River Bridge: ਬਿਆਸ ਦਰਿਆ 'ਤੇ ਕਿਸੇ ਨੇ ਆਪ ਹੀ ਬਣਾ ਦਿੱਤਾ ਮਿੱਟੀ ਦਾ ਪੁਲ, ਪਰ ਲੋਕਾਂ ਨੂੰ ਨਹੀਂ ਦਿੰਦੇ ਲੰਘਣ
ਪੁਲ ਰਾਹੀਂ ਦਰਿਆ ਵਿੱਚੋਂ ਰੇਤ ਦੀ ਮਾਈਨਿੰਗ ਦਾ ਪਿੰਡ ਵਾਸੀਆਂ ਨੇ ਲਗਾਇਆ ਦੋਸ਼,ਇਲੈਕਸ਼ਨ ਕਮਿਸ਼ਨ ਨੂੰ ਕੀਤੀ ਸ਼ਿਕਾਇਤ
ਰੋਹਿਤ ਗੁਪਤਾ
ਗੁਰਦਾਸਪੁਰ 21 ਮਈ 2024 : ਦਰਿਆ ਪਾਰ ਪੈਂਦੀ ਜਮੀਨ ਤੱਕ ਆਉਣ ਜਾਣ ਲਈ ਇੱਕ ਵਿਅਕਤੀ ਵੱਲੋਂ ਦਰਿਆ ਤੇ ਹੀ ਸੀਵਰੇਜ ਪਾਈਪਾਂ ਪਾ ਕੇ ਉੱਪਰ ਮਿੱਟੀ ਪਾ ਕੇ ਚੋੜਾ ਰਸਤਾ ਬਣਾ ਲਿਆ ਗਿਆ। ਰਸਤਾ ਵੀ ਇਨਾ ਚੌੜਾ ਕਿ ਇਸ ਤੋਂ ਟਰੈਕਟਰ ਟਰਾਲੀ ਤੱਕ ਆਸਾਨੀ ਨਾਲ ਲੰਘ ਸਕਣ। ਮਾਮਲਾ ਭੈਣੀ ਮੀਆਂ ਖਾਂ ਕਸਬੇ ਵਿੱਚ ਬਿਆਸ ਦਰਿਆ ਕਿਨਾਰੇ ਵਸੇ ਪਿੰਡ ਭੈਣੀ ਪਸਵਾਲ ਦਾ ਹੈ।
ਸ਼ਿਕਾਇਤ ਕਰਤਾਵਾਂ ਦਾ ਦੋਸ਼ ਹੈ ਕਿ ਇਸ ਰਸਤੇ ਨੂੰ ਦਰਿਆ ਵਿੱਚੋ ਨਜਾਇਜ਼ ਤੌਰ ਤੇ ਰੇਤ ਕੱਢਣ ਵਾਲੇ ਤਾਂ ਵਰਤ ਲੈਂਦੇ ਹਨ ਪਰ ਹੋਰ ਕਿਸੇ ਨੂੰ ਇਸ ਰਸਤੇ ਤੋ ਲੰਘਣ ਨਹੀਂ ਦਿੱਤਾ ਜਾਂਦਾ ਜਿਸ ਕਾਰਨ ਇਸ ਦੀ ਸ਼ਿਕਾਇਤ ਪਿੰਡ ਵਾਲਿਆਂ ਵੱਲੋਂ ਇਲੈਕਸ਼ਨ ਕਮਿਸ਼ਨ ਨੂੰ ਕੀਤੀ ਗਈ। ਇਲੈਕਸ਼ਨ ਕਮਿਸ਼ਨ ਵੱਲੋਂ ਮਾਮਲੇ ਬਾਰੇ ਮਾਈਨਿੰਗ ਵਿਭਾਗ ਕੋਲੋਂ ਰਿਪੋਰਟ ਮੰਗੀ ਗਈ ਤਾਂ ਮਾਈਨਿੰਗ ਵਿਭਾਗ ਵੀ ਹਰਕਤ ਵਿੱਚ ਆ ਗਿਆ ਹੈ। ਮਾਮਲਾ ਭੈਣੀ ਮੀਆਂ ਖਾਂ ਕਸਬੇ ਵਿੱਚ ਬਿਆਸ ਦਰਿਆ ਕਿਨਾਰੇ ਵਸੇ ਪਿੰਡ ਭੈਣੀ ਪਸਵਾਲ ਦਾ ਹੈ।
