ਗਿੱਦੜਬਾਹਾ, 15 ਮਾਰਚ, 2017 : ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਤੱਕ ਪੰਜਾਬ ਵਿਚ 25 ਸਾਲ ਰਾਜ ਕਰਨ ਦਾ ਦਾਅਵਾ ਕਰਨ ਵਾਲੇ ਸੁਖਬੀਰ ਬਾਦਲ ਨੇ ਹੁਣ ਬਿਆਨ ਬਦਲ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹਲਕਾ ਗਿੱਦੜਬਾਹਾ ਵਿਚ ਹੋਈ ਹਾਰ ਤੋਂ ਬਾਅਦ ਸੁਖਬੀਰ ਬਾਦਲ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਨਿਵਾਸ ‘ਤੇ ਵਰਕਰਾਂ ਨਾਲ ਮੀਟਿੰਗ ਕਰਨ ਪੁੱਜੇ। ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਆਪਣੇ ਮਜ਼ਾਕੀਆ ਅੰਦਾਜ਼ ਵਿਚ ਆਪਣੀ ਵਿਉਂਤ ਦਾ ਖੁਲਾਸਾ ਕਰਦਿਆਂ ਕਿਹਾ ਕਿ ਉਹ 25 ਰਾਜ ਜ਼ਰੂਰ ਕਰਨਗੇ ਪਰ 10-10 ਸਾਲ ਦਾ ਗੈਪ ਪਾ ਕੇ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੂਰੇ ਪੰਜਾਬ ਅੰਦਰ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਤੋਂ ਬਾਅਦ ਵਰਕਰ ਆਪਣਾ ਹੌਂਸਲਾ ਨਾ ਛੱਡਣ।
ਸੂਬੇ 'ਚ 25 ਸਾਲ ਰਾਜ ਕਰਨ ਦੀ ਗੱਲ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਨੇ ਆਪਣੇ ਇਸ ਜੁਮਲੇ ‘ਤੇ ਕਿਹਾ ਕਿ ਉਹ ਲਗਾਤਾਰ 10 ਸਾਲ ਪੰਜਾਬ ਅੰਦਰ ਰਾਜ ਕਰ ਚੁੱਕੇ ਹਨ ਅਤੇ ਹੁਣ 5 ਸਾਲ ਲਈ ‘ਰੈਸਟ’ ਤੇ ਹਨ ਅਤੇ ਇੰਨਾਂ ਪੰਜਾਂ ਸਾਲਾਂ ਬਾਅਦ ਅਗਲੇ 10 ਸਾਲ ਮੁੜ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ/ਭਾਜਪਾ ਦੀ ਸਰਕਾਰ ਹੋਵੇਗੀ। ਉਨ੍ਹਾਂ ਕਿਹਾ ਕਿ ਗਿੱਦੜਬਾਹਾ ਸਮੇਤ ਪੂਰੇ ਪੰਜਾਬ ਦਾ ਜੋ ਵਿਕਾਸ ਉਨ੍ਹਾਂ ਦੀ ਸਰਕਾਰ ਵਿਚ ਹੋਇਆ ਉਸ ਦਾ ਰੱਤੀ ਭਰ ਵੀ ਕਾਂਗਰਸ ਪਾਰਟੀ ਨਹੀਂ ਕਰ ਸਕੇਗੀ। ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਵੱਲੋਂ ਰਾਜ ਦੇ ਨੌਜਵਾਨਾਂ ਨੂੰ ਨੌਕਰੀਆਂ ਅਤੇ ਸਮਾਰਟ ਫੋਨ ਆਦਿ ਦੇ ਵਾਅਦੇ ਕਿੰਨੇ ਵਫਾ ਹੁੰਦੇ ਹਨ ਦੇ ਸੰਬੰਧ ਵਿਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਉਕਤ ਵਾਅਦੇ ਸਿਰਫ ਵਾਅਦੇ ਹੀ ਰਹਿ ਜਾਣਗੇ ਅਤੇ ਅਗਲੇ ਪੰਜ ਸਾਲਾਂ ਵਿਚ ਰਾਜ ਦੇ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਗੱਪ’ ਕੌਣ ਮਾਰਦਾ ਹੈ।
ਇਸ ਮੌਕੇ ਸੁਖਬੀਰ ਸਿੰਘ ਬਾਦਲ ਨੂੰ ਪੱਤਰਕਾਰਾਂ ਵੱਲੋਂ ਇਹ ਪੁੱਛੇ ਜਾਣ 'ਤੇ ਕਿ ਸ੍ਰੋਮਣੀ ਅਕਾਲੀ ਦਲ ਬਾਦਲ ਰਾਜ 'ਚ ਤੀਜੇ ਸਥਾਨ 'ਤੇ ਜਾ ਪੁੱਜੀ ਦੇ ਸੰਬੰਧ 'ਚ ਬਾਦਲ ਨੇ ਕਿਹਾ ਕਿ ਉਹ ਤੀਜੀ ਥਾਂ 'ਤੇ ਨਹੀਂ ਸਗੋਂ ਦੂਜੇ ਸਥਾਨ 'ਤੇ ਹਨ, ਕਾਂਗਰਸ ਨੂੰ 38 ਫੀਸਦੀ ਵੋਟ ਬੈਂਕ ਪ੍ਰਾਪਤ ਹੋਇਆ ਹੈ, ਸ੍ਰੋਮਣੀ ਅਕਾਲੀ ਦਲ ਨੂੰ 31 ਫੀਸਦੀ ਵੋਟ ਬੈਂਕ ਪ੍ਰਾਪਤ ਹੋਇਆ ਹੈ ਜਦੋਂਕਿ ਆਮ ਆਦਮੀ ਪਾਰਟੀ ਨੂੰ ਤੀਜੇ ਸਥਾਨ 'ਤੇ ਸਿਰਫ 23 ਫੀਸਦੀ ਵੋਟ ਬੈਂਕ ਹੀ ਪ੍ਰਾਪਤ ਹੋ ਸਕਿਆ ਹੈ।