Breaking: ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਚੋਣ ਲੜਨਗੇ, ਮਾਤਾ ਨੇ ਕੀਤਾ ਰਸਮੀ ਐਲਾਨ
ਅੰਮ੍ਰਿਤਸਰ, 26 ਅਪ੍ਰੈਲ 2024- ਧਰਮ ਪ੍ਰਚਾਰ ਦੀ ਲਹਿਰ ਨੂੰ ਪ੍ਰਚੰਡ ਰੂਪ ਦੇਣ ਵਾਸਤੇ, ਐਨ.ਐੱਸ.ਏ. ਖਤਮ ਕਰਵਾਉਣ ਲਈ, ਬੰਦੀ ਸਿੰਘਾਂ ਦੀ ਰਿਹਾਈ ਲਈ ਅਤੇ ਪੰਜਾਬ ਦੇ ਦਰਦ ਨੂੰ ਅੰਤਰਰਾਸ਼ਟਰੀ ਪੱਧਰ ਤੇ ਲਿਜਾਣ ਲਈ ਭਾਈ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ। ਇਹ ਐਲਾਨ ਅੱਜ ਇੱਥੇ ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਬੀਬੀ ਬਲਵਿੰਦਰ ਕੌਰ ਵੱਲੋਂ ਸਾਰਾਗੜ੍ਹੀ ਨੇੜੇ ਲੱਗੇ ਪੱਕਾ ਮੋਰਚੇ ਦੇ ਸਥਾਨ ਤੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਲਾਕੇ ਦੀਆਂ ਸੰਗਤਾਂ, ਪੰਚਾਇਤਾਂ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਮਿਲੇ ਸੰਦੇਸ਼ਾਂ ਮੁਤਾਬਿਕ ਸਮਾਂ ਅਤੇ ਹਾਲਾਤ ਇਹ ਮੰਗ ਕਰਦੇ ਹਨ ਕਿ ਜਿਸ ਤਰ੍ਹਾਂ ਸਰਕਾਰ ਨੌਜਵਾਨਾਂ ਉੱਤੇ ਤਸ਼ੱਦਦ ਕਰ ਰਹੀ ਹੈ, ਜਿਵੇਂ ਉਨ੍ਹਾਂ ਨੂੰ ਦੂਰ ਦੁਰਾਡੇ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਡਿਬਰੂਗੜ੍ਹ ਜੇਲ੍ਹ ਵਿੱਚ ਸੁਟਿੱਆ ਗਿਆ ਹੈ, ਜਿੱਥੇ ਸਿਰਫ ਇੱਕ ਮੁਲਾਕਾਤ ਕਰਨ ਲਈ ਵੀ ਕਈ ਤਰ੍ਹਾਂ ਦੀਆਂ ਖੱਜਲਖੁਆਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿੱਥੇ ਧਾਰਮਿਕ ਚੇਤਨਾ ਮਾਰਚ ਕੱਢਣ ਦੀ ਇਜਾਜ਼ਤ ਨਹੀਂ ਅਤੇ ਜਿੱਥੇ ਸਰਕਾਰ ਨੇ ਸਾਰੀਆਂ ਸ਼ਰਮਾਂ ਨੂੰ ਲਾਹ ਕੇ ਬੀਬੀਆਂ ਨੂੰ ਵੀ ਜੇਲ੍ਹਾਂ ਵਿੱਚ ਸੁੱਟਣ ਤੋਂ ਗੁਰੇਜ਼ ਨਹੀਂ ਕੀਤਾ।
