ਚੰਡੀਗੜ੍ਹ, 27 ਫਰਵਰੀ, 2017 : ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਹੈ ਕਿ ਭਗਵੰਤ ਮਾਨ ਵਰਗੇ ਸ਼ਰਾਬੀ ਅਤੇ ਮਨਪ੍ਰੀਤ ਬਾਦਲ ਵਰਗੇ ਮੌਕਾਪ੍ਰਸਤ ਬੰਦਿਆਂ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਰਗੁਜ਼ਾਰੀ ਅਤੇ ਵਚਨਬੱਧਤਾ ਉੱਤੇ ਉਂਗਲ ਉਠਾਉਣਾ ਬਹੁਤ ਹੀ ਨਿੰਦਣਯੋਗ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਆਪ ਸਾਂਸਦ ਭਗਵੰਤ ਮਾਨ ਪੰਜਾਬ ਦੇ ਲੋਕਾਂ ਨੂੰ ਇਹ ਕਹਿ ਰਿਹਾ ਹੈ ਕਿ ਜੇ ਆਪ ਨੇ ਵਾਅਦੇ ਪੂਰੇ ਨਾ ਕੀਤੇ ਤਾਂ ਉਹਨਾਂ ਦੇ ਪੱਥਰ ਮਾਰੇ ਜਾਣ। ਉਹਨਾਂ ਕਿਹਾ ਕਿ ਮਾਨ ਨੂੰ ਆਪ ਦੀ ਸਰਕਾਰ ਬਣਨ ਦੇ ਸੁਫਨੇ ਲੈਣ ਦੀ ਥਾਂ ਸੰਗਰੂਰ ਦੇ ਲੋਕਾਂ ਤੋਂ ਪੱਥਰ ਖਾਣ ਲਈ ਤਿਆਰ ਰਹਿਣਾ ਚਾਹੀਦਾ ਹੈ, ਜਿਹਨਾਂ ਨੂੰ ਉਸ ਨੇ ਧੋਖਾ ਦਿੱਤਾ ਹੈ।ਉਸ ਨੇ ਸੰਗਰੂਰ ਵਾਸਤੇ ਕੁਝ ਵੀ ਨਹੀਂ ਕੀਤਾ। ਆਪ ਆਗੂ ਨੇ ਆਪਣੇ ਹਲਕੇ ਵਿਚ ਇੱਕ ਵੀ ਪ੍ਰਾਜੈਕਟ ਨਹੀਂ ਲਿਆਂਦਾ।
ਕੇਂਦਰੀ ਮੰਤਰੀ ਨੇ ਕਿਹਾ ਕਿ ਮਾਨ ਖੁਦ ਨੂੰ ਆਉਣ ਵਾਲੇ ਮੁੱਖ ਮੰਤਰੀ ਵਜੋਂ ਪੇਸ਼ ਕਰਨ ਲਈ ਪੂਰੀ ਵਾਹ ਲਾ ਰਿਹਾ ਹੈ। ਉਹ ਆਪਣੇ ਸਰੀਰ ਅੰਦਰੋਂ ਜ਼ਹਿਰੀਲੇ ਤੱਤਾਂ ਨੂੰ ਕਢਵਾਊਣ ਲਈ ਬੰਗਲੌਰ ਵੀ ਗਿਆ ਸੀ ਤਾਂ ਕਿ ਲੋਕਾਂ ਨੂੰ ਇਹ ਭੁਲੇਖਾ ਪੈ ਜਾਵੇ ਕਿ ਉਹ ਪੂਰੀ ਤਰ੍ਹਾਂ ਸੁਧਰ ਗਿਆ ਹੈ। ਉਹਨਾਂ ਕਿਹਾ ਕਿ ਮਾਨ ਨੂੰ ਜਿਹੜੇ ਮੁੱਖ ਮੰਤਰੀ ਬਣਨ ਦੇ ਭੁਲੇਖੇ ਪੈਣ ਲੱਗੇ ਹਨ, ਉਸ ਤੋਂ ਸੰਕੇਤ ਮਿਲਦਾ ਹੈ ਕਿ ਉਹ ਸ਼ਰਾਬ ਦੀ ਆਦਤ ਛੱਡ ਨਹੀਂ ਸਕਿਆ। ਉਲਟਾ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਬੀਮਾਰੀ ਹੋਰ ਗੰਭੀਰ ਹੋ ਗਈ ਹੈ। ਉਹਨਾਂ ਕਿਹਾ ਕਿ ਮਾਨ ਨੂੰ ਪੰਜਾਬ ਵਿਚ ਆਪਦੀ ਸਰਕਾਰ ਬਣਨ ਦੇ ਸੁਫਨੇ ਵੇਖਣ ਦੀ ਥਾਂ ਪਹਿਲਾਂ ਇਸ ਗੱਲ ਦੀ ਚਿੰਤਾ ਕਰਨੀ ਚਾਹੀਦੀ ਹੈ ਕਿ ਉਹ ਸੰਸਦ ਵਿਚ ਸ਼ਰਾਬ ਪੀ ਕੇ ਨਾ ਜਾਵੇ।
