ਪਟਿਆਲਾ, 19 ਫਰਵਰੀ, 2017 : ਪੰਜਾਬ ਖਾਸ ਤੌਰ 'ਤੇ ਪੇਂਡੂ ਇਲਾਕੇ ਦੇ ਅਤੇ ਇਹਨਾਂ ਇਲਾਕਿਆਂ ਵਿੱਚ ਰਹਿਣ ਵਾਲੀ ਖੇਤੀ ਵਸੋਂ ਦੇ ਵਿਕਾਸ ਲਈ ਹਰ ਬੰਦੇ ਨੂੰ ਘੱਟੋ ਘੱਟ ਹਰ ਰੋਜ ਅੱਠ ਘੰਟੇ ਕੰਮ ਕਰਨਾ ਪਵੇਗਾ ਤਾਂ ਹੀ ਉਹ ਵਿਦੇਸ਼ਾਂ ਵਿੱਚ ਵਾਪਰੇ ਵਿਕਾਸ ਦੇ ਬਰਾਬਰ ਆਪਣੇ ਜੀਵਨ ਨੂੰ ਲਿਆ ਸਕੇਗਾ। ਇਹ ਵਿਚਾਰ ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਸ੍ਰੀ ਜੀ.ਕੇ.ਸਿੰਘ ਨੇ ਰੱਖੇ। ਪਟਿਆਲਾ ਚੀਕਾ ਰੋਡ ਤੇ ਮਝਾਲ ਪਿੰਡ ਵਿਖੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਖੇਤੀ ਵਿਭੰਨਤਾ ਤੇ ਕਰਵਾਏ ਗਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸ੍ਰੀ ਜੀ ਕੇ ਸਿੰਘ ਨੇ ਕਿਹਾ ਕਿ ਜੇ ਕਰ ਪਰਿਵਾਰ ਦੇ ਸਾਰੇ ਮੈਂਬਰ ਹਫਤੇ ਵਿੱਚ ਪੰਜ ਦਿਨ ਹਰ ਰੋਜ ਅੱਠ ਘੰਟੇ ਕੰਮ ਕਰ ਸਕਦੇ ਹਨ ਤਾਂ ਉਹਨਾਂ ਲਈ ਇਹੋ ਪੰਜਾਬ ਅਮਰੀਕਾ ਕੈਨੇਡਾ ਜਾਂ ਯੋਰੋਪ ਤੋਂ ਘੱਟ ਨਹੀ ਹੈ ।
ਪੰਜਾਬ ਦੇ ਮੌਜੂਦਾ ਹਾਲਾਤ ਦਾ ਹਵਾਲਾ ਦੇਦਿੰਆਂ ਉਹਨਾਂ ਕਿਹਾ ਕਿ ਅੱਜ ਕਿਹਾ ਜਾਂਦਾ ਹੈ ਕਿ ਗੁਲਾਬ ਦੇ ਫੁੱਲ ਵਰਗਾ ਪੰਜਾਬ ਮੁਰਝਾ ਗਿਆ ਹੈ ਪਰ ਇਸਨੂੰ ਮੁਰਝਾਉਣ ਵਿੱਚ 30 ਸਾਲਾਂ ਤੋਂ ਵੀ ਵੱਧ ਲੱਗੇ ਹਨ। ਉਹਨਾਂ ਕਿਹਾ ਕਿ ਕਿਸੇ ਨੇ ਪਹਿਲਾਂ ਕਦੀ ਇਸ ਵੱਲ ਧਿਆਨ ਹੀ ਨਹੀ ਦਿੱਤਾ ਕਿ ਫੁੱਲ ਦੀਆਂ ਜੜਾਂ ਕਮਜ਼ੋਰ ਹੋ ਰਹੀਆਂ ਹਨ ਅਤੇ ਪੱਤੇ ਕੁਰਲਾਉਣ ਲੱਗੇ ਹਨ। ਸ੍ਰੀ ਜੀ ਕੇ ਸਿੰਘ ਕਹਿੰਦੇ ਹਨ ਕਿ ਇਸ ਸਾਰੇ ਕੁੱਝ ਲਈ ਅਸੀਂ ਵਿਦੇਸ਼ੀ ਕੰਪਨੀਆਂ ਜਾਂ ਕਿਸੇ ਹੋਰ ਨੂੰ ਜਿੰਮੇਵਾਰ ਨਹੀ ਠਹਿਰਾ ਸਕਦੇ। ਉਹਨਾਂ ਕਿਹਾ ਕਿ ਸਾਡਾ ਜੀਣ ਅਤੇ ਰਹਿਣ ਸਹਿਣ ਦਾ ਤਰੀਕਾ ਹੀ ਬਦਲ ਗਿਆ ਹੈ। ਅਸੀਂ ਕੰਮ ਕਰਣ ਤੋਂ ਦੂਰ ਭੱਜਣੇ ਸ਼ੁਰੂ ਹੋ ਗਏ ਹਾਂ। ਆਪਣੇ ਕਿਸੇ ਵੀ ਐਨ ਆਰ ਆਈ ਰਿਸ਼ਤੇਦਾਰ ਤੋਂ ਉੱਥੋਂ ਦੇ ਹਾਲਾਤ ਅਤੇ ਕੰਮ ਕਰਣ ਦੇ ਘੰਟਿਆਂ ਬਾਰੇ ਪੁੱਛਿਆ ਜਾਵੇ ਤਾਂ ਪਤਾ ਚੱਲੇਗਾ ਕਿ ਕੰਮ ਕਿਵੇਂ ਹੁੰਦੇ ਹਨ ਅਤੇ ਵਿਕਾਸ ਕਿਵੇਂ ਹੁੰਦਾ ਹੈ। ਉਹਨਾਂ ਕਿਹਾ ਕਿ ਅੱਜ ਕਈ ਕਿਸਾਨਾਂ ਦੇ ਘਰਾਂ ਵਿੱਚ ਪਸ਼ੂ ਹੀ ਨਹੀ ਹਨ । ਉਹ ਬਜਾਰੋਂ ਦਾਲਾਂ ਅਤੇ ਸਬਜੀਆਂ ਖਰੀਦ ਕੇ ਲਿਆਉਦੇ ਹਨ ।
ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਕਹਿੰਦੇ ਹਨ ਕਿ ਸਿਰਫ ਕੰਕਰੀਟ ਦੇ ਢਾਂਚੇ ਦਾ ਵਿਕਾਸ ਹੀ ਨਹੀ ਹੁੰਦਾ ਸਾਨੂੰ ਗੁਰਬਾਣੀ ਵਾਲਾ ਵਿਗਾਸ ਚਾਹੀਦਾ ਹੈ। ਜਿਸ ਵਿੱਚ ਸਾਡਾ ਵਾਤਾਵਰਣ , ਸਾਡਾ ਆਲਾ ਦੁਆਲਾ, ਸਿਹਤ ਸਿਖਿੱਆ ਇਥੋਂ ਤੱਕ ਕਿ ਜਾਤ ਪਾਤ ਤੋਂ ਉੱਤੇ ਉਠ ਕੇ ਮਨ ਦਾ ਵਿਕਾਸ ਵੀ ਹੋਣਾ ਚਾਹੀਦਾ ਹੈ ।
ਸ੍ਰੀ ਜੀ ਕੇ ਸਿੰਘ ਨੇ ਕਿਹਾ ਕਿ ਖੇਤੀ ਸੰਕਟ ਤੋਂ ਉਭਰਣ ਲਈ ਕਿਸਾਨ ਸਿਰਫ ਸਰਕਾਰ ਤੇ ਨਾ ਨਿਰਭਰ ਰਹਿਣ ਉਹਨਾਂ ਨੂੰ ਸਹਿਕਾਰਤਾ ਵੱਲ ਤੁਰ ਕੇ ਆਪਣੀ ਸਮਸਿਆਵਾਂ ਦਾ ਹੱਲ ਲੱਭਣਾ ਪਵੇਗਾ। ਸੈਮੀਨਾਰ ਵਿਖੇ ਆਏ ਵਿਗਿਆਨੀਆਂ ਦੀ ਗੱਲ ਦਾ ਸਮਰਥਨ ਕਰਦਿਆਂ ਉਹਨਾਂ ਕਿਹਾ ਕਿ ਸਾਨੂੰ ਆਪਣੇ ਖਰਚੇ ਜਿੱਥੇ ਘਟਾਉਣ ਦੀ ਲੋੜ ਹੈ ਉੱਥੇ ਹੀ ਸਾਨੂੰ ਆਪਣੀ ਆਮਦਨ ਵੀ ਵਧਾਣੀ ਪਵੇਗੀ ਨਾਲ ਹੀ ਜੀਣ ਦਾ ਤਰੀਕਾ ਵੀ ਬਦਲਨਾ ਪਵੇਗਾ ਜਿਸ ਨਾਲ ਸਾਡੀ ਅਤੇ ਸਾਡੇ ਬੱਚਿਆਂ ਦੀ ਸਿਹਤ ਠੀਕ ਰਹੇ ।
