ਚੰਡੀਗੜ੍ਹ, 13 ਮਾਰਚ, 2017 : ਪੰਜਾਬ ਵਿਧਾਨ ਸਭਾ ਚੋਣਾਂ ਵਿਚ ਜ਼ਬਰਦਸਤ ਹਾਰ ਮਿਲਣ ਮਗਰੋਂ ਜਿੱਥੇ ਆਮ ਆਦਮੀ ਪਾਰਟੀ ਦੇ ਜ਼ਿਆਦਾਤਰ ਉਮੀਦਵਾਰ ਚੁੱਪ ਨਜ਼ਰ ਆ ਰਹੇ ਹਨ, ਉਥੇ ਹੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਆਪਣੇ ਫਸੇਬੁਕ ਪੇਜ 'ਤੇ ਵੀਡੀਓ ਰਾਹੀਂ ਕਾਂਗਰਸ ਪਾਰਟੀ ਨੂੰ ਵਧਾਈ ਦਿੱਤੀ ਹੈ। ਭਗਵੰਤ ਮਾਨ ਨੇ ਕਿਹਾ ਕਿ ਦਹਾਕਿਆਂ ਪੁਰਾਣੀ ਪਾਰਟੀ ਅਕਾਲੀ ਦਲ ਜਿੱਥੇ ਹਾਸ਼ੀਏ 'ਤੇ ਚਲੀ ਗਈ ਹੈ, ਦੂਜੇ ਪਾਸੇ ਸਿਰਫ ਤਿੰਨ ਸਾਲ ਪਹਿਲਾਂ ਬਣੀ 'ਆਪ' ਵੱਡੀ ਪਾਰਟੀ ਬਣ ਕੇ ਉੱਭਰੀ ਹੈ। ਮਾਨ ਨੇ ਕਿਹਾ ਕਿ 'ਆਪ' ਵਿਰੋਧੀ ਧਿਰ ਦੀ ਭੂਮਿਕਾ ਬਾਖੂਬੀ ਨਿਭਾਵੇਗੀ ਅਤੇ ਸਰਕਾਰ ਦੇ ਚੰਗੇ-ਮਾੜੇ ਕੰਮਾਂ 'ਤੇ ਆਵਾਜ਼ ਬੁਲੰਦ ਕਰਦੀ ਰਹੇਗੀ।
ਦੱਸਣਯੋਗ ਹੈ ਕਿ ਭਗਵੰਤ ਮਾਨ ਨੂੰ ਜਲਾਲਾਬਾਦ ਤੋਂ 56771 ਵੋਟਾਂ ਹਾਸਲ ਹੋਈਆਂ ਹਨ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਬਾਦਲ 75271 ਵੋਟਾਂ ਹਾਸਲ ਕਰਕੇ ਜਿੱਤ ਦਰਜ ਕਰਨ 'ਚ ਕਾਮਯਾਬ ਰਹੇ ਸਨ। ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਚੋਣਾਂ 'ਚ 'ਆਪ' ਸਿਰਫ 20 ਸੀਟਾਂ ਹਾਸਲ ਕਰਨ 'ਚ ਕਾਮਯਾਬ ਹੋ ਸਕੀ ਹੈ।