰਤੇਜ ਸਿੰਘ ਖੋਸਾ ਅਤੇ ਉਚੇਚੇ ਤੌਰ ਤੇ ਮੋਹਾਲੀ ਤੋਂ ਪੁੱਜੇ ਸੀਨੀਅਰ ਪਾਰਟੀ ਆਗੂ ਅਤੇ ਜਿਲਾ ਪ੍ਰਧਾਨ ਚੇਅਰ ਪਰਸਨ ਪ੍ਰਭਜੋਤ ਕੌਰ ਅਤੇ ਕਰਮਜੀਤ ਅਨਮੋਲ ਦੇ ਸਾਥੀ ਕਲਾਕਾਰ ਮਲਕੀਤ ਸਿੰਘ ਰੌਣੀ ਵੀ ਮੌਜੂਦ ਸਨ।