ਬਠਿੰਡਾ, 28 ਫਰਵਰੀ, 2017 : ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 11 ਮਾਰਚ ਨੂੰ ਹੋਣ ਵਾਲੀਆਂ ਵੋਟਾਂ ਦੀ ਗਿਣਤੀ ਸਬੰਧੀ ਜ਼ਿਲ੍ਹਾ ਬਠਿੰਡਾ, ਸ਼੍ਰੀ ਮੁਕਤਸਰ ਸਾਹਿਰ ਅਤੇ ਫਾਜ਼ਿਲਕਾ ਦੇ ਸਮੂਹ ਚੋਣ ਅਧਿਕਾਰੀਆਂ ਦੀ ਸਿਖਲਾਈ ਅੱਜ ਇੱਥੇ ਡੀ.ਸੀ ਮੀਟਿੰਗ ਹਾਲ ਵਿਖੇ ਦਿੱਤੀ ਗਈ। ਇਸ ਦੌਰਾਨ ਤਿੰਨਾਂ ਜ਼ਿਲ੍ਹਿਆਂ ਦੇ ਸਾਰੇ ਰਿਟਰਨਿੰਗ ਅਧਿਕਾਰੀਆਂ ਅਤੇ ਸਹਾਇਕ ਰਿਟਰਨਿੰਗ ਅਧਿਕਾਰੀਆਂ ਨੂੰ ਵੋਟਾਂ ਦੀ ਗਿਣਤੀ ਮੌਕੇ ਅਪਣਾਈ ਜਾਣ ਵਾਲੀ ਸਮੁੱਚੀ ਪ੍ਰਕਿਰਿਆ ਬਾਰੇ ਵਿਸਥਾਰ ਵਿੱਚ ਸਿਖਲਾਈ ਦਿੱਤੀ ਗਈ।
ਇਹ ਸਿਖਲਾਈ ਮਾਸਟਰ ਟ੍ਰੇਨਰ ਐਸ.ਡੀ.ਐਮ. ਖੰਨਾ ਸ਼੍ਰੀ ਅਮਿਤ ਬਾਂਬੀ, ਜ਼ਿਲ੍ਹਾ ਕੁਲੈਕਟਰ ਡਰੇਨੇਜ ਸ਼੍ਰੀ ਰਾਜੇਸ਼ ਤ੍ਰਿਪਾਠੀ ਅਤੇ ਐਸ.ਐਲ.ਏ. ਸ਼੍ਰੀ ਪਰਮਜੀਤ ਸਿੰਘ ਨੇ ਦਿੱਤੀ। ਜਾਣਕਾਰੀ ਦਿੰਦਿਆਂ ਮਾਸਟਰ ਟ੍ਰੇਨਰ ਸ਼੍ਰੀ ਰਾਜੇਸ਼ ਤ੍ਰਿਪਾਠੀ ਨੇ ਦੱਸਿਆ ਕਿ ਗਿਣਤੀ ਪ੍ਰਕਿਰਿਆ ਦੀ ਵੀਡੀਓ ਰਿਕਾਰਡਿੰਗ ਕੀਤੀ ਜਾਵੇਗੀ। ਉਨ੍ਹਾਂ ਪਾਵਰ ਪੁਆਇੰਟ ਪ੍ਰਜੈਂਟੇਸ਼ਨ ਦੇ ਰਾਹੀਂ ਅਧਿਕਾਰੀਆਂ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਇਲੈਕਟਰੋਨਿਕ ਵੋਟਿੰਗ ਮਸ਼ੀਨਾਂ ਤੇ ਵੀ.ਵੀ.ਪੈਟ ਮਸ਼ੀਨਾਂ ਨੂੰ ਗਿਣਤੀ ਕੇਂਦਰ ਵਿੱਚ ਲਿਆਉਣ, ਰਾਊਂਡ ਵਾਈਜ਼ ਨਤੀਜਾ ਘੋਸ਼ਿਤ ਕਰਨ, ਸਮੁੱਚੀ ਪ੍ਰਕਿਰਿਆ ਦੀ ਵੀਡੀਓ ਰਿਕਾਰਡਿੰਗ ਕਰਵਾਉਣ, ਗਿਣਤੀ ਕੇਂਦਰਾਂ ਵਿੱਚ ਦਾਖਲੇ ਲਈ ਅਧਿਕਾਰਤ ਵਿਅਕਤੀਆਂ, ਪੋਸਟਲ ਬੈਲਟ ਦੀ ਗਿਣਤੀ, ਮੀਡੀਆ ਸੈਂਟਰ ਸਮੇਤ ਹੋਰ ਅਹਿਮ ਜਾਣਕਾਰੀ ਮੁਹੱਈਆ ਕਰਵਾਈ ਗਈ। ਮਾਸਟਰ ਟਰੇਨਰਾਂ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਦੌਰਾਨ ਮੌਜੂਦ ਹਰੇਕ ਵਿਅਕਤੀ ਕੋਲ ਲਾਜ਼ਮੀ ਤੌਰ 'ਤੇ ਚੋਣ ਕਮਿਸ਼ਨ ਵਲੋਂ ਜਾਰੀ ਸ਼ਨਾਖਤੀ ਕਾਰਡ ਹੋਣ ਜ਼ਰੂਰੀ ਹੈ, ਗਿਣਤੀ ਕੇਂਦਰਾਂ 'ਚ ਮੋਬਾਇਲ ਫੋਨ ਲੈ ਕੇ ਜਾਣ ਦੀ ਸਖ਼ਤ ਮਨਾਹੀ ਹੈ ਅਤੇ ਹਰੇਕ ਪ੍ਰਕਿਰਿਆ ਨੂੰ ਪੂਰੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹਾਇਆ ਜਾਵੇ।
ਉਨ੍ਹਾਂ ਦੱਸਿਆ ਕਿ ਵੱਖ-ਵੱਖ ਜ਼ਿਲ੍ਹਿਆਂ 'ਚ ਗਿਣਤੀ ਵਾਲੇ ਕੇਂਦਰਾਂ ਦੀ ਸਥਾਪਨਾ ਕਰ ਦਿੱਤੀ ਗਈ ਹੈ। ਅਫ਼ਸਰਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ ਮੁਕੰਮਲ ਤਿਆਰੀਆਂ ਦਾ ਜਾਇਜ਼ਾ ਇੱਕ ਹਫ਼ਤਾ ਪਹਿਲਾਂ ਲੈ ਲੈਣ ਤਾਂ ਜੋ ਕਿਸੇ ਵੀ ਪ੍ਰਕਾਰ ਦੀ ਉਣਤਾਈ ਨਾ ਹੋਵੇ। ਇਸ ਮੌਕੇ ਬਠਿੰਡਾ, ਸ਼੍ਰੀ ਮੁਕਤਸਰ ਸਾਹਿਰ ਅਤੇ ਫਾਜ਼ਿਲਕਾ ਦ ਰਿਟਰਨਿੰਗ ਅਫ਼ਸਰ, ਸਹਾਇਕ ਰਿਟਰਨਿੰਗ ਅਫ਼ਸਰ, ਅਤੇ ਸਬੰਧਤ ਸਟਾਫ਼ ਮੌਜੂਦ ਸੀ।