ਚੰਡੀਗੜ੍ਹ, 19 ਮਾਰਚ, 2017 : ਪੰਜਾਬ ਕਾਂਗਰਸ ਨੇ ਆਮ ਆਦਮੀ ਪਾਰਟੀ ਦੇ ਕੈਬਨਿਟ ਦੀ ਪਲੇਠੀ ਮੀਟਿੰਗ ਦੇ ਫੈਸਲਿਆਂ ਉਪਰ ਕੇਜਰੀਵਾਲ ਦਾ ਦਬਾਅ ਹੋਣ ਸਬੰਧੀ ਦਾਅਵੇ ਦਾ ਹਾਸਾ ਉਡਾਉਂਦਿਆਂ, ਸੂਬੇ ਦੀ ਮੁੱਖ ਵਿਰੋਧੀ ਪਾਰਟੀ ਨੂੰ ਵਿਧਾਨ ਸਭਾ ਚੋਣਾਂ 'ਚ ਭਾਰੀ ਹਾਰ ਤੋਂ ਬਾਅਦ ਲੋਕਾਂ ਦੀਆਂ ਨਜਰਾਂ 'ਚ ਬਣੇ ਰਹਿਣ ਵਾਸਤੇ ਅਜਿਹਾ ਬੇਤੁਕਾ ਤੇ ਨਿਰਾਧਾਰ ਵਤੀਰਾ ਅਪਣਾਉਣ ਤੋਂ ਬੱਚਣ ਲਈ ਕਿਹਾ ਹੈ।
ਇਥੇ ਐਤਵਾਰ ਨੂੰ ਜ਼ਾਰੀ ਇਕ ਬਿਆਨ 'ਚ, ਪੰਜਾਬ ਕਾਂਗਰਸ ਦੇ ਬੁਲਾਰੇ ਨੇ ਕਿਹਾ ਕਿ ਵੋਟਿੰਗ ਵਾਲੇ ਦਿਨ ਕੇਜਰੀਵਾਲ ਦਾ ਤਥਾ ਕਥਿਤ ਪ੍ਰਭਾਵ ਗਾਇਬ ਹੋ ਗਿਆ ਸੀ ਤੇ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਦੀ ਪਾਰਟੀ ਦੇ ਪੱਖ 'ਚ ਵੋਟ ਨਹੀਂ ਦਿੱਤੀ ਸੀ।
ਬੁਲਾਰੇ ਨੇ ਕਿਹਾ ਕਿ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਵੋਟਰਾਂ ਦੇ ਦਿਲਾਂ ਤੇ ਦਿਮਾਗਾਂ 'ਚ ਕੋਈ ਵੀ ਪ੍ਰਭਾਵ ਛੱਡਣ 'ਚ ਨਾਕਾਮ ਰਹੀ ਆਪ ਹੁਣ ਨਾਸਮਝੀ ਵਾਲੀ ਡਰਾਮੇਬਾਜੀ ਕਰਕੇ ਤੇ ਹੱਸਣਯੋਗ ਬਿਆਨ ਦੇ ਕੇ ਨਿਰਾਸ਼ਾਪੂਰਨ ਤਰੀਕੇ ਨਾਲ ਆਪਣਾ ਚੇਹਰਾ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਆਪ ਨੂੰ ਸੂਬੇ ਦੇ ਹਿੱਤ 'ਚ ਸਾਕਾਰਾਤਮਕ ਤਰੀਕੇ ਨਾਲ ਇਕ ਰਚਨਾਤਮਕ ਵਿਰੋਧੀ ਧਿਰ ਵਜੋਂ ਕੰਮ ਕਰਨਾ ਚਾਹੀਦਾ ਹੈ, ਪਰ ਅਜਿਹੀਆਂ ਹਰਕਤਾਂ ਤੋਂ ਪ੍ਰਤੀਤ ਹੁੰਦਾ ਹੈ ਕਿ ਪਾਰਟੀ ਨੇ ਨਾਕਾਰਾਤਮਕ ਨੀਤੀ ਅਪਣਾ ਲਈ ਹੈ। ਜਿਸ 