ਕਾਂਗਰਸੀ ਆਗੂ ਮਨਪ੍ਰੀਤ ਬਾਦਲ ਦੇ ਪ੍ਰਧਾਨ ਮੰਤਰੀ ਦੀ ਆਲੋਚਨਾ ਕਰਨ ਵਾਲੇ ਬਿਆਨ ਉੱਤੇ ਟਿੱਪਣੀ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਮਨਪ੍ਰੀਤ ਨੂੰ ਕਿਸੇ ਵੀ ਆਗੂ ਦਾ ਰਿਪੋਰਟ ਕਾਰਡ ਲਿਖਣ ਦਾ ਕੋਈ ਹੱਕ ਨਹੀਂ ਹੈ। ਬਤੌਰ ਵਿੱਤ ਮੰਤਰੀ ਉਹ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਇਆ ਸੀ। ਉਸ ਤੋਂ ਬਾਅਦ ਉਸਦਾ ਸਿਆਸੀ ਪਾਰਟੀ 'ਪੀਪਲਜ਼ ਪਾਰਟੀ ਆਫ ਪੰਜਾਬ' ਬਣਾਉਣ ਦਾ ਤਜਰਬਾ ਵੀ ਬੁਰੀ ਤਰ੍ਹਾਂ ਅਸਫਲ ਹੋ ਗਿਆ ਸੀ। ਅਕਾਲੀ ਦਲ ਛੱਡਣ ਮਗਰੋਂ ਉਹ ਇੱਕ ਵੀ ਚੋਣ ਨਹੀਂ ਜਿੱਤ ਸਕਿਆ। ਉਹ ਕਿਸ ਮੂੰਹ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅੱਧੀ ਮਿਆਦ ਤੱਕ ਦੀ ਕਾਰਗੁਜ਼ਾਰੀ ਉੱਤੇ ਟਿੱਪਣੀ ਕਰਦਾ ਹੈ ? ਨਰਿੰਦਰ ਮੋਦੀ ਨੇ ਹਰ ਖੇਤਰ ਵਿਚ ਕਾਮਯਾਬੀ ਨਾਲ ਦੇਸ਼ ਦੀ ਅਗਵਾਈ ਕੀਤੀ ਹੈ। ਉਹਨਾਂ ਕਿਹਾ ਕਿ ਮੋਦੀ ਜੀ ਖੁਦ ਇੱਕ ਗਰੀਬ ਪਰਿਵਾਰ ਨਾਲ ਸੰਬੰਧਿਤ ਰਹੇ ਹਨ, ਇਸ ਲਈ ਉਹਨਾਂ ਨੇ ਕੇਂਦਰ ਸਰਕਾਰ ਵੱਲੋਂ ਬਣਾਈਆਂ ਜਾਂਦੀਆਂ ਨੀਤੀਆਂ ਵਿਚ ਗਰੀਬ ਤਬਕੇ ਦਾ ਹਮੇਸ਼ਾਂ ਹੀ ਖਿਆਲ ਰੱਖਿਆ ਹੈ ਅਤੇ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਈਆਂ ਹਨ।
ਬੀਬੀ ਬਾਦਲ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਮਨਪ੍ਰੀਤ ਬਾਦਲ ਸਭ ਤੋਂ ਵੱਡਾ ਮੌਕਾਪ੍ਰਸਤ ਹੈ, ਜੋ ਕਿ ਆਪਣੇ ਲਾਲਚ ਲਈ ਕੁੱਝ ਵੀ ਕੁਰਬਾਨ ਕਰ ਸਕਦਾ ਹੈ। ਉਹਨਾਂ ਕਿਹਾ ਕਿ ਕਾਂਗਰਸ ਦਾ ਕਦੇ ਹੱਥ ਨਾ ਫੜਣ ਦੇ ਦਾਅਵੇ ਕਰਨ ਵਾਲਾ ਮਨਪ੍ਰੀਤ ਬਾਦਲ ਜਿਸ ਢੰਗ ਨਾਲ ਕਾਂਗਰਸ ਦੀ ਕੁੱਛੜ ਜਾ ਚੜ੍ਹਿਆ ਸੀ, ਉਸ ਤੋਂ ਇਹ ਗੱਲ ਸਾਬਿਤ ਹੋ ਗਈ ਸੀ। ਉਹਨਾਂ ਕਿਹਾ ਕਿ ਹੁਣ ਉਹ ਇੱਕ ਗਿਰਝ ਵਾਂਗ ਵਿਵਹਾਰ ਕਰ ਰਿਹਾ ਹੈ ਅਤੇ ਇਹ ਸੋਚ ਕੇ ਐਨਡੀਏੇ ਉੁੱਤੇ ਹਮਲੇ ਕਰ ਰਿਹਾ ਹੈ ਕਿ ਕਾਂਗਰਸ ਪੰਜਾਬ ਵਿਚ ਜਿੱਤ ਜਾਵੇਗੀ। ਉਹ ਸ਼ੇਖਚਿਲੀ ਵਾਲੇ ਸੁਫਨੇ ਲੈ ਰਿਹਾ ਹੈ। ਮਨਪ੍ਰੀਤ ਬਾਦਲ ਵਰਗੇ ਇਸ ਕਰਕੇ ਲੋਕਾਂ ਦੇ ਨੱਕੋ-ਬੁੱਲ੍ਹੋ ਉੱਤਰ ਜਾਂਦੇ ਹਨ, ਕਿਉਂਕਿ ਉਸ ਦੀ ਕੋਈ ਵਿਚਾਰਧਾਰਾ ਨਹੀ ਹੈ। ਉਹ ਜਿਹੜੀ ਥਾਲੀ 'ਚ ਖਾਂਦਾ ਹੈ, ਉਸੇ ਵਿਚ ਥੁੱਕਦਾ ਹੈ। ਅਜਿਹੇ ਬੰਦੇ ਜਨਤਾ ਵੱਲੋਂ ਬੁਰੀ ਤਰ੍ਹਾਂ ਨਕਾਰੇ ਜਾਂਦੇ ਹਨ।