ਜਾਣਕਾਰੀ ਮਿਲਣ ਤੇ ਪੱਤਰਕਾਰਾਂ ਦੀ ਟੀਮ ਵੱਲੋਂ ਇਲਾਕੇ ਦਾ ਆਪ ਦੌਰਾ ਕੀਤਾ ਗਿਆ ਤਾਂ ਵੇਖਿਆ ਗਿਆ ਕਿ ਇੱਕ ਜਗਹਾ ਤੋਂ ਜਿੱਥੇ ਬਿਆਸ ਦਰਿਆ ਦੋ ਫਾੜ ਹੋ ਜਾਂਦਾ ਹੈ ਉਥੇ ਕਿਸੇ ਵਿਅਕਤੀ ਵੱਲੋਂ ਸੀਮੇਂਟ ਦੀਆਂ ਮੋਟੀਆਂ ਸੀਵਰੇਜ ਪਾਈਪਾਂ ਅਤੇ ਮਿੱਟੀ ਪਾ ਕੇ ਲਗਭਗ 10 ਫੁੱਟ ਚੌੜਾ ਅਤੇ 20 ਤੋਂ 25 ਫੁੱਟ ਲੰਬਾ ਰਸਤਾ ਬਣਾ ਦਿੱਤਾ ਗਿਆ ਹੈ। ਪਿੰਡ ਕਿਸ਼ਨਪੁਰ ਦੇ ਰਹਿਣ ਵਾਲੇ ਲੋਕਾਂ ਦਾ ਦੋਸ਼ ਹੈ ਕਿ ਇਹ ਰਸਤਾ ਗੈਰ ਕਾਨੂੰਨੀ ਤੌਰ ਤੇ ਦਰਿਆ ਵਿੱਚੋਂ ਰੇਤ ਦੀ ਮਾਈਨਿੰਗ ਵਾਲਿਆਂ ਵੱਲੋਂ ਵਰਤਿਆ ਜਾ ਰਿਹਾ ਹੈ ਅਤੇ ਪਿੰਡ ਦੇ ਹੀ ਇੱਕ ਵਿਅਕਤੀ ਵੱਲੋਂ ਬਣਾਇਆ ਗਿਆ ਹੈ ਜਿਸ ਦੀ ਜਮੀਨ ਦਰਿਆ ਵਿੱਚ ਆਉਂਦੀ ਹੈ। ਕਿਸੇ ਹੋਰ ਪਿੰਡ ਵਾਸੀ ਨੂੰ ਇਹ ਰਸਤਾ ਵਰਤਣ ਨਹੀਂ ਦਿੱਤਾ ਜਾਂਦਾ। ਉਹਨਾਂ ਇਹ ਵੀ ਦੋਸ਼ ਲਗਾਇਆ ਕਿ ਦਰਿਆ ਵਿੱਚ ਵੱਡੇ ਪੱਧਰ ਤੇ ਰੇਤ ਦੀ ਮਾਈਨਿੰਗ ਹੁੰਦੀ ਹੈ।ਪੱਤਰਕਾਰਾਂ ਵੱਲੋਂ ਮੌਕੇ ਤੇ ਦਰਿਆ ਦੀ ਰੇਤਲੀ ਜਮੀਨ ਵਿੱਚ ਰੇਤ ਦੇ ਵੱਡੇ ਵੱਡੇ ਢੇਰ ਲਗਾਏ ਗਏ ਵੀ ਦੇਖੇ ਗਏ। ਜਾਹਰ ਤੌਰ ਇਹ ਰੇਤ ਗੈਰ ਕਾਨੂੰਨੀ ਤੌਰ ਤੇ ਮਾਈਨਿੰਗ ਕਰਕੇ ਕੱਢੀ ਗਈ ਸੀ। ਦਰਿਆ ਕਿਨਾਰੇ ਤਿੰਨ ਕਰੈਸ਼ਰ ਵੀ ਲੱਗੇ ਹਨ ਪਰ ਦੋ ਤਾਂ ਕਈ ਸਾਲਾਂ ਤੋਂ ਬੰਦ ਪਏ ਹਨ ਪਰ ਪਿੰਡ ਵਾਸੀਆਂ ਅਨੁਸਾਰ ਇੱਕ ਕੁਝ ਦਿਨ ਪਹਿਲਾਂ ਹੀ ਚੋਣਾਂ ਦੀ ਘੋਸ਼ਣਾ ਹੋਣ ਤੋਂ ਬਾਅਦ ਚੋਣ ਜਾਬਤੇ ਦੇ ਡਰ ਨਾਲ ਬੰਦ ਕੀਤਾ ਗਿਆ ਹੈ। ਇਲਾਕਾ ਨਿਵਾਸੀਆਂ ਅਨੁਸਾਰ ਉਹਨਾਂ ਵੱਲੋਂ ਇਸ ਦੀ ਸ਼ਿਕਾਇਤ ਇਲੈਕਸ਼ਨ ਕਮਿਸ਼ਨ ਨੂੰ ਵੀ ਕੀਤੀ ਗਈ ਹੈ।
