ਚੰਡੀਗੜ੍ਹ, 11 ਮਾਰਚ, 2017 : ਪੰਜਾਬ 'ਚ ਕਾਂਗਰਸ ਦੀ ਵੱਡੀ ਤੇ ਨਿਰਣਾਂਇਕ ਜਿੱਤ ਤੋਂ ਉਤਸਾਹਿਤ ਕੈਪਟਨ ਅਮਰਿੰਦਰ ਸਿੰਘ ਨੇ ਇਸਨੂੰ ਸੂਬੇ ਦੇ ਲੋਕਾਂ ਦੇ ਨਾਲ ਨਾਲ ਪਾਰਟੀ ਹਾਈ ਕਮਾਂਡ ਤੇ ਉਸਦੇ ਵਰਕਰਾਂ ਦੀਆਂ ਸਮੂਹਿਕ ਕੋਸ਼ਿਸ਼ਾਂ ਦਾ ਨਤੀਜ਼ਾ ਕਰਾਰ ਦਿੰਦਿਆਂ, ਹਾਲੇ 'ਚ ਸੰਪੂਰਨ ਹੋਈਆਂ ਵਿਧਾਨ ਸਭਾ ਚੋਣਾਂ 'ਚ ਸਪੱਸ਼ਟ ਬਹੁਮਤ ਦੇਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ।
ਚੋਣਾਂ ਦੇ ਨਤੀਜ਼ਿਆਂ ਤੋਂ ਬਾਅਦ ਇਥੇ ਆਪਣੇ ਨਿਵਾਸ 'ਤੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਏ.ਆਈ.ਸੀ.ਸੀ ਪ੍ਰਧਾਨ ਸੋਨੀਆ ਗਾਂਧੀ ਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਅਤੇ ਕਾਂਗਰਸ ਪਰਿਵਾਰ ਦੇ ਹੋਰ ਸਾਰੇ ਮੈਂਬਰਾਂ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਪਾਰਟੀ ਦੀ ਜਬਰਦਸਤ ਜਿੱਤ 'ਚ ਯੋਗਦਾਨ ਦਿੱਤਾ ਹੈ। ਉਨ੍ਹਾਂ ਨੇ ਪਾਰਟੀ ਦੀ ਸ਼ਾਨਦਾਰ ਜਿੱਤ ਨੂੰ ਅਕਾਰ ਦੇਣ 'ਚ ਆਈਪੈਕ ਟੀਮ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ ਹੈ।
ਇਸ ਲੜੀ ਹੇਠ, ਸਵੇਰੇ ਤੜਕੇ ਤੋਂ ਅੰਤਿਮ ਪਲਾਂ ਦਾ ਇੰਤਜ਼ਾਰ ਕਰ ਰਹੇ ਮੀਡੀਆ ਨਾਲ ਗੱਲਬਾਤ 'ਚ, ਕੈਪਟਨ ਅਮਰਿੰਦਰ ਨੇ ਐਲਾਨ ਕੀਤਾ ਕਿ ਉਹ ਜ਼ਲਦੀ ਹੀ ਰਾਹੁਲ ਗਾਂਧੀ ਨਾਲ ਮਿੱਲ ਕੇ ਕੈਬਿਨੇਟ ਦੇ ਗਠਨ ਨੂੰ ਲੈ ਕੇ ਆਪਣੀਆਂ ਸਿਫਾਰਿਸ਼ਾਂ ਸੌਂਪਣਗੇ। ਇਕ ਸਵਾਲ ਦੇ ਜਵਾਬ 'ਚ, ਉਨ੍ਹਾਂ ਨੇ ਕਿਹਾ ਕਿ ਡਿਪਟੀ ਮੁੱਖ ਮੰਤਰੀ ਦੇ ਮੁੱਦੇ 'ਤੇ ਫੈਸਲਾ ਵੀ ਪਾਰਟੀ ਮੀਤ ਪ੍ਰਧਾਨ ਵੱਲੋਂ ਲਿਆ ਜਾਵੇਗਾ।
