ਸੰਗਰੂਰ ਲੋਕ ਸਭਾ ਹਲਕੇ ਤੋਂ ਆਪ ਦੇ ਉਮੀਦਵਾਰ ਮੀਤ ਹੇਅਰ ਨੇ ਮਾਲੇਰਕੋਟਲਾ ਵਿਖੇ ਪਾਰਟੀ ਦਫਤਰ ਦਾ ਕੀਤਾ ਉਦਘਾਟਨ
- ਜਦੋਂ ਵੀ ਮਾਲੇਰਕੋਟਲਾ ਆਇਆ ਹਾਂ ਤਾਂ ਇਥੋਂ ਦੇ ਲੋਕਾਂ ਨੇ ਮੈਨੂੰ ਪੂਰਾ ਮਾਨ ਸਤਿਕਾਰ ਦਿੱਤਾ ਹੈ - ਮੀਤ ਹੇਅਰ
ਕਿਹਾ ਜੇ ਕੋਈ ਵੀ ਵਿਅਕਤੀ ਰਿਸ਼ਵਤ ਲੈਣ ਵਿੱਚ ਮੈਨੂੰ ਸਾਬਤ ਕਰ ਦੇਵੇ ਤਾਂ ਮੈਂ ਕਦੇ ਵੀ ਚੋਣ ਨਹੀਂ ਲੜਾਂਗਾ -
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 14 ਮਈ 2024 - ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਬੀਤੀ ਦੇਰ ਸ਼ਾਮ ਮਾਲੇਰਕੋਟਲਾ ਦੇ ਕਮਨ ਸਿਨੇਮਾ ਰੋਡ ਤੇ ਪਾਰਟੀ ਦਫਤਰ ਦਾ ਉਦਘਾਟਨ ਕੀਤਾ। ਇਸ ਮੌਕੇ ਹਲਕਾ ਵਿਧਾਇਕ ਜਮੀਲ ਉਰ ਰਹਿਮਾਨ ਸਮੇਤ ਹਲਕੇ ਦੀ ਸਮੁੱਚੀ ਲੀਡਰਸ਼ਿਪ ਅਤੇ ਵਲੰਟੀਅਰਾਂ ਸਣੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।
ਇਸ ਮੌਕੇ ਮੀਤ ਹੇਅਰ ਨੇ ਕਿਹਾ ਕਿ ਕੇਂਦਰ ਵਿੱਚ ਪਿਛਲੇ 10 ਸਾਲਾਂ ਤੋਂ ਰਾਜ ਕਰ ਰਹੀ ਭਾਜਪਾ ਆਪਣੀ ਕਾਰਗੁਜ਼ਾਰੀ ਦੇ ਆਧਾਰ ’ਤੇ ਵੋਟਾਂ ਮੰਗਣ ਦੀ ਬਜਾਏ ਨਫ਼ਰਤ ਦੀ ਰਾਜਨੀਤੀ ਰਾਹੀਂ ਸਮਾਜ ਵਿੱਚ ਫਿਰਕੂ ਪਾੜਾ ਪਾ ਕੇ ਮੁੜ ਸੱਤਾ ’ਤੇ ਕਾਬਜ਼ ਹੋਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਅਰਵਿੰਦ ਕੇਜਰੀਵਾਲ ਜੇਲ੍ਹ ਵਿੱਚੋ ਬਾਹਰ ਆ ਗਏ ਹਨ ਪੂਰੇ ਦੇਸ਼ ਵਿੱਚ ਖੁਸ਼ੀ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਮ ਆਦਮੀ ਪਾਰਟੀ ਨੂੰ ਤਬਾਹ ਕਰਨਾ ਚਾਹੁੰਦੀ ਹੈ।ਪਰ ਉਹ ਕਾਮਯਾਬ ਨਹੀਂ ਹੋਵੇਗੀ। ਗੁਰਮੀਤ ਸਿੰਘ ਮੀਤ ਹੇਅਰ ਨੇ ਐਮ ਐਲ ਏ ਡਾ ਜਮੀਲ-ਓਰ ਰਹਿਮਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਲਕਾ ਮਲੇਰਕੋਟਲਾ ਦੇ ਪਿੰਡਾਂ ਤੇ ਸ਼ਹਿਰਾਂ ਦੇ ਵਿਕਾਸ ਕਾਰਜਾਂ ਲਈ ਕੋਈ ਘਾਟ ਨਹੀਂ ਆਉਣ ਦਿੱਤੀ ਇਸ ਲਈ ਹਲਕਾ ਮਲੇਰਕੋਟਲਾ ਦੇ ਲੋਕ ਹਮੇਸ਼ਾ ਸਾਡੇ ਨਾਲ ਹਨ ਤੇ ਮੈਨੂੰ ਪੂਰਾ ਯਕੀਨ ਹੈ ਕਿ ਉਹ ਮੈਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿੱਤ ਪ੍ਰਾਪਤ ਕਰਵਾਉਣਗੇ।