ਇਸ ਮੌਕੇ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਤੋਂ ਬਾਅਦ ਉਹਨਾਂ ਪੰਜਾਬ ਦੀਆਂ 1100 ਕੋਆਪਰੇਟਿਵ ਸੋਸਾਇਟੀਆਂ ਵਿਖੇ ਪਟਿਆਲਾ ਵਿੱਚ ਬਣੇ ਸ਼ੇਰਗਿਲ ਫਾਰਮ ਪ੍ਰੋਡਕਟ ਬੇਚਣ ਦੇ ਨਿਰਦੇਸ਼ ਵੀ ਜਾਰੀ ਕੀਤੇ ਹਨ ।
ਇਸ ਮੌਕੇ ਕਿਸਾਨਾਂ ਨੂੰ ਇੰਟਰਨੈਟ ਅਤੇ ਮੋਬਾਇਲ ਐਪਲੀਕੇਸ਼ਨ ਰਾਹੀਂ ਅਗੇਤੀ ਜਾਣਕਾਰੀ ਪ੍ਰਾਪਤ ਕਰ ਕਿਸਾਨੀ ਅਤੇ ਖੇਤੀ ਸਬੰਧਤ ਕੰਮ ਧੰਦਿਆਂ ਵਿੱਚ ਅਪਨਾਉਣ ਬਾਰੇ ਮਾਹਿਰਾਂ ਨੇ ਪ੍ਰੈਜ਼ੈਨਟੇਸ਼ਨ ਦਿੱਤੀ। ਫੁੱਲਾਂ ਦੀ ਖੇਤੀ ਵਿੱਚ ਕੌਮੀ ਅਵਾਰਡ ਨਾਲ ਸਨਮਾਨਿਤ ਅਗਾਂਹ ਵਧੂ ਕਿਸਾਨ ਸ੍ਰੀ ਗੁਰਪ੍ਰੀਤ ਸ਼ੇਰਗਿਲ ਨੇ ਦੱਸਿਆ ਕਿ ਕਿਵੇਂ ਉਹ ਇਕ ਸਧਾਰਣ ਕਿਸਾਨ ਤੋਂ ਕੌਮੀ ਪੱਧਰ ਤੇ ਪੁੱਜੇ ਹਨ ।
ਇਸ ਮੌਕੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਡਾਇਰੈਕਟਰ ਪ੍ਰਸਾਰ ਸਿੱਖਿਆ ਡਾ.ਆਰ.ਐਸ.ਸਿੱਧੂ, ਡਾ: ਇੰਦਰਜੀਤ ਸਿੰਘ ਡਾਇਰੈਕਟਰ ਮੱਝ ਕੇਂਦਰ ਹਿਸਾਰ, ਸ੍ਰੀ ਗੁਰਦਿੱਤ ਸਿੰਘ ਰਾਏ ਡੀ.ਆਰ. ਕੋਪਰੇਟਿਵ ਸੋਸਾਈਟੀਜ਼, ਸ੍ਰੀ ਰਾਜਬੀਰ ਸਿੰਘ ਡਾਇਰੈਕਟਰ ਐਗਰੀਕਲਚਰ ਟੈਕਨਾਲੋਜੀ ਐਂਡ ਐਗਰੀਕਲਚਰ ਰਿਸਰਚ ਇੰਸਟੀਚਿਊਟ, ਡਾ: ਬਹਾਦੁਰ ਸਿੰਘ ਸੀਨੀਅਰ ਏਰੀਆ ਮੈਨੇਜਰ ਇਫਕੋ, ਸ੍ਰੀ ਤਰਨਪ੍ਰੀਤ ਸਿੰਘ, ਸ੍ਰੀ ਐਨ. ਐਸ. ਸ਼ੇਰਗਿਲ ਜਾਇੰਟ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਸ੍ਰੀ ਪਰਮਿੰਦਰ ਗ੍ਰੇਵਾਲ ਡਿਪਟੀ ਡਾਇਰੈਕਟਰ ਸ੍ਰੀ ਹਰਦਿਆਲ ਸਿੰਘ ਚੱਠਾ ਅਤੇ ਆਈ.ਐਨ.ਏ .ਆਰ .ਆਈ ਦੇ ਡਾ. ਰਾਜਵੀਰ ਸਿੰਘ ਵੀ ਮੌਜੂਦ ਸਨ ।