ਇਸ ਮੌਕੇ ਦੂਜੀ ਵਾਰ ਪੰਜਾਬ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਜਾ ਰਹੇ ਕੈਪਟਨ ਅਮਰਿੰਦਰ ਨੇ ਆਪਣੇ 75ਵੇਂ ਜਨਮ ਦਿਨ ਮੌਕੇ ਲੋਕਾਂ ਵੱਲੋਂ ਦਿੱਤੇ ਗਏ ਵੱਡੇ ਜਨਾਦੇਸ਼ ਨੂੰ ਨਿਰਮਤਾਪੂਰਵਕ ਕੇ ਸਵੀਕਾਰ ਕੀਤਾ ਹੈ। ਉਨ੍ਹਾਂ ਨੇ ਵਾਅਦਾ ਕੀਤਾ ਕਿ ਆਪਣੀ ਪਹਿਲੀ ਕੈਬਿਨੇਟ ਦੀ ਮੀਟਿੰਗ 'ਚ ਉਨ੍ਹਾਂ ਦੀ ਸਰਕਾਰ 100 ਤੋਂ ਵੱਧ ਅਹਿਮ ਫੈਸਲੇ ਲਵੇਗੀ, ਜਿਨ੍ਹਾਂ ਦਾ ਕੋਈ ਵਿੱਤੀ ਪ੍ਰਭਾਵ ਨਹੀਂ ਹੋਵੇਗਾ। ਉਨ੍ਹਾਂ ਨੇ ਸੱਤਾ 'ਚ ਆਉਣ ਤੋਂ ਚਾਰ ਹਫਤਿਆਂ ਅੰਦਰ ਨਸ਼ਾਖੋਰੀ ਦਾ ਅੰਤ ਕਰਨ ਅਤੇ ਇਸ ਸਮੱਸਿਆ ਨੂੰ ਪੈਦਾ ਕਰਨ ਲਈ ਦੋਸ਼ੀ ਪਾਏ ਜਾਣ ਵਾਲੇ ਹਰੇਕ ਵਿਅਕਤੀ ਨੂੰ ਨਿਆਂ ਦਾ ਸਾਹਮਣਾ ਕਰਵਾਉਣ ਸਬੰਧੀ ਆਪਣਾ ਚੋਣ ਵਾਅਦਾ ਦੁਹਰਾਹਿਆ, ਜਿਸਨੇ ਪੰਜਾਬ ਲੱਖਾਂ ਨੌਜ਼ਵਾਨਾਂ ਦੀਆਂ ਜ਼ਿੰਦਗੀਆਂ ਤਬਾਹ ਕਰ ਦਿੱਤੀਆਂ ਹਨ।
ਪੰਜਾਬ ਕਾਂਗਰਸ ਪ੍ਰਧਾਨ ਨੇ ਚੋਣਾਂ ਦੇ ਨਤੀਜ਼ਿਆਂ ਨੂੰ ਸਥਿਰਤਾ ਤੇ ਵਿਕਾਸ ਲਈ ਜਨਤਾ ਦਾ ਆਦੇਸ਼ ਕਰਾਰ ਦਿੰਦਿਆਂ, ਸਿੱਖਿਆ ਤੇ ਸਿਹਤ 'ਤੇ ਸਰਕਾਰ ਵੱਲੋਂ ਤੁਰੰਤ ਧਿਆਨ ਦੇਣ ਦੀ ਗੱਲ ਆਖੀ। ਸਵਾਲਾਂ ਦੇ ਜਵਾਬ 'ਚ, ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਕਾਂਗਰਸ ਦੇ ਚੋਣ ਮਨੋਰਥ ਪੱਤਰ 'ਚ ਦਿੱਤੇ ਗਏ ਨੌ ਨੁਕਤਿਆਂ ਪ੍ਰਤੀ ਵਚਨਬੱਧ ਹਨ ਅਤੇ ਬਗੈਰ ਦੇਰੀ ਇਨ੍ਹਾਂ ਨੂੰ ਲਾਗੂ ਕਰਨ 'ਤੇ ਕੰਮ ਸ਼ੁਰੂ ਕਰ ਦੇਣਗੇ।
ਕੈਪਟਨ ਅਮਰਿੰਦਰ ਨੇ ਜ਼ਿਆਦਾਤਰ ਚੋਣ ਸਰਵੇਖਣਾਂ ਦੇ ਅਨੁਮਾਨਾਂ ਦੇ ਸਬੰਧ 'ਚ, ਕਾਂਗਰਸ ਦੀ ਜਿੱਤ ਅਤੇ ਆਮ ਆਦਮੀ ਪਾਰਟੀ ਦੀ ਗੈਰ ਅਨੁਮਾਨਿਤ ਹਾਰ 'ਚ ਯੋਗਦਾਨ ਦੇਣ ਵਾਲੇ ਕਾਰਨਾਂ ਬਾਰੇ ਪੁੱਛੇ ਜਾਣ 'ਤੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਤੋਂ ਜ਼ੋਰ ਦਿੱਤਾ ਹੈ ਕਿ ਪੰਜਾਬ ਦੇ ਵੋਟਰ ਬਹੁਤ ਸਮਝਦਾਰ ਹਨ ਅਤੇ ਉਨ੍ਹਾਂ ਨੇ ਆਪ ਦੇ ਝੂਠਾਂ ਨੂੰ ਚੰਗੀ ਤਰ੍ਹਾਂ ਸਮਝ ਲਿਆ ਸੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵੋਟਰਾਂ ਵੱਲੋਂ ਪੂਰੀ ਤਰ੍ਹਾਂ ਖਾਰਿਜ਼ ਕੀਤੇ ਜਾਣ ਨਾਲ ਆਪ ਦਾ ਗੁਬਾਰਾ ਫੁੱਟ ਗਿਆ ਹੈ ਅਤੇ ਇਸ ਦਿਸ਼ਾ 'ਚ, ਮੋੜ ਬਲਾਸਟ ਦੇ ਨਾਲ ਨਾਲ ਆਪ ਦੇ ਕਥਿਤ ਉਗਰਵਾਦੀ ਸਬੰਧਾਂ ਨੇ ਅਰਵਿੰਦ ਕੇਜਰੀਵਾਲ ਦੀ ਪਾਰਟੀ ਖਿਲਾਫ ਵੀ ਕੰਮ ਕੀਤਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਡੇਰਾ ਸਮਰਥਨ ਦੇ ਮੁੱਦੇ ਤੋਂ ਬਾਅਦ ਲੋਕਾਂ ਦੀ ਪ੍ਰਤੀਕ੍ਰਿਆ ਨੇ ਕਾਂਗਰਸ ਦੇ ਹੱਕ 'ਚ ਕੰਮ ਕੀਤਾ ਅਤੇ ਪੰਜਾਬ ਦੇ ਵੋਟਰਾਂ ਨੇ ਕਾਂਗਰਸ ਉਪਰ ਭਰੋਸਾ ਪ੍ਰਗਟਾਇਆ, ਜਿਹੜੀ ਸੂਬੇ ਨੂੰ ਇਕ ਸਥਿਰ ਤੇ ਤਰੱਕੀਸ਼ੀਲ ਸ਼ਾਸਨ ਦੇਣ ਵਾਸਤੇ ਜ਼ਰੂਰੀ ਤਜ਼ੁਰਬਾ ਤੇ ਮਜ਼ਬੂਤੀ ਰੱਖਣ ਵਾਲੀ ਇਕੋਮਾਤਰ ਪਾਰਟੀ ਹੈ।
ਇਕ ਸਵਾਲ ਦੇ ਜਵਾਬ 'ਚ, ਕੈਪਟਨ ਅਮਰਿੰਦਰ ਨੇ ਉਮੀਦ ਪ੍ਰਗਟਾਈ ਕਿ ਪੰਜਾਬ ਨੂੰ ਵਿਕਾਸ ਦੇ ਏਜੰਡੇ 'ਤੇ ਅੱਗੇ ਲਿਜਾਣ ਲਈ ਉਨ੍ਹਾਂ ਦੀ ਸਰਕਾਰ ਨੂੰ ਨਰਿੰਦਰ ਮੋਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੋਂ ਸਮਰਥਨ ਮਿਲੇਗਾ।
ਸਵੇਰ ਤੋਂ ਆਪਣੇ ਕੁਝ ਨਜ਼ਦੀਕੀ ਸਾਥੀਆਂ ਤੇ ਪਰਿਵਾਰਿਕ ਮੈਂਬਰਾਂ ਨਾਲ ਇਥੇ ਵਿਧਾਨ ਸਭਾ ਚੋਣਾਂ ਦੇ ਨਤੀਜੇ ਤੇ ਕਾਉਂਟਿੰਗ 'ਤੇ ਨਜ਼ਰ ਰੱਖ ਰਹੇ, ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਆਪਣਾ ਐਮ.ਐਲ.ਏ ਸਰਟੀਫਿਕੇਟ ਲੈਣ ਅਤੇ ਉਨ੍ਹਾਂ 'ਤੇ ਭਰੋਸਾ ਪ੍ਰਗਟਾਉਣ ਵਾਲੇ ਵੋਟਰਾਂ ਦਾ ਵਿਅਕਤੀਗਤ ਤੌਰ 'ਤੇ ਧੰਨਵਾਦ ਪ੍ਰਗਟ ਕਰਨ ਲਈ, ਆਪਣੇ ਵਿਧਾਨ ਸਭਾ ਹਲਕੇ ਤੇ ਘਰੇਲੂ ਸ਼ਹਿਰ ਪਟਿਆਲਾ ਵੱਲ ਰਵਾਨਾ ਹੋਣ ਤੋਂ ਪਹਿਲਾਂ ਪਾਰਟੀ ਵਰਕਰਾਂ ਨਾਲ ਇਸ ਯਾਦਗਾਰ ਜਿੱਤ ਦੇ ਜਸ਼ਨ 'ਚ ਹਿੱਸਾ ਲਿਆ।