Parampal Kaur ਨੂੰ ਭਾਰਤ ਸਰਕਾਰ ਵੱਲੋਂ NOC ਮਿਲਣ ਮਗਰੋਂ ਵੱਡਾ ਬਿਆਨ, ਪੜ੍ਹੋ ਕੀ ਕਿਹਾ?
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 12 ਮਈ 2024- ਭਾਰਤ ਸਰਕਾਰ ਨੇ ਸੇਵਾਮੁਕਤ ਆਈਏਐਸ ਅਤੇ ਬਠਿੰਡਾ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਨੂੰ ਐਨਓਸੀ ਜਾਰੀ ਕਰ ਦਿੱਤਾ ਹੈ, ਜੋ ਕਿ ਨਾਮਜ਼ਦਗੀ ਪੱਤਰ ਭਰਨ ਲਈ ਜ਼ਰੂਰੀ ਹੈ। ਹੁਣ ਉਨ੍ਹਾਂ ਦੇ ਨਾਮਜ਼ਦਗੀ ਪੇਪਰ ਦਾਖਲ ਕਰਨ ਵਿਚ ਕੋਈ ਅੜਿੱਕਾ ਨਹੀਂ ਹੈ।
ਚੇਤੇ ਰਹੇ ਕਿ, ਭਾਰਤ ਸਰਕਾਰ ਦੇ ਲਿਖਣ ਤੇ ਪੰਜਾਬ ਸਰਕਾਰ ਨੇ ਪਰਮਪਾਲ ਕੌਰ ਦਾ ਸਿਰਫ਼ ਅਸਤੀਫ਼ਾ ਹੀ ਮਨਜ਼ੂਰ ਨਹੀਂ ਕੀਤਾ, ਸਗੋਂ ਉਨ੍ਹਾਂ ਨੂੰ ਪੂਰਾ ਸੁਰਾ ਐਨਓਸੀ ਜਾਰੀ ਕਰਨ ਬਾਰੇ ਵੀ ਭਾਰਤ ਸਰਕਾਰ ਨੂੰ ਸੂਚਿਤ ਕੀਤਾ, ਜਿਸ ਵਿਚ ਵਿਜੀਲੈਂਸ ਦਾ ਐਨਓਸੀ ਵੀ ਸ਼ਾਮਲ ਸੀ। ਪਰਮਪਾਲ ਕੌਰ ਦਾ ਅਸਤੀਫ਼ਾ 10 ਅਪ੍ਰੈਲ 2024 ਦੀ ਮਿਤੀ ਵਿਚ ਪ੍ਰਵਾਨ ਕੀਤਾ ਦੱਸਿਆ ਗਿਆ ਹੈ, ਜਿਸ ਬਾਰੇ ਬਕਾਇਦਾ ਨੋਟੀਫ਼ਿਕੇਸ਼ਨ 11 ਮਈ 2024 ਨੂੰ DoPT ਵੱਲੋਂ ਜਾਰੀ ਕੀਤਾ ਗਿਆ ਹੈ।
ਇਸੇ ਦੌਰਾਨ ਪਰਮਪਾਲ ਕੌਰ ਨੇ ਬਾਬੂਸ਼ਾਹੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ, ਉਹ ਸੋਮਵਾਰ ਨੂੰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਉਨ੍ਹਾਂ ਇਸ ਗੱਲ ਤੇ ਅਫ਼ਸੋਸ ਜ਼ਾਹਿਰ ਕੀਤਾ ਕਿ, ਪੰਜਾਬ ਸਰਕਾਰ ਨੇ ਉਨ੍ਹਾਂ ਦੀ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਦੀ ਅਰਜ਼ੀ ਪ੍ਰਵਾਨ ਨਹੀਂ ਕੀਤੀ, ਜਦੋਂਕਿ ਅਜਿਹੀਆਂ ਕਿੰਨੀਆਂ ਮਿਸਾਲਾਂ ਹਨ, ਕਿ ਜਦੋਂ ਚੋਣਾਂ ਤੋਂ ਪਹਿਲਾਂ ਆਈਏਐਸ ਜਾਂ ਆਈਪੀਐਸ ਅਫ਼ਸਰਾਂ ਨੇ ਇਸੇ ਤਰ੍ਹਾਂ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਲਈ ਅਰਜ਼ੀ ਦਿੱਤੀਆਂ ਤੇ ਉਹ ਮਨਜ਼ੂਰ ਹੁੰਦੀਆਂ ਰਹੀਆਂ, ਪਰ ਹੁਣ ਤੱਕ ਲਗਭਗ ਅਜਿਹੇ ਅਫ਼ਸਰ ਮਰਦ ਹੀ ਸਨ ਅਤੇ ਪਹਿਲੀ ਵਾਰ ਕਿਸੇ ਵੁਮੈਨ ਅਫ਼ਸਰ ਨੇ ਅਜਿਹੀ ਅਰਜ਼ੀ ਦਿੱਤੀ ਸੀ, ਪਰ ਮੌਜੂਦਾ ਸਰਕਾਰ ਨੇ ਇਹ ਪ੍ਰਵਾਨ ਕਰਨ ਦੀ ਥਾਂ ਇਸ ਵਿਚ ਅੜਿੱਕੇ ਲਾਏ। ਉਨ੍ਹਾਂ ਇਸ ਗੱਲ ਤੇ ਦੁੱਖ ਜ਼ਾਹਿਰ ਕੀਤਾ ਕਿ, ਇੱਕ ਵੁਮੈਨ ਅਫ਼ਸਰ ਨਾਲ ਅਜਿਹਾ ਵਿਵਹਾਰ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ, ਆਪਣੇ ਪੈਨਸ਼ਨ ਤੇ ਸੇਵਾ ਦੇ ਹੋਰ ਲਾਭਾਂ ਬਾਰੇ ਸੋਚਣਾ ਇਸ ਵੇਲੇ ਪਹਿਲਾ ਕੰਮ ਨਹੀਂ ਹੈ, ਕਿਉਂਕਿ ਉਨ੍ਹਾਂ ਦਾ ਇਸ ਵੇਲੇ ਮੁੱਖ ਮਕਸਦ ਲੋਕ ਸਭਾ ਚੋਣ ਲੜਨਾ ਅਤੇ ਜਿੱਤਣਾ ਹੈ।