ਸੁਖਜਿੰਦਰ ਰੰਧਾਵਾ ਨੇ ਦਾਖਲ ਕੀਤੇ ਕਾਗਜ਼, ਕੇਂਦਰ ਵਿੱਚ ਕਾਂਗਰਸ ਦਾ ਬਣੇਗਾ ਪ੍ਰਧਾਨ ਮੰਤਰੀ - ਪ੍ਰਤਾਪ ਬਾਜਵਾ
ਰੋਹਿਤ ਗੁਪਤਾ
ਗੁਰਦਾਸਪੁਰ 10 ਮਈ 2024 - ਇੱਕ ਮੁੱਖ ਮੰਤਰੀ ਦਾ ਪਹਿਲਾਂ ਪਾਣੀ ਪੀਣਾ ਅਤੇ ਫਿਰ ਜੂਠਾ ਜਲ ਦਸਤਾਰ ਨੂੰ ਲਗਾਉਣਾ ਦਸਤਾਰ ਦਾ ਨਿਰਾਦਰ ਹੈ। ਪੰਜਾਬ ਦੇ ਲੋਕ ਬਹੁਤ ਹੀ ਵਿਲੱਖਣ ਹਨ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਉਹ ਆਮ ਆਦਮੀ ਪਾਰਟੀ ਨੂੰ ਇਸ ਦਾ ਜਵਾਬ ਦੇਣਗੇ। ਅਕਾਲ ਤਖ਼ਤ ਸਾਹਿਬ ਨੂੰ ਇਸ ਦਾ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ। ਇਹ ਗੱਲ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ।
ਇਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਦੀਨਾਨਗਰ ਦੀ ਵਿਧਾਇਕਾ ਅਰੁਣਾ ਚੌਧਰੀ, ਪਠਾਨਕੋਟ ਤੋਂ ਅਮਿਤ ਵਿੱਜ ਵੀ ਉਨ੍ਹਾਂ ਦੇ ਨਾਲ ਸਨ।
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਜੇਕਰ ਅਸੀਂ ਲੋਕਤੰਤਰ ਨੂੰ ਬਚਾਉਣਾ ਚਾਹੁੰਦੇ ਹਾਂ ਅਤੇ ਨਫਰਤ ਦੇ ਇਸ ਮਾਹੌਲ ਤੋਂ ਬਚਣਾ ਚਾਹੁੰਦੇ ਹਾਂ ਤਾਂ ਭਾਰਤੀ ਰਾਸ਼ਟਰੀ ਕਾਂਗਰਸ ਨੂੰ ਚੁਣਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ। ਜਿਸ ਤਰ੍ਹਾਂ ਨਾਲ ਹਾਲਾਤ ਵਿਕਸਿਤ ਹੋ ਰਹੇ ਹਨ, ਉਸ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਇੰਡੀਆ ਗਠਬੰਧਨ ਨੂੰ ਬਹੁਮਤ ਮਿਲੇਗਾ , ਜਿਸ ਦੀ ਅਗਵਾਈ ਕਾਂਗਰਸ ਪਾਰਟੀ ਕਰੇਗੀ ਅਤੇ ਦੇਸ਼ ਵਿੱਚ ਬਣਨ ਵਾਲੀ ਨਵੀਂ ਸਰਕਾਰ ਦਾ ਪ੍ਰਧਾਨ ਮੰਤਰੀ ਕਾਂਗਰਸ ਪਾਰਟੀ ਦਾ ਹੋਵੇਗਾ ਅਤੇ ਇਹ ਸਰਕਾਰ ਹਰ ਵਰਗ ਦਾ ਧਿਆਨ ਰੱਖੇਗੀ।