ਹੁਣ ਇਹ ਜ਼ਰੂਰੀ ਹੋ ਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਅਤੇ ਸਰਕਾਰ ਦੇ ਝੂਠਾਂ ਦਾ ਪਰਦਾਫਾਸ਼ ਕਰਨ ਲਈ ਅਤੇ ਨੌਜਵਾਨਾਂ ਉੱਤੇ ਕੀਤੇ ਜਾ ਰਹੇ ਜ਼ੁਲਮਾਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਲੈ ਕੇ ਜਾਣ ਅਤੇ ਸਰਕਾਰ ਨੂੰ ਬੰਦੀ ਸਿੰਘਾਂ ਦੀ ਰਿਹਾਈ ਅਤੇ ਐਨ.ਐੱਸ.ਏ. ਵਰਗੇ ਜ਼ਾਲਮ ਕਾਨੂੰਨਾਂ ਨੂੰ ਖਤਮ ਕਰਾਉਣ ਲਈ ਮਜਬੂਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਕਿੰਨੇ ਦੁੱਖ ਦੀ ਗੱਲ ਹੈ ਕਿ ਕੱਲ੍ਹ ਜਦੋਂ ਅੰਮ੍ਰਿਤਪਾਲ ਸਿੰਘ ਦੇ ਪਿਤਾ ਅਤੇ ਚਾਚਾ ਮੁਲਾਕਾਤ ਕਰਨ ਲਈ ਜੇਲ੍ਹ ਵਿੱਚ ਪਹੁੰਚੇ ਤਾਂ ਉਹ ਏਜੰਸੀਆਂ ਦੀ ਮੌਜੂਦਗੀ ਵਿੱਚ ਭਾਈ ਸਾਹਿਬ ਨਾਲ ਕੋਈ ਗੱਲ ਨਾ ਕਰ ਸਕੇ, ਕਿਉਂਕਿ ਏਜੰਸੀਆਂ ਨਹੀਂ ਚਾਹੁੰਦੀਆਂ ਕਿ ਭਾਈ ਅੰਮ੍ਰਿਤਪਾਲ ਸਿੰਘ ਚੋਣ ਲੜਨ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਸਰਕਾਰ ਦੇ ਜ਼ੁਲਮਾਂ ਅਤੇ ਅਨਿਆਂ ਦੀਆਂ ਕਹਾਣੀਆਂ ਦੂਜੇ ਮੁਲਕਾਂ ਵਿੱਚ ਵੀ ਪਹੁੰਚ ਜਾਣਗੀਆਂ।
ਉਨ੍ਹਾਂ ਕਿਹਾ ਕਿ ਇਹ ਠੀਕ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਚੋਣ ਲੜਨ ਦੇ ਹੱਕ ਵਿੱਚ ਨਹੀਂ ਸੀ ਅਤੇ ਉਹ ਇਹ ਮਹਿਸੂਸ ਕਰਦੇ ਹਨ ਕਿ ਇਹ ਸਾਡੀ ਕੌਮ ਦਾ ਕੋਈ ਪੱਕਾ ਤੇ ਸਦੀਵੀ ਹੱਲ ਨਹੀਂ। ਪਰ ਹੁਣ ਹਾਲਾਤ ਇਹ ਮੰਗ ਕਰ ਰਹੇ ਹਨ ਕਿ ਫਿਲਹਾਲ ਸਾਨੂੰ ਆਪਣੀ ਰਣਨੀਤੀ ਵਿੱਚ ਤਬਦੀਲੀ ਕਰਨ ਦੀ ਲੋੜ ਹੈ ਅਤੇ ਇਸ ਰਸਤੇ ਨੂੰ ਹਾਲ ਦੀ ਘੜੀ ਜ਼ਰੂਰ ਅਪਨਾ ਲਿਆ ਜਾਵੇ। ਇਸ ਕਾਰਜ ਲਈ ਭਾਈ ਸਾਬ ਦੇ ਚੋਣ ਲੜਨ ਦੀ ਖ਼ਬਰ ਆਉਣ ਉਪਰੰਤ ਸੰਗਤਾਂ ਵਿੱਚ ਹੋਰ ਵੀ ਭਾਰੀ ਉਤਸ਼ਾਹ, ਜੋਸ਼ ਅਤੇ ਸਰਗਰਮ ਮੰਗ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਸ਼੍ਰੀ ਖਡੂਰ ਸਾਹਿਬ ਤੋਂ ਚੋਣ ਲੜਨ। ਇਸ ਉਦੇਸ਼ ਭਾਈ ਸਾਬ ਦੀ ਇਲੈਕਸ਼ਨ ਕੰਪੇਨ ਦਾ ਅਗਾਜ ਕਲਗੀਧਰ ਪਾਤਸ਼ਾਹ ਦੇ ਅਸ਼ੀਰਵਾਦ ਤੇ ਸੰਗਤਾਂ ਦੇ ਸਹਿਯੋਗ ਨਾਲ ਕਰਨ ਲਈ ਸੰਗਤਾਂ ਦਾ ਇਕਠ ਸੱਦ ਕੇ ਕੀਤਾ ਜਾਵੇਗਾ ਕੀਤਾ ਜਾਵੇਗਾ। ਸਾਨੂੰ ਯਕੀਨ ਹੈ ਕਿ ਉਹ ਮੌਜੂਦਾਂ ਹਾਲਾਤਾਂ ਦੀ ਰੌਸ਼ਨੀ ਵਿੱਚ ਸੰਗਤਾਂ ਦੇ ਫੈਸਲੇ ਨੂੰ ਸਵੀਕਾਰ ਕਰਨਗੇ।