15 ਨਾਮਜਦਗੀਆਂ ਹੋਈਆਂ ਰੱਦ, ਕੁੱਲ 29 ਉਮੀਦਵਾਰ ਮੈਦਾਨ ਵਿੱਚ
ਰੋਹਿਤ ਗੁਪਤਾ
ਗੁਰਦਾਸਪੁਰ 15 ਮਈ 2024 - ਅੱਜ ਨਾਮਜ਼ਦਗੀਆਂ ਦੀ ਤਸਦੀਕ ਦੌਰਾਨ ਲੋਕ ਸਭਾ ਹਲਕਾ ਗੁਰਦਾਸਪੁਰ ਦੇ 15 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਵੱਖ-ਵੱਖ ਉਮੀਦਵਾਰਾਂ ਵੱਲੋਂ ਕੁੱਲ 60 ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਸਨ।
ਨਾਮਜ਼ਦਗੀ ਪੱਤਰਾਂ ਦੀ ਪੜਤਾਲ ਸਬੰਧੀ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ, ਲੋਕ ਸਭਾ ਹਲਕਾ 01-ਗੁਰਦਾਸਪੁਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਲਈ ਪ੍ਰਾਪਤ ਹੋਏ 60 ਨਾਮਜ਼ਦਗੀ ਪੱਤਰਾਂ ਵਿਚੋਂ 45 ਨਾਮਜ਼ਦਗੀ ਪੇਪਰ ਮਨਜ਼ੂਰ ਕੀਤੇ ਗਏ ਹਨ ਅਤੇ ਪੜਤਾਲ ਦੌਰਾਨ 15 ਨਾਮਜ਼ਦਗੀ ਪੱਤਰ ਰੱਦ ਹੋਏ ਹਨ। ਉਨ੍ਹਾਂ ਦੱਸਿਆ ਕਿ ਪੜਤਾਲ ਤੋਂ ਬਾਅਦ ਲੋਕ ਸਭਾ ਹਲਕਾ ਗੁਰਦਾਸਪੁਰ ਲਈ ਕੁੱਲ 29 ਨਾਮਜ਼ਦ ਉਮੀਦਵਾਰਾਂ ਦੇ ਨਾਮਜ਼ਦਗੀ ਪੇਪਰ ਸਹੀ ਪਾਏ ਗਏ ਹਨ।
ਡਿਪਟੀ ਕਮਿਸ਼ਨਰ _ਕਮ_ ਰਿਟਰਨਿੰਗ ਅਫਸਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਸਹੀ ਪਾਏ ਗਏ 45 ਨਾਮਜਦਗੀ ਪੱਤਰਾਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮਾਨ ਦੇ ਉਮੀਦਵਾਰ ਗੁਰਿੰਦਰ ਸਿੰਘ ਨੇ 4 ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ ਜਦਕਿ ਭਾਰਤੀ ਜਨਤਾ ਪਾਰਟੀ ਦੇ ਦਿਨੇਸ਼ ਬੱਬੂ ਵੱਲੋਂ ਵੀ ਚਾਰ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਤਿੰਨ ਨਾਮਜਦਗੀ ਪੱਤਰ ਦਾਖਲ ਕੀਤੇ ਗਏ ਹਨ ਜਿਨਾਂ ਵਿੱਚੋਂ ਸਿਰਫ ਇੱਕ ਇੱਕ ਨਾਮਜਦਗੀ ਪੱਤਰ ਹੀ ਸਹੀ ਮੰਨਿਆ ਜਾਵੇਗਾ ਅਤੇ ਬਾਕੀ ਕਾਗਜ ਵਾਪਸ ਲੈਣ ਦੀ ਤਰੀਕ ਵਾਲੇ ਦਿਨ ਉਮੀਦਵਾਰਾਂ ਵੱਲੋਂ ਵਾਪਸ ਲੈ ਲਏ ਜਾਣਗੇ। ਇਸ ਹਿਸਾਬ ਨਾਲ ਕੁੱਲ ਮਿਲਾ ਕੇ ਫਿਲਹਾਲ 29 ਉਮੀਦਵਾਰ ਲੋਕ ਸਭਾ ਹਲਕੇ ਗੁਰਦਾਸਪੁਰ ਤੋਂ ਮੈਦਾਨ ਵਿੱਚ ਹਨ ਪਰ ਇਹਨਾਂ 29 ਉਮੀਦਵਾਰਾਂ ਵਿੱਚੋਂ ਕਿੰਨੇ ਪੂਰੀ ਤਿਆਰੀ ਨਾਲ ਚੋਣ ਅਖਾੜੇ ਵਿੱਚ ਉਤਰਣਗੇ ਇਹ 17 ਮਈ ਨੂੰ ਪਤਾ ਲੱਗੇਗਾ ਕਿਉਂਕਿ ਨਾਮਜ਼ਦਗੀ ਪੱਤਰ16 ਅਤੇ 17 ਮਈ ਨੂੰ ਵਾਪਸ ਲਏ ਜਾ ਸਕਣਗੇ।