ਉਨ੍ਹਾਂ ਕਿਹਾ ਕਿ ਮੈਂ ਜਦੋਂ ਵੀ ਮਾਲੇਰਕੋਟਲਾ ਆਇਆ ਹਾਂ ਤਾਂ ਇਥੋਂ ਦੇ ਲੋਕਾਂ ਨੇ ਮੈਨੂੰ ਪੂਰਾ ਮਾਨ ਸਤਿਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਹਾਅ ਦੇ ਨਾਅਰੇ ਦੀ ਧਰਤੀ ਹੈ ਜੋ ਵੀ ਇਸ ਸ਼ਹਿਰ ਦੇ ਲੋਕ ਕਹਿੰਦੇ ਹਨ ਉਸ ਨੂੰ ਪੂਰਾ ਕਰਦੇ ਹਨ।ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਮੈਂ ਸੱਤ ਸਾਲ ਐਮ ਐਲ ਏ ਬਣਦਾ ਆ ਰਿਹਾ ਹਾਂ ਅਤੇ ਕੈਬਨਿਟ ਮੰਤਰੀ ਦੇ ਅਹੁਦੇ ਤੇ ਰਹਿ ਕੇ ਇਮਾਨਦਾਰੀ ਨਾਲ ਕੰਮ ਕੀਤੇ ਹਨ ਜੋ ਵੀ ਵਿਅਕਤੀ ਮੇਰੇ ਕੋਲ ਕਿਸੇ ਵੀ ਕੰਮ ਨੂੰ ਆਉਦਾ ਹੈ ਮੈਂ ਉਸ ਨੂੰ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਪਹਿਲ ਦੇ ਆਧਾਰ ਤੇ ਕਰਦਾ ਹਾਂ। ਉਨ੍ਹਾਂ ਕਿਹਾ ਕਿ ਜੇ ਕੋਈ ਵੀ ਵਿਅਕਤੀ ਪੈਸੇ ਦੇ ਲੈਣ ਦੇਣ ਵਿੱਚ ਮੈਨੂੰ ਸਾਬਤ ਕਰ ਦੇਵੇ ਤਾਂ ਮੈਂ ਕਦੇ ਵੀ ਚੋਣ ਨਹੀਂ ਲੜਾਂਗਾ। ਐਮ ਐਲ ਡਾ ਜਮੀਲ-ਓਰ ਰਹਿਮਾਨ ਨੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੂੰ ਭਰੋਸਾ ਦਿਵਾਇਆ ਕਿ ਮੈਂ ਆਪਣੇ ਹਲਕੇ ਵਿੱਚੋ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਵਾਂਗਾ। ਮੀਤ ਹੇਅਰ ਨੇ ਕਿਹਾ ਕਿ ਸੰਗਰੂਰ ਦੇ ਹੱਕਾਂ ਦੀ ਰਾਖੀ ਲਈ ਡਟ ਕੇ ਪਹਿਰਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੰਗਰੂਰ ਦੇ ਵਿਕਾਸ ਲਈ ਰੱਖੇ ਏਜੰਡੇ ਵਿੱਚ ਮੈਡੀਕਲ ਕਾਲਜ ਦੀ ਸਥਾਪਨਾ, ਆਈ.ਆਈ.ਟੀ. ਜਾਂ ਆਈ.ਆਈ.ਐਮ. ਜਾਂ ਕੇਂਦਰੀ ਯੂਨੀਵਰਸਿਟੀ ਜਿਹੀ ਸੰਸਥਾ ਦੀ ਸਥਾਪਨਾ, ਤਿੰਨੋ ਜ਼ਿਲਿ੍ਹਆਂ ਮਾਲੇਰਕੋਟਲਾ, ਸੰਗਰੂਰ ਤੇ ਬਰਨਾਲਾ ਵਿਖੇ ਆਊਟਡੋਰ ਤੇ ਇੰਡੋਰ ਮਲਟੀਪਰਪਜ਼ ਸਟੇਡੀਅਮ, ਕੌਮਾਂਤਰੀ ਮਾਪਦੰਡਾਂ ਵਾਲਾ ਕ੍ਰਿਕਟ ਸਟੇਡੀਅਮ ਅਤੇ ਤਿੰਨੇ ਭਾਸ਼ਾਵਾਂ ਉਰਦੂ, ਪੰਜਾਬੀ ਤੇ ਹਿੰਦੀ ਦੀ ਪ੍ਰ੍ਰਫੁੱਲਤਾ ਲਈ ਭਾਸ਼ਾ ਸੈਂਟਰ ਜਾਂ ਅਕੈਡਮੀ ਸਥਾਪਤ ਕਰਵਾਈ ਜਾਵੇਗੀ।
ਇਸ ਮੌਕੇ ਮੁਹੰਮਦ ਉਵੈਸ ਸਟਾਰ ਇੰਪੈਕਟ,ਸਾਕਿਬ ਅਲੀ ਰਾਜਾ,ਪੀ ਏ ਸਮਸੂਦੀਨ, ਪੀ ਏ ਗੁਰਮੁਖ ਸਿੰਘ ਖ਼ਾਨਪੁਰ, ਹਲੀਮ ਮਿਲਕੋਵੈਲ, ਪ੍ਰਧਾਨ ਜਾਫਰ ਅਲੀ, ਪ੍ਰਧਾਨ ਅਸ਼ਰਫ ਅਬਦੁੱਲਾ, ਅਬਦੁਲ ਲਤੀਫ਼ ਪੱਪੂ,ਪ੍ਰਧਾਨ ਸ਼ਕੂਰ ਕਿਲਾ, ਯਾਸਰ ਅਰਫਾਤ, ਚੇਅਰਮੈਨ ਕਰਮਜੀਤ ਸਿੰਘ ਮਾਨ ਕੁਠਾਲਾ, ਪ੍ਰਧਾਨ ਸੰਤੋਖ ਸਿੰਘ ਦਸੌਂਦਾ,ਸ਼ਹਿਬਾਜ਼ ਰਾਣਾ ਮੈਂਬਰ ਪੰਜਾਬ ਵਕਫ਼ ਬੋਰਡ, ਦਰਸ਼ਨ ਸਿੰਘ ਦਰਦੀ,ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵਰਕਰ ਮੌਜੂਦ ਸਨ।