'ਤੇ, ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਅਜਿਹੀਆਂ ਬੇਵਕੁਫਾਨਾ ਖੇਡਾਂ ਤੋਂ ਤੰਗ ਆ ਚੁੱਕੇ ਹਨ ਅਤੇ ਉਹ ਸਿਰਫ ਚੰਗਾ ਸ਼ਾਸਨ ਚਾਹੁੰਦੇ ਹਨ, ਜਿਸ ਵਾਸਤੇ ਉਨ੍ਹਾਂ ਨੇ ਅਜਿਹਾ ਵੱਡਾ ਬਹੁਮਤ ਦੇ ਕੇ ਕਾਂਗਰਸ ਨੂੰ ਸੱਤਾ ਸੌਂਪੀ ਹੈ।
ਇਸ ਲੜੀ ਹੇਠ, ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਸਹੁੰ ਚੁੱਕ ਸਮਾਰੋਹ ਦੌਰਾਨ ਆਪ ਆਗੂਆਂ ਵੱਲੋਂ ਆਪਣੇ ਵਿਧਾਇਕ ਦਲ ਦੇ ਲੀਡਰ ਐਚ.ਐਸ ਫੂਲਕਾ ਦੀ ਅਗਵਾਈ ਹੇਠ ਰੱਚੇ ਡਰਾਮੇ ਦਾ ਜ਼ਿਕਰ ਕਰਦਿਆਂ, ਬੁਲਾਰੇ ਨੇ ਕਿਹਾ ਕਿ ਸਾਫ ਤੌਰ 'ਤੇ ਕੇਜਰੀਵਾਲ ਦੀ ਪਾਰਟੀ ਸੂਬੇ ਦੀ ਭਲਾਈ ਨੂੰ ਵਾਧਾ ਦੇਣ ਦੀ ਇੱਛਾ ਖੋਹ ਚੁੱਕੀ ਹੈ। ਇਨ੍ਹਾਂ ਦਾ ਧਿਆਨ ਆਪਣੀ ਪਾਰਟੀ ਦੀ ਕਿਸਮਤ ਨੂੰ ਮੁੜ ਜਗਾਉਣ ਦੀ ਨਿਰਾਸ਼ਾਪੂਰਨ ਕੋਸ਼ਿਸ਼ ਤਹਿਤ ਸਿਰਫ ਲੋਕਾਂ ਦੀਆਂ ਨਜ਼ਰਾਂ 'ਚ ਬਣੇ ਰਹਿਣ 'ਚ ਪ੍ਰਤੀਤ ਹੁੰਦਾ ਹੈ, ਜਿਸਨੂੰ ਹਾਲੇ 'ਚ ਸੰਪੂਰਨ ਹੋਈਆਂ ਪੰਜਾਬ ਤੇ ਗੋਆ ਵਿਧਾਨ ਸਭਾ ਚੋਣਾਂ 'ਚ ਆਪਣੇ ਬੁਰੇ ਪ੍ਰਦਰਸ਼ਨ ਕਾਰਨ ਇਕ ਵੱਡਾ ਝਟਕਾ ਲੱਗਿਆ ਹੈ। ਬੁਲਾਰੇ ਨੇ ਆਪ ਉਪਰ ਪੰਜਾਬ ਦੇ ਲੋਕਾ ਪ੍ਰਤੀ ਕੋਈ ਇਮਾਨਦਾਰੀ ਨਹੀਂ ਰੱਖਣ ਦਾ ਦੋਸ਼ ਲਗਾਇਆ ਹੈ।
ਬੁਲਾਰੇ ਨੇ ਕਿਹਾ ਕਿ ਆਪ 'ਚ ਗੰਭੀਰਤਾ ਤੇ ਇਮਾਨਦਾਰੀ ਦੀ ਘਾਟ ਦਾ ਇਸ ਸੱਚਾਈ ਤੋਂ ਖੁਲਾਸਾ ਹੁੰਦਾ ਹੈ ਕਿ ਲੋਕਾਂ ਦਾ ਧਿਆਨ ਖਿੱਚਣ ਵਾਸਤੇ ਇਸਦੇ ਆਗੂ ਕਿਸੇ ਵੀ ਪੱਧਰ ਤੱਕ ਡਿੱਗਣ ਲਈ ਤਿਆਰ ਹਨ, ਜਿਹੜੇ ਇਹ ਨਹੀਂ ਸਮਝ ਰਹੇ ਹਨ ਕਿ ਇਸ ਪ੍ਰੀਕ੍ਰਿਆ 'ਚ ਉਹ ਖੁਦ ਨੂੰ ਬੇਵਕੂਫ ਬਣਾ ਰਹੇ ਹਨ। ਇਸ ਦਿਸ਼ਾ 'ਚ, ਵਾਹਨਾਂ ਉਪਰੋਂ ਲਾਲ ਬੱਤੀਆਂ ਹਟਾਉਣ ਸਮੇਤ ਕੈਬਨਿਟ ਤੇ ਹੋਰ ਮੁੱਖ ਫੈਸਲਿਆਂ ਦਾ ਲਾਹਾ ਲੈਣ ਦੀ ਕਿਸ਼ਸ਼ ਕਰਦਿਆਂ, ਆਪ ਨੇ ਨਾ ਸਿਰਫ ਇਸ ਉੱਚ ਸੰਸਥਾ ਪ੍ਰਤੀ ਸਿਆਸੀ ਕਪਟਤਾ ਦਾ ਪ੍ਰਦਰਸ਼ਨ ਕੀਤਾ ਹੈ, ਸਗੋਂ ਇਕ ਬਾਹਰੀ ਪਾਰਟੀ ਵਜੋਂ ਆਪਣਾ ਭਾਂਡਾਫੋੜ ਕਰ ਦਿੱਤਾ ਹੈ, ਜਿਸਦੀ ਲੋਕਾਂ ਪ੍ਰਤੀ ਕੋਈ ਵਚਨਬੱਧਤਾ ਨਹੀਂ ਹੈ ਅਤੇ ਪਾਰਟੀ ਇਹ ਕੋਸ਼ਿਸ਼ ਪੰਜਾਬ ਦੀ ਧਰਤੀ ਉਪਰ ਕਦਮ ਰੱਖਣ ਤੋਂ ਬਾਅਦ ਤੋਂ ਅਸਫਲਤਾਪੂਰਵਕ ਕਰ ਰਹੀ ਹੈ।
ਬੁਲਾਰੇ ਨੇ ਫੂਲਕਾ ਦੇ ਬਿਆਨ ਦਾ ਜ਼ਿਕਰ ਕਰਦਿਆਂ ਕਿ ਕੈਬਨਿਟ ਦੇ ਫੈਸਲੇ ਚੋਣਾਂ ਤੋਂ ਬਾਅਦ ਕੇਜਰੀਵਾਲ ਵੱਲੋਂ ਬਣਾਏ ਨੈਤਿਕ ਦਬਾਅ ਤੋਂ ਪ੍ਰਭਾਵਿਤ ਹਨ, ਆਪ ਵਿਧਾਇਕ ਦਲ ਦੇ ਲੀਡਰ ਉਪਰ ਆਪਣਾ ਮੂੰਹ ਖੋਲ੍ਹਣ ਤੋਂ ਪਹਿਲਾਂ ਕਾਂਗਰਸ ਮੈਨਿਫੈਸਟੋ ਨੂੰ ਜਾਂਚਣ ਦੀ ਕੋਸ਼ਿਸ਼ ਨਹੀਂ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਕੈਬਨਿਟ ਵੱਲੋਂ ਲਏ ਗਏ ਸਾਰੇ ਫੈਸਲੇ ਕਾਂਗਰਸ ਮੈਨਿਫੈਸਟੋ 'ਚ ਕੀਤੇ ਗਏ ਵਾਅਦਿਆਂ 'ਤੇ ਅਧਾਰਿਤ ਹਨ, ਜਿਨ੍ਹਾਂ ਨੂੰ ਆਪ ਨੇ ਨਿਰਾਸ਼ਾਪੂਰਵਕ ਸੂਬੇ ਲਈ ਚੋਣ ਏਜੰਡੇ 'ਚ ਸ਼ਾਮਿਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਜਦਕਿ ਕਾਂਗਰਸ ਦਾ ਮੈਨਿਫੈਸਟੋ ਕਈ ਮਹੀਨੇ ਪਹਿਲਾਂ ਹੀ ਤਿਆਰ ਹੋ ਗਿਆ ਸੀ।