ਦੂਜੇ ਪਾਸੇ ਮਾਈਨਿੰਗ ਵਿਭਾਗ ਦੇ ਅਧਿਕਾਰੀ ਐਸਡੀਓ ਪਰਮਵੀਰ ਸਿੰਘ ਕਾਹਲੋਂ ਅਨੁਸਾਰ ਚੋਣ ਕਮਿਸ਼ਨ ਵੱਲੋਂ ਮਿਲੀ ਸ਼ਿਕਾਇਤ ਦੇ ਅਧਾਰ ਤੇ ਰਸਤਾ ਬਣਾਉਣ ਵਾਲੇ ਕਥਿਤ ਵਿਅਕਤੀ ਕੇਵਲ ਸਿੰਘ ਨੂੰ ਦੋ ਦਿਨ ਦਾ ਸਮਾਂ ਦਿੱਤਾ ਗਿਆ ਹੈ ਜਿਸ ਦੀ ਮਿਆਦ ਬੁੱਧਵਾਰ ਤੱਕ ਹੈ। ਜੇਕਰ ਉਸ ਵੱਲੋਂ ਕੋਈ ਪ੍ਰਤਿਕਿਰਿਆ ਨਹੀਂ ਦਿਖਾਈ ਜਾਂਦੀ ਤਾਂ ਮਾਈਨਿੰਗ ਵਿਭਾਗ ਵੱਲੋਂ ਆਪਣੇ ਤੌਰ ਤੇ ਉਥੇ ਜਾ ਕੇ ਰਸਤਾ ਤੋੜ ਦਿੱਤਾ ਜਾਵੇਗਾ ਤੇ ਇਸ ਪੁਲ ਨੂੰ ਤੋੜਨ ਵਿੱਚ ਆਣ ਵਾਲਾ ਸਾਰਾ ਖਰਚਾ ਕੇਵਲ ਸਿੰਘ ਕੋਲੋਂ ਵਸੂਲਿਆ ਜਾਵੇਗਾ। ਦਰਿਆ ਵਿੱਚ ਹੋਣ ਵਾਲੀ ਮਾਈਨਿੰਗ ਬਾਰੇ ਉਹਨਾਂ ਕਿਹਾ ਕਿ ਦਰਿਆ ਵਿੱਚੋਂ ਵੱਡੇ ਪੱਧਰ ਤੇ ਮਾਈਨਿੰਗ ਹੋਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਕਿਉਂਕਿ ਵਿਭਾਗ ਦੇ ਅਧਿਕਾਰੀਆਂ ਵੱਲੋਂ ਮੌਕੇ ਤੇ ਜਾ ਕੇ ਵੀ ਵੇਖਿਆ ਗਿਆ ਹੈ। ਉੱਥੇ ਕੋਈ ਖੱਡ ਨਹੀਂ ਮਿਲੀ ਹੈ ਅਤੇ ਨਾ ਹੀ ਕੋਈ ਕਰੈਸ਼ਰ ਚੱਲ ਰਿਹਾ ਹੈ। ਵਿਭਾਗ ਨੂੰ ਵੀ ਮੌਖਿਕ ਤੌਰ ਤੇ ਸ਼ਿਕਾਇਤ ਮਿਲੀ ਹੈ ਕਿ ਰਾਤ ਦੇ ਸਮੇਂ ਕੁਝ ਲੋਕ ਕਹੀਆਂ ਨਾਲ ਰੇਤ ਕੱਢ ਕੇ ਠੇਲਿਆਂ ਵਿੱਚ ਭਰ ਕੇ ਲੈ ਜਾ ਰਹੇ ਹਨ । ਵਿਭਾਗ ਵੱਲੋਂ ਟੀਮਾਂ ਬਣਾ ਦਿੱਤੀਆਂ ਗਈਆਂ ਹਨ ਅਤੇ ਰਾਤ ਨੂੰ ਇਲਾਕੇ ਦੀ ਨਿਗਰਾਨੀ ਕਰਕੇ ਜੇਕਰ ਕੋਈ ਮਾਈਨਿੰਗ ਕਰਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।