ਰਿਟਰਨਿੰਗ ਅਫ਼ਸਰ, ਸ੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਜਿਨ੍ਹਾਂ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ ਹਨ ਉਨ੍ਹਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਨਮਸ਼ੇਰ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਲਜੀਤ ਸਿੰਘ ਚੀਮਾ, ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦਿਨੇਸ਼ ਸਿੰਘ, ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਰਾਜ ਕੁਮਾਰ, ਮੇਘਾ ਦੇਸ਼ਮ ਪਾਰਟੀ ਦੀ ਉਮੀਦਵਾਰ ਸੰਤੋਸ਼ ਕੁਮਾਰੀ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਗੁਰਿੰਦਰ ਸਿੰਘ, ਭਾਰਤੀਯ ਰਾਸ਼ਟਰੀਆ ਦਲ ਦੇ ਉਮੀਦਵਾਰ ਜਤਿੰਦਰ ਕੁਮਾਰ ਸ਼ਰਮਾ, ਨੈਸ਼ਨਲਿਸਟ ਜਸਟਿਸ ਪਾਰਟੀ ਦੇ ਉਮੀਦਵਾਰ ਦਰਬਾਰਾ ਸਿੰਘ, ਜਨ ਸੇਵਾ ਡਰਾਇਵਰ ਪਾਰਟੀ ਦੇ ਉਮੀਦਵਾਰ ਰਣਜੋਧ ਸਿੰਘ, ਭਾਰਤੀਯ ਜਵਾਨ ਕਿਸਾਨ ਪਾਰਟੀ ਦੇ ਉਮੀਦਵਾਰ ਰਮੇਸ਼ ਕੁਮਾਰ, ਨੈਸ਼ਨਲ ਰਿਪਬਲਿਕ ਪਾਰਟੀ ਆਫ਼ ਇੰਡੀਆ ਦੇ ਉਮੀਦਵਾਰ ਰਮੇਸ਼ ਲਾਲ, ਅਜ਼ਾਦ ਉਮੀਦਵਾਰ ਅਮਿਤ ਅਗਰਵਾਲ, ਅਜ਼ਾਦ ਉਮੀਦਵਾਰ ਸੰਜੀਵ ਸਿੰਘ, ਅਜ਼ਾਦ ਉਮੀਦਵਾਰ ਸੰਜੀਵ ਮਨਹਾਸ, ਅਜ਼ਾਦ ਉਮੀਦਵਾਰ ਸੰਤ ਸੇਵਕ, ਅਜ਼ਾਦ ਉਮੀਦਵਾਰ ਸੰਤੋਸ਼ ਕੌਰ, ਅਜ਼ਾਦ ਉਮੀਦਵਾਰ ਸੁਰਜੀਤ ਸਿੰਘ, ਅਜ਼ਾਦ ਉਮੀਦਵਾਰ ਸੁਰਿੰਦਰ ਸਿੰਘ, ਅਜ਼ਾਦ ਉਮੀਦਵਾਰ ਸੈਮੂਅਲ ਸੋਨੀ, ਅਜ਼ਾਦ ਉਮੀਦਵਾਰ ਕੁਸਮ ਰਾਣੀ, ਅਜ਼ਾਦ ਉਮੀਦਵਾਰ ਗੁਰਪ੍ਰੀਤ ਕੌਰ, ਅਜ਼ਾਦ ਉਮੀਦਵਾਰ ਆਈ.ਐੱਸ. ਗੁਲਾਟੀ, ਅਜ਼ਾਦ ਉਮੀਦਵਾਰ ਜਗਦੀਸ਼ ਮਸੀਹ, ਅਜ਼ਾਦ ਉਮੀਦਵਾਰ ਤਰਸੇਮ ਮਸੀਹ, ਅਜ਼ਾਦ ਉਮੀਦਵਾਰ ਤਿਲਕ ਰਾਜ, ਅਜ਼ਾਦ ਉਮੀਦਵਾਰ ਨਿਰਮਲਜੀਤ ਕੌਰ, ਅਜ਼ਾਦ ਉਮੀਦਵਾਰ ਬਲਜਿੰਦਰ ਸਿੰਘ ਅਤੇ ਅਜ਼ਾਦ ਉਮੀਦਵਾਰ ਰੋਬੀ ਮਸੀਹ ਸ਼ਾਮਲ ਹਨ।