ਉਨ੍ਹਾਂ ਨੇ ਕਿਹਾ ਕਿ ਫੂਲਕਾ ਨੇ ਕੈਬਨਿਟ ਦੇ ਫੈਸਲਿਆਂ ਨੂੰ ਆਪ ਦੀ ਜਿੱਤ ਦੱਸ ਕੇ ਨਾ ਸਿਰਫ ਖੁਦ 'ਚ ਸਿਆਸੀ ਕਾਬਲਿਅਤ ਦੀ ਗੈਰ ਮੌਜ਼ੂਦਗੀ ਨੂੰ ਪੇਸ਼ ਕਰ ਦਿੱਤਾ ਹੈ, ਸਗੋਂ ਇਹ ਦਿਖਾ ਦਿੱਤਾ ਹੈ ਕਿ ਉਨ੍ਹਾਂ ਅੰਦਰ ਆਮ ਸਮਝ ਦੀ ਵੀ ਘਾਟ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕੇਜਰੀਵਾਲ ਦੀ ਪਾਰਟੀ ਨੇ ਖੁਦ ਨੂੰ ਨਹੀਂ ਸੁਧਾਰਿਆ, ਤਾਂ ਇਨ੍ਹਾਂ ਚੋਣਾਂ 'ਚ ਪਹਿਲਾਂ ਤੋਂ ਇਨ੍ਹਾਂ ਨੂੰ ਨਕਾਰ ਚੁੱਕੇ ਪੰਜਾਬ ਦੇ ਲੋਕ ਇਹ ਪੁਖਤਾ ਕਰਨਗੇ ਕਿ ਆਪ ਦੇਸ਼ ਦੇ ਸਿਆਸੀ ਨਕਸ਼ੇ ਤੋਂ ਪੂਰੀ ਤਰ੍ਹਾਂ ਗਾਇਬ ਹੋ ਜਾਵੇ।
ਬੁਲਾਰੇ ਨੇ ਫੂਲਕਾ ਦੇ ਉਸ ਵਿਚਾਰ ਨੂੰ ਪੂਰੀ ਤਰ੍ਹਾਂ ਨਾਲ ਤਰਕਹੀਣ ਕਰਾਰ ਦਿੱਤਾ ਹੈ ਕਿ ਕਾਂਗਰਸ ਵੱਲੋਂ ਹੋਰ ਸੂਬਿਆਂ 'ਚ ਲਾਲ ਬੱਤੀਆਂ ਨੂੰ ਨਾ ਹਟਾਉਣਾ ਸਾਬਤ ਕਰਦਾ ਹੈ ਕਿ ਪੰਜਾਬ ਅੰਦਰ ਉਸਦਾ ਇਹ ਕਦਮ ਕੇਜਰੀਵਾਲ ਦੇ ਇਸ ਸਬੰਧੀ ਦਬਾਅ ਦਾ ਨਤੀਜ਼ਾ ਹੈ। ਜਿਸ 'ਤੇ, ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਪੰਜਾਬ ਕਾਂਗਰਸ ਦਾ ਮੈਨਿਫੈਸਟੋ ਸੂਬੇ 'ਤੇ ਧਿਆਨ ਕੇਂਦਰਿਤ ਕਰਦਾ ਹੈ, ਇਸਦਾ ਸਬੰਧ ਪਾਰਟੀ ਵੱਲੋਂ ਕਿਥੇ ਹੋਰ ਕੀਤੇ ਜਾਂ ਨਹੀਂ ਕੀਤੇ ਜਾ ਰਹੇ ਕਾਰਜਾਂ ਨਾਲ ਨਹੀਂ ਹੈ। ਸੂਬਾ ਕਾਂਗਰਸ ਕਮੇਟੀ ਨੇ ਪੰਜਾਬ ਦੀ ਆਪ ਅਗਵਾਈ ਨੂੰ ਸੂਬਾ ਵਿਧਾਨ ਸਭਾ 'ਚ ਮੁੱਖ ਵਿਰੋਧੀ ਧਿਰ ਵਜੋਂ ਆਪਣੀ ਨਵੀਂ ਜਿੰਮੇਵਾਰੀ ਨੂੰ ਗੰਭੀਰਤਾ ਤੇ ਵਚਨਬੱਧਤਾ ਨਾਲ ਨਿਭਾਉਣ, ਨਾ ਕਿ ਇਸਦੀ ਭੂਮਿਕਾ ਦੀ ਗਰਿਮਾ ਨੂੰ ਡੇਗਣ ਦੀ ਅਪੀਲ ਕੀਤੀ ਹੈ।